ਮੈਂ ਜੁੱਤਾ ਮਾਰਨ ਦੀ ਗੱਲ ਕਰਨ ਵਾਲਿਆਂ ਖ਼ਿਲਾਫ਼ ਹਾਂ…

ਮੈਂ ਜੁੱਤਾ ਮਾਰਨ ਦੀ ਗੱਲ ਕਰਨ ਵਾਲਿਆਂ ਖ਼ਿਲਾਫ਼ ਹਾਂ…

ਜਿਹੜੇ ਪ੍ਰਧਾਨ ਮੰਤਰੀ ਢਾਈ ਸਾਲਾਂ ਵਿਚ ਇਕ ਲੋਕਪਾਲ ਨਿਯੁਕਤ ਨਹੀਂ ਕਰ ਸਕੇ, ਉਹ ਕਾਲੇ ਧਨ ਨਾਲ ਲੜਨ ਲਈ ਇਕ ਲੱਖ ਲੋਕਾਂ ਨੂੰ ਲਾਉਣ ਦੀ ਗੱਲ ਕਰ ਰਹੇ ਹਨ। ਤਾਂ ਇਹ ਗੱਲ ਹਰ ਦੀਵਾਰ ‘ਤੇ ਲਿਖੀ ਹੋਣੀ ਚਾਹੀਦੀ ਹੈ। ਆਮਦਨ ਵਿਭਾਗ ਨੂੰ ਵੈਸੇ ਹੀ 20,000 ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜ਼ਰੂਰਤ ਹੈ।
ਰਵੀਸ਼ ਕੁਮਾਰ
”ਭੈਣੋ ਅਤੇ ਭਰਾਵੋ, ਮੈਂ ਦੇਸ਼ ਤੋਂ ਸਿਰਫ਼ 50 ਦਿਨ ਮੰਗੇ ਹਨ, 50 ਦਿਨ। 30 ਦਸੰਬਰ ਤਕ ਮੈਨੂੰ ਮੌਕਾ ਦਿਓ। ਭੈਣੋ-ਭਰਾਵੋ ਜੇਕਰ 30 ਦਸੰਬਰ ਦੀ ਰਾਤ ਮੇਰੀ ਕੋਈ ਕਮੀ ਰਹਿ ਜਾਵੇ, ਕੋਈ ਮੇਰੀ ਗ਼ਲਤੀ ਨਿਕਲ ਜਾਵੇ, ਕੋਈ ਮੇਰਾ ਗ਼ਲਤ ਇਰਾਦਾ ਨਿਕਲ ਜਾਵੇ, ਤੁਸੀਂ ਜਿਸ ਚੌਰਾਹੇ ‘ਤੇ ਮੈਨੂੰ ਖੜ੍ਹਾ ਕਰੋਗੇ, ਮੈਂ ਖੜ੍ਹਾ ਹੋ ਕੇ ਦੇਸ਼ ਜੋ ਸਜ਼ਾ ਕਰੇਗਾ, ਉਹ ਸਜ਼ਾ ਭੁਗਤਨ ਲਈ ਤਿਆਰ ਹਾਂ…।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਟੁਕੜਾ ਇਸ ਲਈ ਅੱਖਰ-ਅੱਖਰ ਲਿਖ ਰਿਹਾ ਹਾਂ, ਕਿਉਂਕਿ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਲੋਕਾਂ ਦੀ ਜ਼ੁਬਾਨ ‘ਤੇ ਕਿਤੋਂ ਜੁੱਤਾ ਆ ਗਿਆ ਹੈ। ਕਈ ਲੋਕਾਂ ਦੀ ਟਿੱਪਣੀ ਵਿਚ ਦੇਖਿਆ ਕਿ ਇਹ 50 ਦਿਨ ਮਗਰੋਂ ਕਿਸੇ ਚੌਰਾਹੇ ਦੀ ਸਜ਼ਾ ਲਈ ਜੁੱਤਾ ਮੁਕੱਰਰ ਕਰਨਾ ਚਾਹੁੰਦੇ ਹਨ। ਮੈਨੂੰ ਲੱਗਾ, ਪ੍ਰਧਾਨ ਮੰਤਰੀ ਨੇ ਹੀ ਜੁੱਤੇ ਦਾ ਜ਼ਿਕਰ ਕੀਤਾ ਹੋਵੇਗਾ, ਇਸ ਲਈ ਉਨ੍ਹਾਂ ਦੇ ਬਿਆਨ ਨੂੰ ਠੀਕ ਤਰ੍ਹਾਂ ਸੁਣਨ ਲੱਗਾ। ਤੁਸੀਂ ਵੀ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਭਾਸ਼ਣ ਦੇ ਇਸ ਟੁੱਕੜੇ ਵਿਚ ਜੁੱਤੇ ਦਾ ਜ਼ਿਕਰ ਨਹੀਂ ਹੈ। ਫਿਰ 50 ਦਿਨ ਮਗਰੋਂ ਚੌਰਾਹੇ ‘ਤੇ ਸਜ਼ਾ ਦੇਣ ਲਈ ਨਿਆਂਇਕ ਉਪਕਰਨ ਵਜੋਂ ਜੁੱਤੇ ਦਾ ਜ਼ਿਕਰ ਕਿਵੇਂ ਹੋ ਰਿਹਾ ਹੈ, ਉਹ ਵੀ ਪ੍ਰਧਾਨ ਮੰਤਰੀ ਲਈ।
ਵੈਸੇ ਤਾਂ ਪ੍ਰਧਾਨ ਮੰਤਰੀ ਦਾ ਇਹ ਬਿਆਨ ਹੀ ਨਿਹਾਇਤ ਗੈਰ ਜਮਹੂਰੀ ਹੈ। ਉਹੀ ਚੌਰਾਹੇ ‘ਤੇ ਸਜ਼ਾ ਦੀ ਗੱਲ ਕਰਕੇ ਭੀੜ ਦੀ ਮਾਨਸਿਕਤਾ ਨੂੰ ਸੰਵਿਧਾਨਕ ਮਾਨਤਾ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਮਨ ਵਿਚ ਵਿਰੋਧੀਆਂ ਲਈ ਅਜਿਹੀ ਹੀ ਕਿਸੇ ਸਜ਼ਾ ਦਾ ਖਿਆਲ ਆਉਂਦਾ ਹੋਵੇ, ਇਸ ਲਈ ਆਪਣੇ ਲਈ ਵੀ ਅਜਿਹੀ ਗੱਲ ਨਿਕਲ ਗਈ ਹੋਵੇ। ਸਾਡੀ ਮਾਨਸਿਕਤਾ ਵਿਚ ਵਾਕਿਆ ਸਰੰਚਨਾ ਅਤੇ ਸ਼ਬਦ ਕਈ ਵਾਰ ਲੁਕੇ ਰਹਿੰਦੇ ਹਨ, ਜਿਨ੍ਹਾਂ ਦਾ ਨਿਰਮਾਣ ਸਮਾਜ ਦੇ ਸਾਮੰਤੀ ਤੌਰ-ਤਰੀਕਿਆਂ ਨਾਲ ਹੁੰਦਾ ਰਹਿੰਦਾ ਹੈ। ਜੁੱਤਾ ਮਾਰਨ ਦਾ ਖ਼ਿਆਲ ਹੀ ਜਾਤੀਵਾਦੀ ਖਿਆਲ ਹੈ ਤੇ ਇਹ ਮੂਲ ਰੂਪ ਵਿਚ ਦਲਿਤ ਵਿਰੋਧੀ ਹੈ। ਤੁਸੀਂ ਜੁੱਤਾ ਮਾਰਨ ਦੇ ਮੁਹਾਵਰੇ ਤੇ ਕਿੱਸਿਆਂ ਦੀ ਪੜਤਾਲ ਕਰੋਗੇ ਤਾਂ ਦੇਖੋਗੇ ਕਿ ਜੁੱਤਾ ਮਾਰਨ ਦਾ ਇਸਤੇਮਾਲ ਸਿਰਫ਼ ਸਵਰਨ ਕਰਦਾ ਹੈ। ਕਿਸੇ ਦਲਿਤ ਜਾਂ ਕਮਜ਼ੋਰ ਦੇ ਖ਼ਿਲਾਫ਼ ਕਰਦਾ ਹੈ। ਨਫ਼ਰਤ ਦੀ ਭਾਸ਼ਾ ਹੈ ਜੁੱਤਾ ਮਾਰਨਾ। ਮੈਂ ਨਫ਼ਰਤ ਦੀ ਸਿਆਸਤ ਦੇ ਨਾਲ ਨਾਲ ਨਫ਼ਰਤ ਦੀ ਭਾਸ਼ਾ ਨਾਲ ਵੀ ਨਫ਼ਰਤ ਕਰਦਾ ਹਾਂ। ਮੈਂ ਵੀ ਇਕ ਵਾਰ ਮਜ਼ਾਕ ਵਿਚ ਕਹਿ ਦਿੱਤਾ ਕਿ ਜੁੱਤੇ ਪੈਣਗੇ। ਬਾਕਾਇਦਾ ਪ੍ਰਬੰਧਕ ਨੂੰ ਬੇਨਤੀ ਕੀਤੀ ਕਿ ਇਸ ਨੂੰ ਹਟਾ ਦਿਓ। ਇਹ ਚੰਗਾ ਨਹੀਂ ਹੈ। ਪਰ ਕੋਈ ਸੁਚੇਤ ਤਰੀਕੇ ਨਾਲ ਵਾਰ ਵਾਰ ਜੁੱਤਾ ਮਾਰਨ ਦੀ ਗੱਲ ਲਿਖ ਰਿਹਾ ਹੋਵੇ, ਤਾਂ ਚੌਕਸ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਇਸ ਲਈ ਪ੍ਰਧਾਨ ਮੰਤਰੀ ਨੂੰ ਚੌਰਾਹੇ ‘ਤੇ ਸਜ਼ਾ ਦੇਣ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ। ਭਾਰਤ ਵਰਗੇ ਸਥਾਪਤ ਲੋਕਤੰਤਰ ਦਾ ਸੰਵਿਧਾਨਕ ਪ੍ਰਮੁੱਖ ਚੌਰਾਹੇ ‘ਤੇ ਕਿਵੇਂ ਕਿਸੇ ਭੀੜ ਨੂੰ ਆਪਣੀ ਮਰਜ਼ੀ ਨਾਲ ਸਜ਼ਾ ਦੇਣ ਦੀ ਵਕਾਲਤ ਕਰ ਸਕਦਾ ਹੈ, ਪਰ 50 ਦਿਨ ਬਾਅਦ ਕਿਤੇ ਚੋਣਾਂ ਨਾ ਹੋ ਰਹੀਆਂ ਹੋਣ ਤੇ ਕਿਸੇ ਫੈਸਲੇ ਦੇ ਸਹੀ-ਗ਼ਲਤ ਹੋਣ ਦਾ ਇਕ ਮਾਤਰ ਪੈਮਾਣਾ ਚੋਣਾਂ ਹੀ ਕਿਉਂ ਹੋਣ? ਪ੍ਰਧਾਨ ਮੰਤਰੀ ਦੇ ਗ਼ਲਤ ਨਿਕਲਣ ‘ਤੇ ਕੋਈ ਕਾਨੂੰਨ ਨਹੀਂ ਹੈ ਤੇ ਇਹ ਗ਼ਲਤੀ ਕਿਵੇਂ ਤੈਅ ਹੋਵੇਗੀ, ਇਹ ਅਧਿਕਾਰ ਵੀ ਪ੍ਰਧਾਨ ਮੰਤਰੀ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹਨ। ਸੈਂਕੜੇ ਲੇਖਾਂ ਵਿਚ ਉਨ੍ਹਾਂ ਦੀਆਂ ਗ਼ਲਤੀਆਂ ਵੱਲ ਇਸ਼ਾਰਾ ਕੀਤਾ ਗਿਆ ਕੀ ਉਨ੍ਹਾਂ ਨੇ ਇਕ ਵੀ ਗ਼ਲਤੀ ਸਵੀਕਾਰ ਕੀਤੀ…? ਜੋ ਸਵਾਲ ਉਨ੍ਹਾਂ ਤੋਂ ਪੁਛੇ ਗਏ, ਉਨ੍ਹਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ। ਵਿਰੋਧੀਆਂ ‘ਤੇ ਹਮਲਾ ਹੀ ਕੀਤਾ। ਤਰ੍ਹਾਂ ਤਰ੍ਹਾਂ ਦੇ ਰਚਨਾਤਮਕ ਮੁਹਾਵਰਿਆਂ ਵਿਚ ਗੱਲ ਕਰਦੇ ਰਹੇ। ਪ੍ਰਧਾਨ ਮੰਤਰੀ ਗ਼ਲਤੀ ਕਰ ਸਕਦੇ ਹਨ, ਪਰ ਭੀੜ ਤੈਅ ਨਹੀਂ ਕਰੇਗੀ ਕਿ ਉਨ੍ਹਾਂ ਨੇ ਗ਼ਲਤੀ ਕੀਤੀ ਹੈ।
ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਇਹ ਹਿੱਸਾ ਗੈਰ ਜਮਹੂਰੀ ਤੇ ਸਾਮੰਤੀ ਹੈ, ਉਸੇ ਤਰ੍ਹਾਂ ਇਸ ਬਿਆਨ ਦੇ ਸੰਦਰਭ ਵਿਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਆਲੋਚਕਾਂ ਦੀ ਭਾਸ਼ਾ ਸਾਮੰਤੀ ਤੇ ਗੈਰ ਜਮਹੂਰੀ ਹੁੰਦੀ ਜਾ ਰਹੀ ਹੈ। ਜਦੋਂ ਜੁੱਤੇ ਦਾ ਜ਼ਿਕਰ ਨਹੀਂ ਸੀ, ਤਾਂ ਜੁੱਤੇ ਦਾ ਖ਼ਿਆਲ ਕਿਵੇਂ ਆਇਆ। ਕੀ ਉਹ ਵੀ ਪ੍ਰਧਾਨ ਮੰਤਰੀ ਵਾਂਗ ਅਵਚੇਤਨ ਵਿਚ ਆਪਣੇ ਵਿਰੋਧੀ ਲਈ ਅਜਿਹੀ ਭਾਸ਼ਾਗਤ ਸੋਚ ਰੱਖਦੇ ਹਨ…? ਫੇਸਬੁਕ ਤੋਂ ਲੈ ਕੇ ਟਵਿੱਟਰ ਤਕ ‘ਤੇ ਜੁੱਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਲਿਖਿਆ ਜਾ ਰਿਹਾ ਹੈ ਕਿ 50 ਦਿਨ ਪੂਰੇ ਹੋਣ ਵਾਲੇ ਹਨ। ਦੱਸੋ, ਜੁੱਤੇ ਨਾਲ ਕਿਥੋਂ ਸਵਾਗਤ ਕੀਤਾ ਜਾਵੇ? ਕੀ ਵਿਰੋਧੀ ਵੀ ਭੀੜ ਬਣਨ ਦੀ ਕੋਈ ਗੁਪਤ ਇੱਛਾ ਰੱਖਦੇ ਹਨ…? ਕਈ ਲੋਕ ਵਾਰ ਵਾਰ ਲਿਖ ਰਹੇ ਹਨ ਕਿ ਜੁੱਤਾ ਤਿਆਰ ਹੈ। ਦੱਸੋ, ਕਿਸ ਚੌਰਾਹੇ ‘ਤੇ ਤੁਸੀਂ ਮਿਲੋਗੇ?
ਸਰਕਾਰ ਸੱਤਾ ਦੀ ਭਾਸ਼ਾ ਬੋਲਦੀ ਹੀ ਹੈ, ਪਰ ਵਿਰੋਧੀ ਜਾਂ ਆਲੋਚਕ ਵੀ ਆਪਣੀ ਆਲੋਚਨਾ ਵਿਚ ਸੱਤਾ ਦੀ ਕਰੂਰ ਭਾਸ਼ਾ ਬੋਲਣ ਤਾਂ ਸਮਾਜ ਨੂੰ ਚਿੰਤਤ ਹੋਣਾ ਚਾਹੀਦਾ ਹੈ। ਜਦੋਂ ਆਲੋਚਕ ਲੋਕਤੰਤਰ ਦੇ ਸਪੇਸ ਵਿਚ ਪ੍ਰਧਾਨ ਮੰਤਰੀ ਦੀ ਆਲੋਚਨਾ ਦਾ ਅਧਿਕਾਰ ਮੰਗਦੇ ਹਨ ਜਾਂ ਇਸਤੇਮਾਲ ਕਰਦੇ ਹਨ ਤਾਂ ਫਿਰ ਉਨ੍ਹਾਂ ਦੇ ਪ੍ਰਤੀਕ ਏਨੇ ਸਾਮੰਤੀ ਕਿਉਂ ਹਨ। ਕੀ ਸਾਡੀ ਸਿਆਸੀ ਭਾਸ਼ਾ ਟਵਿੱਟਰ ‘ਤੇ ਅਭੱਦਰ ਅਤੇ ਹਿੰਸਕ ਭਾਸ਼ਾ ਲਿਖਣ ਵਾਲੇ ਟਰੋਲ ਦੀ ਹੁੰਦੀ ਜਾ ਰਹੀ ਹੈ…? ਫਿਰ ਉਹ ਸਪੇਸ ਕਿਥੋਂ ਬਚੇਗਾ, ਜਿੱਥੇ ਹਾਲੇ ਲੋਕਤੰਤਰ ਦੇ ਨਵੇਂ ਨਵੇਂ ਪ੍ਰਤੀਕ ਘੜੇ ਜਾਣੇ ਹਨ। ਜਿਥੇ ਆਲੋਚਨਾ ਦੀ ਇਕ ਮਰਿਆਦਾ ਹੁੰਦੀ ਹੈ। ਜੁੱਤੇ ਨਾਲ ਮਾਰਨ ਵਾਲਿਆਂ ਨੂੰ ਆਪਣਾ ਬਲੱਡ ਟੈਸਟ ਕਰਵਾ ਲੈਣਾ ਚਾਹੀਦਾ ਹੈ ਕਿ ਕਿਤੇ ਉਹ ਵੀ ਫਿਰਕੂ ਤੇ ਮਰਦਵਾਦੀ ਟਰੋਲ ਵਾਂਗ ਤਾਂ ਨਹੀਂ ਹੁੰਦੇ ਜਾ ਰਹੇ ਹਨ।
ਜ਼ਰੂਰ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਓ, ਸਖ਼ਤ ਆਲੋਚਨਾ ਕਰੋ, ਚੁਟਕੀ ਵੀ ਲਓ, ਪਰ ਕਿਸੇ ਨੂੰ ਜੁੱਤਾ ਮਾਰਨ ਦੀ ਕਲਪਨਾ ਤੋਂ ਦੂਰ ਰਹੋ। ਇਹ ਗੱਲ ਮੈਂ ਪ੍ਰਧਾਨ ਮੰਤਰੀ ਅਹੁਦੇ ਪ੍ਰਤੀ ਕਿਸੇ ਸ਼ਰਧਾ ਨਾਲ ਨਹੀਂ ਕਹਿ ਰਿਹਾ ਹਾਂ। ਮੈਂ ਕਿਸੇ ਵੀ ਵਿਅਕਤੀ ਨੂੰ ਚੌਰਾਹੇ ‘ਤੇ ਜੁੱਤੇ ਮਾਰਨ ਦੀ ਸਾਮੰਤੀ ਤੇ ਸਵਰਨ ਮਾਨਸਿਕਤਾ ਖ਼ਿਲਾਫ਼ ਹਾਂ। ਸਾਡੇ ਲੋਕਤੰਤਰ ਦੀ ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਸੁਰੱਖਿਅਤ ਮਹਿਸੂਸ ਕਰੇ। ਆਲੋਚਕਾਂ ਦਾ ਇਕ ਕੰਮ ਬਦਲਵਾਂ ਆਦਰਸ਼ ਘੜਨਾ ਵੀ ਹੁੰਦਾ ਹੈ। ਉਨ੍ਹਾਂ ਨੂੰ ਸੱਤਾ ਦੀ ਅਭੱਦਰ ਭਾਸ਼ਾ ਬੋਲਣ ਦੇ ਰੁਝਾਨ ਤੋਂ ਬਚਣਾ ਚਾਹੀਦਾ ਹੈ। ਸੱਤਾ ਆਮਦਨ ਕਰ ਨੋਟਿਸ, ਜੇਲ੍ਹ, ਧਮਕੀ, ਫੋਨ ਰਿਕਾਰਡਿੰਗ ਵਗੈਰਾ ਨਾਲ ਜੁੱਤੇ ਨਾਲ ਮਾਰਨ ਦੀ ਆਪਣੀ ਖਵਾਹਿਸ਼ ਪੂਰੀ ਕਰਦੀ ਰਹਿੰਦੀ ਹੈ। ਪਰ ਇਨ੍ਹਾਂ ਗੱਲਾਂ ਦਾ ਵਿਰੋਧ ਕਰਨ ਵਾਲੇ ਵਿਰੋਧ ਵਿਚ ਉਨ੍ਹਾਂ ਸਾਰੇ ਪ੍ਰਤੀਕਾਂ ਦਾ ਕਿਵੇਂ ਇਸਤੇਮਾਲ ਕਰ ਸਕਦੇ ਹਨ।
ਆਪਣੇ ਹੀ ਕਿਸੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਲੇ ਧਨ ਨੂੰ ਖ਼ਤਮ ਕਰਨ ਲਈ ਇਕ ਲੱਖ ਲੋਕਾਂ ਨੂੰ ਲਗਾਉਣਾ ਪਏਗਾ ਤਾਂ ਲਾਵਾਂਗਾ। ਆਖ਼ਰ ਵਿਰੋਧੀ ਇਸ ਬਿਆਨ ਨੂੰ ਵਾਰ ਵਾਰ ਕਿਉਂ ਨਹੀਂ ਯਾਦ ਕਰਵਾਉਂਦੇ? ਜੇਕਰ ਪ੍ਰਧਾਨ ਮੰਤਰੀ ਆਪਣੇ ਇਸ ਬਿਆਨ ‘ਤੇ ਕਾਇਮ ਰਹੇ ਤਾਂ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਜਿਹੜੇ ਪ੍ਰਧਾਨ ਮੰਤਰੀ ਢਾਈ ਸਾਲਾਂ ਵਿਚ ਇਕ ਲੋਕਪਾਲ ਨਿਯੁਕਤ ਨਹੀਂ ਕਰ ਸਕੇ, ਉਹ ਕਾਲੇ ਧਨ ਨਾਲ ਲੜਨ ਲਈ ਇਕ ਲੱਖ ਲੋਕਾਂ ਨੂੰ ਲਾਉਣ ਦੀ ਗੱਲ ਕਰ ਰਹੇ ਹਨ। ਤਾਂ ਇਹ ਗੱਲ ਹਰ ਦੀਵਾਰ ‘ਤੇ ਲਿਖੀ ਹੋਣੀ ਚਾਹੀਦੀ ਹੈ। ਆਮਦਨ ਵਿਭਾਗ ਨੂੰ ਵੈਸੇ ਹੀ 20,000 ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜ਼ਰੂਰਤ ਹੈ। ਮੈਂ ਹੈਰਾਨ ਹਾਂ ਕਿ ਲਾਲੂ ਯਾਦਵ ਵਰਗੇ ਸਿਆਸਤਦਾਨ ਕਿਵੇਂ ਇਸ ਸਾਮੰਤੀ ਪ੍ਰਤੀਕ ਦਾ ਇਸਤੇਮਾਲ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਮੁਹਾਵਰੇ ਅਤੇ ਪ੍ਰਤੀਕ ਸਭ ਤੋਂ ਮੌਲਿਕ ਅਤੇ ਜਮਹੂਰੀਅਤ ਵਾਲੇ ਹੋਇਆ ਕਰਦੇ ਸਨ। ਕੀ ਸਾਡੇ ਨੇਤਾ ਵੀ ਸੋਸ਼ਲ ਮੀਡੀਆ ਦੀ ਭਾਸ਼ਾ ਬੋਲਣ ਲੱਗੇ ਹਨ। ਜੇਕਰ ਅਜਿਹਾ ਹੈ, ਤਾਂ ਇਹ ਠੀਕ ਨਹੀਂ ਹੈ।
ਵੈਸੇ, ਜੁੱਤਾ ਮਾਰਨ ਦਾ ਖ਼ਿਆਲ ਪ੍ਰਧਾਨ ਮੰਤਰੀ ਦੇ ਆਲੋਚਕਾਂ ਤੇ ਵਿਰੋਧੀਆਂ ਨੂੰ ਹੀ ਨਹੀਂ ਆ ਰਿਹਾ ਹੈ। ਖ਼ੁਦ ਉਨ੍ਹਾਂ ਦੇ ਮੰਤਰੀ ਵੀ ਜੁੱਤਾ ਮਾਰਨ ਦਾ ਸੁਪਨਾ ਦੇਖਦੇ ਹਨ। ਕੁਝ ਦਿਨ ਪਹਿਲਾਂ ‘ਇੰਡੀਅਨ ਐਕਸਪ੍ਰੈੱਸ’ ਵਿਚ ਅਰੂਣਾਚਲ ਪ੍ਰਦੇਸ਼ ਤੋਂ ਇਕ ਖ਼ਬਰ ਛਪੀ ਸੀ ਕਿ ਗ੍ਰਹਿ ਰਾਜ ਮੰਤਰੀ ਕਿਰੇਨ ਰਿੱਜੂ ਨੇ ਕਿਸੇ ਦੇ ਬਕਾਇਆ ਭੁਗਤਾਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ‘ਤੇ ਘੁਟਾਲੇ ਦਾ ਦੋਸ਼ ਸੀ। ਗ੍ਰਹਿ ਮੰਤਰਾਲੇ ਦੇ ਬਾਹਰ ਪੱਤਰਕਾਰ ਉਨ੍ਹਾਂ ਤੋਂ ਸਵਾਲ ਪੁੱਛਣ ਲੱਗੇ। ਇਕ ਮੰਤਰੀ ਦਾ ਬਿਆਨ ਭਿਆਨਕ, ਗੈਰਜਮਹੂਰੀ ਤੇ ਸਾਮੰਤੀ ਸੀ। ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੇ ਆਪਣੇ ਬਿਆਨ ‘ਤੇ ਅਫ਼ਸੋਸ ਜ਼ਾਹਰ ਕੀਤਾ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਦੇ ਸ਼ਬਦ-ਸ਼ਬਦ ਬਿਆਨ ਨਾਲ ਇਹ ਲੇਖ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਹੀ ਮੰਤਰੀ ਦੇ ਸ਼ਬਦ ਸ਼ਬਦ ਬਿਆਨ ਨਾਲ ਇਸ ਲੇਖ ਨੂੰ ਸਮਾਪਤ ਕਰ ਰਿਹਾ ਹਾਂ।
”ਜੋ ਨਿਊਜ਼ ਪਲਾਂਟ ਕਰ ਰਹੇ ਹਨ, ਉਹ ਸਾਡੇ ਕੋਲ ਆਉਣਗੇ ਤਾਂ ਜੁੱਤੇ ਖਾਣਗੇ…।”