7 ਦੇਸ਼ਾਂ ‘ਤੇ ਪਾਬੰਦੀ ਵਾਲਾ ਟਰੰਪ ਦਾ ਆਦੇਸ਼ ਬਰਕਰਾਰ, ਗਰੀਨ ਕਾਰਡ ਧਾਰਕਾਂ ਨੂੰ ਮਿਲੇਗੀ ਛੋਟ

7 ਦੇਸ਼ਾਂ ‘ਤੇ ਪਾਬੰਦੀ ਵਾਲਾ ਟਰੰਪ ਦਾ ਆਦੇਸ਼ ਬਰਕਰਾਰ, ਗਰੀਨ ਕਾਰਡ ਧਾਰਕਾਂ ਨੂੰ ਮਿਲੇਗੀ ਛੋਟ
ਕੈਪਸ਼ਨ-ਬ੍ਰੱਸਲਜ਼ (ਬੈਲਜੀਅਮ) ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਦੌਰੇ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਵਿਖਾਵਾ ਕਰ ਰਹੇ ਲੋਕ।

ਵਾਸ਼ਿੰਗਟਨ/ਬਿਊਰੋ ਨਿਊਜ਼ :
7 ਮੁਸਲਮਾਨ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲੇ ‘ਤੇ ਰੋਕ ਦੇ ਆਦੇਸ਼ਾਂ ਮਗਰੋਂ ਚਾਰੇ ਪਾਸੇ ਹੋਈ ਆਲੋਚਨਾ ਦੇ ਬਾਵਜੂਦ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਫ਼ੈਸਲੇ ਤੋਂ ਪਿਛੇ ਹਟਣ ਲਈ ਬਿਲਕੁਲ ਤਿਆਰ ਨਹੀਂ ਹਨ। ਹਾਂ, ਉਨ੍ਹਾਂ ਨੇ ਇਸ ਵਿਚ ਏਨੀ ਸੋਧ ਜ਼ਰੂਰ ਕੀਤਾ ਹੈ ਕਿ ਨਵੇਂ ਆਦੇਸ਼ ਤਹਿਤ ਉਨ੍ਹਾਂ ਯਾਤਰੀਆਂ ਨੂੰ ਛੋਟ ਹੋਵੇਗੀ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਅਮਰੀਕਾ ਦੀ ਯਾਤਰਾ ਦਾ ਵੀਜ਼ਾ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐਚਐਸ) ਨੇ ਅਜਿਹੀਆਂ ਵਿਆਪਕ ਸੇਧਾਂ ਦਾ ਖਰੜਾ ਤਿਆਰ ਕੀਤਾ ਹੈ, ਜਿਨ੍ਹਾਂ ਤਹਿਤ ਮੁਲਕ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਨਾ ਸਿਰਫ਼ ਬੰਦੀ ਬਣਾਇਆ ਜਾ ਸਕੇਗਾ, ਸਗੋਂ ਉਨ੍ਹਾਂ ਦੇ ਵਤਨ ਵਾਪਸ ਵੀ ਭੇਜਿਆ ਜਾ ਸਕੇਗਾ। ਜਾਣਕਾਰੀ ਮੁਤਾਬਕ ਘਰੇਲੂ ਸੁਰੱਖਿਆ ਮੰਤਰੀ ਜੌਹਨ ਕੈਲੀ ਨੇ ਇਸ ਸਬੰਧੀ ਦਸਤਾਵੇਜ਼ਾਂ ਉਤੇ ਸਹੀ ਪਾ ਦਿੱਤੀ ਹੈ।
ਇਨ੍ਹਾਂ ਹੁਕਮਾਂ ਦਾ ਮਕਸਦ ਮੁਲਕ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗ਼ੈਰਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਲਈ ਜਾਰੀ ਹਦਾਇਤਾਂ ਨੂੰ ਅਮਲ ਵਿੱਚ ਲਿਆਉਣਾ ਹੈ। ਸ੍ਰੀ ਕੈਲੀ ਵਲੋਂ ਜਾਰੀ ਹੁਕਮਾਂ ਤਹਿਤ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਵਾਧੂ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਨਾਲ ਹੀ ਫ਼ੌਰੀ ਵਾਪਸ ਭੇਜੇ ਜਾਣ ਲਈ ਚੁਣੇ ਜਾਣ ਵਾਲੇ ਪਰਵਾਸੀਆਂ ਦੀ ਤਰਜੀਹੀ ਸੂਚੀ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣਗੇ।

ਟਾਈਮ ਸਕੇਅਰ ‘ਤੇ ਟਰੰਪ ਖ਼ਿਲਾਫ਼ ਇਕਜੁਟਤਾ ਰੈਲੀ ‘ਚ ਹਜ਼ਾਰਾਂ ਲੋਕਾਂ ਨੇ ਕਿਹਾ- ਮੈਂ ਵੀ ਮੁਸਲਮਾਨ ਹਾਂ
ਨਿਊ ਯਾਰਕ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਆਵਾਸ ਨੀਤੀਆਂ ਖ਼ਿਲਾਫ਼ ਵਿਰੋਧ ਜਤਾਉਣ ਤੇ ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਇਰਾਦੇ ਨਾਲ ਇਥੋਂ ਦੇ ਟਾਈਮਜ਼ ਸਕੁਏਅਰ ਵਿੱਚ ਕੀਤੀ ਰੈਲੀ ਵਿੱਚ ਜੁੜੇ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿਚ ਵੱਖੋ ਵੱਖ ਧਰਮਾਂ ਤੇ ਫ਼ਿਰਕਿਆਂ ਦੇ ਲੋਕ ਸ਼ਾਮਲ ਸਨ, ਨੇ ਇਕਸੁਰ ਹੋ ਕੇ ‘ਮੈਂ ਵੀ ਮੁਸਲਮਾਨ ਹਾਂ’ ਦਾ ਨਾਅਰਾ ਦਿੱਤਾ ਹੈ। ‘ਨਸਲੀ ਸਮਝ (ਐਥਨਿਕ ਅੰਡਰਸਟੈਂਡਿੰਗ) ਬਾਰੇ ਫਾਊਂਡੇਸ਼ਨ’ ਤੇ ‘ਦਿ ਨੁਸਨਤਾਰਾ ਫਾਊਂਡੇਸ਼ਨ’ ਵੱਲੋਂ ਵਿਉਂਤੀ ਇਸ ਰੈਲੀ ਦਾ ਮੁੱਖ ਮੰਤਵ ਟਰੰਪ ਵੱਲੋਂ 7 ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ‘ਤੇ ਲਾਈ ਆਵਾਸ ਦੀ ਪਾਬੰਦੀ ਵਾਲੇ ਹੁਕਮਾਂ (ਜੋ ਕਿ ਹੁਣ ਮਨਸੂਖ਼ ਹਨ) ਮਗਰੋਂ ਬਣੀ ਬੇਯਕੀਨੀ ਤੇ ਤੌਖ਼ਲਿਆਂ ਨੂੰ ਦੂਰ ਕਰਨਾ ਸੀ।
‘ਮੈਂ ਵੀ ਮੁਸਮਾਨ ਹਾਂ’ ਨਾਂ ਦੀ ਇਸ ਇਕਜੁੱਟਤਾ ਰੈਲੀ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੇ ‘ਲਵ ਟਰੰਪਜ਼ ਹੇਟ’, ‘ਯੂਐਸਏ ਯੂਐਸਏ’ ਤੇ ‘ਨੋ ਮੁਸਲਿਮ ਬੈਨ’ ਦੀਆਂ ਤਖ਼ਤੀਆਂ ਚੁੱਕ ਕੇ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਨਿਊ ਯਾਰਕ ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਕਿ ਅਮਰੀਕਾ ਦੀ ਨੀਂਹ ਹਰ ਧਰਮ ਤੇ ਸ਼ਰਧਾ ਦਾ ਸਤਿਕਾਰ ਕੀਤੇ ਜਾਣ ਲਈ ਰੱਖੀ ਗਈ ਸੀ ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਬਣੀ ਰੂੜੀਵਾਦੀ ਸੋਚ ਨੂੰ ਮਿਟਾਉਣਾ ਸਮੇਂ ਦੀ ਲੋੜ ਹੈ। ਮੇਅਰ ਨੇ ਕਿਹਾ, ‘ਤੁਸੀਂ ਕਿਸੇ ਵੀ ਪਿਛੋਕੜ ਜਾਂ ਧਰਮ ਨਾਲ ਸਬੰਧਤ ਹੋਵੋ ਜਾਂ ਤੁਸੀਂ ਕਿਤੇ ਵੀ ਜਨਮ ਲਿਆ ਹੋਵੇ, ਤੁਸੀਂ ਇਸ ਗੱਲ ਦਾ ਖ਼ਿਆਲ ਰੱਖਣਾ ਹੈ ਕਿ ਇਹ ਤੁਹਾਡਾ ਸ਼ਹਿਰ ਤੇ ਤੁਹਾਡਾ ਮੁਲਕ ਹੈ।’ ਨਿਊ ਯਾਰਕ ਪੁਲੀਸ ਵਿਭਾਗ ਵਿੱਚ ਕੰਮ ਕਰ ਰਹੇ 900 ਮੁਸਲਿਮ ਮੈਂਬਰਾਂ ਨੂੰ ਸਲਾਹੁਦਿਆਂ ਮੇਅਰ ਨੇ ਕਿਹਾ ਕਿ ਵਿਸ਼ਵ ਦੇ 1.6 ਅਰਬ ਮੁਸਲਿਮ ਸ਼ਾਂਤੀ ਪਸੰਦ ਹਨ ਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੀ ਫ਼ਿਕਰ ਹੈ। ਆਪਣੀ ਤਕਰੀਰ ਦੇ ਆਖਰ ਵਿਚ ਬਲਾਸੀਓ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਰੂੜੀਵਾਦੀਆਂ ਨੂੰ ਸਾਨੂੰ ਦੂਰ ਕਰਨਾ ਹੋਵੇਗਾ। ਉੱਘੇ ਸਿੱਖ ਅਮਰੀਕੀ ਬੁਲਾਰੇ ਤੇ ਕਾਰਕੁਨ ਸਿਮਰਨ ਜੀਤ ਸਿੰਘ ਨੇ ਕਿਹਾ ਕਿ ਉਹ ਰੈਲੀ ਨੂੰ ਇਸ ਲਈ ਹਮਾਇਤ ਦੇ ਰਹੇ ਹਨ ਕਿਉਂਕਿ ‘ਇਕ ਸਿੱਖ ਹੋਣ ਨੇ ਨਾਤੇ ਉਹ ਭਲੀ-ਭਾਂਤ ਜਾਣਦੇ ਹਨ ਕਿ ਪੱਖਪਾਤ ਤੇ ਧੱਕਾ ਹੋਣ ‘ਤੇ ਕਿਵੇਂ ਲੱਗਦਾ ਹੈ। ਅਸੀਂ ਅਜਿਹਾ ਮੁਲਕ ਚਾਹੁੰਦੇ ਹਾਂ ਜੋ ਕਿ ਸਭ ਨੂੰ ਸਵੀਕਾਰਯੋਗ ਤੇ ਸਹਿਣਯੋਗ ਹੋਵੇ।’