ਵੱਡਾ ਘਲੂਘਰਾ

ਵੱਡਾ ਘਲੂਘਰਾ

ਵਿਚਾਰ ਆਪੋ ਅਪਣੇ 
ਪਾਠਕਾਂ ਦੀ ਸੱਥ

ਪ੍ਰਮਿੰਦਰ ਸਿੰਘ ਪ੍ਰਵਾਨਾ (ਫੋਨ: 510-781-0487)

ਸਿੱਖ ਇਤਿਹਾਸ ਦਾ ਹਰ ਪੰਨਾ ਲਾਸ਼ਾਨੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਮੁਗਲ ਸ਼ਾਸ਼ਕਾ ਨੇ ਜਬਰੀ ਧਰਮ ਤਬਦੀਲ ਕਰਵਾਉਣ ਦੇ ਇਰਾਦੇ ਨਾਲ ਜੁਲਮ ਢਾਏ। ਅੱਗੋਂ ਸਿੱਖਾਂ ਨੇ ਅਜਿਹੀ ਸ਼ਿਦਤ ਨਾਲ ਹਰ ਅਤਿਆਚਾਰ ਪਿੰਡੇ ਤੇ ਹੰਡਾ ਕੇ ਆਪਣੇ ਨਿਸਚੈ ਵਿਚ ਪਾ ਕੇ ਰਹਿ ਕੇ ਜੁਲਮ ਦੇ ਥੰਮ ਹਿਲਾ ਦਿੱਤੇ। ਇਨ੍ਹਾਂ ਘਲੂਘਾਰਿਆਂ ਵਿਚ ‘ਵੱਡਾ ਘਲੂਘਰਾ’ ਵੀ ਵਾਪਰਿਆ।  ਅਫਗਾਨੀ ਹਮਲਾਵਰਾਂ ਦਾ ਸਿੱਖਾਂ ਨੂੰ ਖਤਮ ਕਰਨ ਦਾ ਖੂਨੀ ਇਰਾਦਾ ਸੀ। ਸਿੱਖਾਂ ਦਾ ਕਤਲੇਆਮ ਦੋ ਦਹਾਕੇ ਚਲਦਾ ਰਿਹਾ। ਸੰਨ 1746 ਦੇ ਹੋਏ ”ਛੋਟੇ ਘਲੂਘਾਰੇ” ਤੋਂ ਬਾਅਦ ਵੱਡੇ ਪੱਧਰ ਤੇ ਹੋਏ ਕਤਲੇਆਮ ਨੂੰ ”ਵੱਡਾ ਘਲੂਘਰਾ” ਕਿਹਾ ਜਾਣ ਲੱਗਾ। ਗੁਰਦੁਆਰਾ ਵੱਡਾ ਘਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿਚ ਸਥਿਤ ਹੈ। ਘਲੂਘਰਾ ਸ਼ਬਦ ਅਫ਼ਗਾਨੀ ਬੋਲੀ ਤੋਂ ਆਇਆ ਹੈ ਜਿਸ ਅਨੁਸਾਰ ਸਭ ਕੁਝ ਤਬਾਹ ਕਰ ਦੇਣਾ ਹੈ।
ਵੱਡਾ ਘਲੂਘਾਰਾ ਸੰਨ 1762 ਨੂੰ ਪਿੰਡ ਕੁਪ-ਰਹੀੜੇ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿਚੋਂ ਹੁੰਦਾ ਹੋਇਆ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖਤਮ ਹੋਇਆ। ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਵਾਨੀ ਦੀ ਉਮਰ ਵਿਚ ਹੀ ਸ਼ਾਸ਼ਕ ਬਣ ਬੈਠਾ ਸੀ। ਉਸ ਵਿਚ ਆਪਣੇ ਰਾਜ ਨੂੰ ਵਧਾਉਣ ਦਾ ਜੋਸ਼ ਸੀ। ਇਸੇ ਹੰਕਾਰ ਵਸ ਉਸਨੇ ਭਾਰਤ ਤੇ 10 ਧਾੜਵੀ ਹਮਲੇ ਕੀਤੇ। ਇਹ ਛੇਵਾਂ ਹਮਲਾ ਸੀ। ਸੰਨ 1761 ਵਿਚ ਮਰਹੱਟਿਆਂ ਦੀ ਬਹਾਦਰ ਫੌਜ ਨੂੰ ਪਾਣੀਪਤ ਦੀ ਫੈਸਲਾਕੁਨ ਲੜਾਈ ਵਿਚ ਹਰਾਉਣ ਤੋਂ ਬਾਅਦ ਉਸਦੇ ਹੌਸਲੇ ਬੁਲੰਦ ਸਨ। ਅਬਦਾਲੀ ਜਦੋਂ ਦਿੱਲੀ ਤੋਂ ਪਰਤ ਰਿਹਾ ਸੀ ਤਾਂ ਲੁੱਟ ਦੇ ਸਾਮਾਨ ਦੇ ਨਾਲ ਹੀ ਔਰਤਾਂ ਨੂੰ ਵੀ ਇਜੜ ਵਾਂਗ ਹੱਕ ਕੇ ਲੈ ਜ਼ਾਂਦਾ ਘਰਾਂ ਦਾ ਸਮਾਨ ਗਹਿਣਾ ਗਟਾ ਲੁੱਟ ਕੇ ਲੈ ਜਾਂਦਾ । ਤਦ ਕਿਹਾ ਜ਼ਾਂਦਾ ਸੀ ਕਿ ”ਖਾਧਾ ਪੀਤੇ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ” ਜਾਂ ”ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” । ਇਹ ਸਿੰਘ ਹੀ ਸਨ ਜੋ ਤੁਰਕਾਂ ਨੂੰ ਵੰਗਾਰਦੇ ਸਨ। ਉਨ੍ਹਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ, ਝਨਾਂ ਤੇ ਰਾਵੀ ਦਰਿਆਵਾਂ ਤੇ ਰਹਿ ਰਾਹੇ ਪਾਇਆ ਸੀ। ਜਦੋਂ ਸਿੰਘਾਂ ਦੀ ਟਕਰ ਹੁੰਦੀ ਤਾਂ ਉਹ ਔਰਤਾਂ ਨੂੰ ਛੁਡਾ ਕੇ ਘਰਾਂ ਵਿਚ ਛਡ ਆਉਂਦੇ ਪਰ ਘੋੜੇ ਅਤੇ ਮਾਲ ਖਜ਼ਾਨਾ ਆਪ ਰੱਖ ਲੈਂਦੇ ਸਨ। ਅਬਦਾਲੀ ਨੇ ਮਤਾ ਪਕਾਇਆ ਕਿ ਸਿੰਘਾਂ ਨੂੰ ਪੱਕੇ ਪੈਰੀਂ ਤਿਆਰੀ ਨਾਲ ਸਬਕ ਸਿਖਾਇਆ ਜਾਵੇ।
1761 ਦੀ ਦੀਵਾਲੀ ਤੋਂ ਬਾਅਦ ਸਿੰਘਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਉਦੋਂ ਹੀ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ ਉਲ ਕੌਮ’ ਦਾ ਖਿਤਾਬ ਦਿੱਤਾ ਗਿਆ। ਉਦੋਂ ਹੀ ਸਿੰਘਾਂ ਨੂੰ ਪਤਾ ਲੱਗਾ ਕਿ ਅਬਦਾਲੀ ਵੱਡੀ ਫੌਜ਼ ਲੈ ਕੇ ਹਮਲਾ ਕਰ ਰਿਹਾ ਹੈ। ਸਿੰਘਾਂ ਨੇ ਕਾਫਲਾ ਬਣਾ ਕੇ ਬੱਚੇ, ਬੁੱਢੇ ਤੇ ਔਰਤਾਂ ਨੂੰ ਬੀਕਾਨੇਰ ਦੇ ਜੰਗਲਾਂ ਵਿਚ ਭੇਜ ਦਿੱਤਾ। ਸਿੰਘਾਂ ਨੇ ਤਿਆਰੀ ਫੜ ਲਈ ਜਿੱਥੇ ਜਿੱਥੇ ਵੀ ਸਿੰਘਾਂ ਨੂੰ ਹਮਲੇ ਦਾ ਪਤਾ ਲੱਗਾ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਸਿੰਘ ਸਤਲੁਜ ਪਾਰ ਕਰ ਕੇ ਅਹਿਮਦਗੜ੍ਹ ਮੰਡੀ ਕੋਲ ਪਹੁੰਚ ਗਏ। ਰਾਤ ਕਟਣ ਲਈ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੋਹੀੜੇ ਦਰਖਤਾਂ ਅਤੇ ਝਾੜੀਆਂ ਦੀ ਆੜ ਵਿਚ ਇਕੱਠੇ ਹੋ ਗਏ।
ਨਵਾਬ ਮਲੇਰ ਕੋਟਲਾ ਜੈਨ ਖਾਨ ਵੀ ਮੁਗਲ ਫੌਜ ਲੈ ਕੇ ਆ ਗਿਆ। ਇਕੱਠੇ ਹੋਏ ਸਿੰਘਾਂ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ। ਪਹਿਲਾਂ ਤਾਂ ਸਿੰਘਾਂ ਨੂੰ ਪਤਾ ਹੀ ਨਾ ਲੱਗਾ ਪਰ ਛੇਤੀ ਸੰਭਲ ਗਏ। ਸਿੰਘ ਬਾਜ਼ ਦੀ ਤਰ੍ਹਾਂ ਵੈਰੀ ਉਤੇ ਝੜਪ ਪਏ। ਉਹ ਜਿਹੜੇ ਵੀ ਹਾਲ ਵਿਚ ਸਨ ਜਿਹੜਾ ਵੀ ਹਥਿਆਰ ਉਨ੍ਹਾਂ ਦੇ ਹੱਥ ਆਇਆ ਮੁਕਾਬਲਾ ਕਰਨ ਲੱਗੇ। ਸਿੰਘਾਂ ਨੇ ਜਾਣ ਲਿਆ ਸੀ ਕਿ ਦੁਸ਼ਮਣ ਤੋਂ ਬਚਣਾ ਮੁਸ਼ਕਲ ਹੈ ਇਸ ਲਈ ਜੂਝ ਕੇ ਲੜਨਾ ਹੀ ਬੇਹਤਰ ਹੈ। ਰੋਹ ਵਿਚ ਆ ਕੇ ਸਿੰਘ ਬੜੇ ਜੋਸ਼ ਨਾਲ ਮੁਕਾਬਲਾ ਕਰਦੇ ਗਏ। ਚੜ੍ਹਤ ਸਿੰਘ ਸ਼ੁਕਰਚਕੀਆ ਜਥੇਦਾਰ ਜੱਸਾ ਸਿੰਘ, ਰਾਮ ਸਿੰਘ, ਬਘੇਲ ਸਿੰਘ ਅਤੇ ਸ਼ੇਰ ਸਿੰਘ ਸਮੇਤ ਸਿੰਘ ਬਚਦੇ ਬਚਾਉਂਦੇ ਇੰਨੀ ਬਹਾਦਰੀ ਨਾਲ ਲੜੇ। ਸਿੰਘ ਜ਼ਖ਼ਮੀ ਹੁੰਦੇ ਵੀ ਦੁਸ਼ਮਣ ਤੇ ਵਾਰ ਕਰੀ ਜ਼ਾਂਦੇ। ਸਿੰਘ ਪੂਰਾ ਤਾਣ ਲਾ ਕੇ ਲੜੇ। ਅਬਦਾਲੀ ਦੀ ਫੌਜ਼ ਵੀ ਵੱਡੀ ਗਿਣਤੀ ਵਿਚ ਮਾਰੀ ਜਾ ਰਹੀ ਸੀ।
ਇਸ ਘਮਸਾਨ ਯੁੱਧ ਵਿਚ ਅਬਦਾਲੀ ਦੇ ਪੈਰ ਖਿਸਕ ਗਏ। ਇਕ ਪਾਸੇ ਤਨਖਾਹੀ ਫੌਜੀ ਦੂਸਰੇ ਪਾਸੇ ਸਿਰ ਤਲੀ ਤੇ ਧਰ ਕੇ ਲੜਨ ਵਾਲੇ ਸਿੰਘ ਸਨ ਜਿਨ੍ਹਾਂ ਨੇ ਅਬਦਾਲੀ ਦੇ ਵੱਡੇ ਵੱਡੇ ਜਰਨੈਲ ਭਜਾ ਦਿੱਤੇ। ਅਬਾਦਲੀ ਦੇ ਜਰਨੈਲ, ਜੋ ਝਾੜੀਆਂ ਵਿਚ ਲੁਕ ਕੇ ਜਾਨ ਬਚਾ ਰਹੇ ਸਨ, ਸੋਚ ਰਹੇ ਸਨ ਕਿ ਇਹ ਆਦਮੀ ਹਨ ਜਾਂ ਫੌਲਾਦ। ਸਿੰਘਾਂ ਨੇ ਹਰ ਪਾਸੇ ਚਟਾਨ ਵਾਂਗ ਖੜੋ ਕੇ ਸਖ਼ਤ ਮੁਕਾਬਲਾ ਕੀਤਾ। ਸਿੰਘਾਂ ਨੇ ਅਬਦਾਲੀ ਦੇ ਚੋਟੀ ਦੇ ਫੌਜ਼ੀਆਂ ਨੂੰ ਖਤਮ ਕਰ ਦਿੱਤਾ ਸੀ। ਸਿੰਘ ਲੜਦੇ ਲੜਦੇ ਰੁਤਬਾ ਬਾਹਮਣੀਆਂ ਤੱਕ ਪਹੁੰਚ ਗਏ। ਤੁਰਕ ਮਲੇਰਕੋਟਲਾ ਮੁੜ ਗਏ। ਖਿੰਡੇ-ਪੁੰਡੇ ਸਿੰਘ ਇਕੱਠੇ ਹੋ ਕੇ ਬਰਨਾਲਾ ਚਲੇ ਗਏ। ਇਸ ‘ਵੱਡੇ ਘਲੂਘਾਰੇ ਦੀ ਘਸਮਾਨ ਦੀ ਲੜਾਈ ਵਿਚ ਇਤਿਹਾਸਕਾਰਾਂ ਅਨੁਸਾਰ ਲਗਭਗ 30, ਹਜ਼ਾਰ ਸਿੰਘ ਸ਼ਹੀਦ ਹੋਏ। ਪਰ ਤੁਰਕਾਂ ਨੇ ਜਾਣ ਲਿਆ ਸੀ, ਸਿੰਘਾਂ ਨਾਲ ਟੱਕਰ ਲੈਣੀ ਆਸਾਨ ਨਹੀਂ ਹੈ। ਅਗਲੇ ਸਾਲ 1763 ਵਿਚ ਸਿੰਘਾਂ ਨੇ ਸਰਹਿੰਦ ਜਿੱਤ ਲਈ ਅਤੇ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਭਜਾ ਦਿੱਤਾ।