ਸਿੱਖ ਇਤਿਹਾਸ ਦੇ ਅਣਗੌਲੇ ਪਾਤਰ: ਕੁੰਮਾ ਮਾਸ਼ਕੀ ਤੇ ਬੀਬੀ ਲੱਛਮੀ

ਪਰਮਜੀਤ ਕੌਰ ਸਰਹਿੰਦ
ਸੰਪਰਕ: 98728-98599)
ਸਿੱਖ ਇਤਿਹਾਸ ਸ਼ਹਾਦਤਾਂ ਦਾ ਦੂਜਾ ਨਾਂ ਹੈ। ਜਿਉਂ ਹੀ ਦਸੰਬਰ ਮਹੀਨਾ ਸ਼ੁਰੂ ਹੁੰਦਾ ਹੈ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਦੇ ਬੇਹੱਦ ਔਖੇ ਪਲਾਂ ਦੀ ਯਾਦ ਮਨ ਨੂੰ ਝੰਜੋੜਨ ਲੱਗਦੀ ਹੈ। 20-21 ਦਸੰਬਰ 1704 ਦੀ ਰਾਤ ਨੂੰ ਆਨੰਦਗੜ੍ਹ ਕਿਲ੍ਹਾ (ਆਨੰਦਪੁਰ ਸਾਹਿਬ) ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮੁਸ਼ਕਲਾਂ ਨਾਲ ਜੂਝਦੇ ਰਹੇ। ਬਿਖੜੇ ਪੈਂਡਿਆਂ ‘ਤੇ ਤੁਰਦਿਆਂ ਵੀ ਉਹ ਸਮੁੱੱਚੀ ਮਨੁੱੱਖਤਾ ਲਈ ਰਾਹ ਦਸੇਰਾ ਬਣ ਗਏ।
ਇਸੇ ਕਹਿਰ ਭਰੀ ਰਾਤ ਨੂੰ ਮੁਗ਼ਲ ਦੁਸ਼ਮਣਾਂ ਵੱੱਲੋਂ ਵਸਾਹਘਾਤ ਕਰ ਕੇ ਕੀਤੇ ਹਮਲੇ ਅਤੇ ਸਰਸਾ ਨਦੀ ਵਿੱੱਚ ਆਏ ਹੜ੍ਹ ਕਾਰਨ ਪਰਿਵਾਰ ਸਰਸਾ ਨਦੀ ਤੋਂ ਵਿਛੜ ਗਿਆ। ਗੁਰੂ ਜੀ ਨਾਲ ਵੱੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਮਾਤਾ ਗੁਜਰੀ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸਮੇਂ ਦੇ ਕਹਿਰ ਨੇ ਅੱੱਡ-ਅੱੱਡ ਦਿਸ਼ਾਵਾਂ ਵੱੱਲ ਤੋਰ ਦਿੱੱਤੇ। ਇੱੱਥੋਂ ਹੀ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਨਾਲ ਆਪਣੇ ਪਰਿਵਾਰ ਤੋਂ ਵਿਛੜ ਗਏ।
ਸਰਸਾ ਤੋਂ ਵਿਛੜ ਕੇ ਮਾਤਾ ਜੀ ਨੇ ਮਾਸੂਮ ਬਾਲਾਂ ਨਾਲ ਕੁੰਮੇ ਮਾਸ਼ਕੀ ਦੀ ਝੁੱੱਗੀ ਵਿੱੱਚ ਚਰਨ ਪਾਏ ਸਨ। ਤਕਦੀਰ ਅਤੇ ਹਾਲਾਤ ਨੇ ਜਦੋਂ ਮਾਤਾ ਗੁਜਰੀ ਜੀ ਨੂੰ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜਾ ਕੇ ਸਰਸਾ ਨਦੀ ਦੇ ਕਿਨਾਰਿਓਂ ਤੋਰ ਦਿੱਤਾ, ਉਦੋਂ ਸ਼ਹਾਦਤ ਦੇ ਰਾਹ ਦਾ ਪਹਿਲਾ ਪੜਾਅ ਇਹ ਸਥਾਨ ਕੁੰਮੇ ਮਾਸ਼ਕੀ ਦੀ ਝੁੱਗੀ ਦੱਸੀ ਜਾਂਦੀ ਹੈ।
ਇਤਿਹਾਸਕਾਰਾਂ ਅਨੁਸਾਰ ਮਾਤਾ ਜੀ ਪਰਿਵਾਰ ਤੋਂ ਵਿੱਛੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ‘ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ। ਸਰਸਾ ਤੇ ਸਤਲੁਜ ਦੇ ਇਸੇ ਸਾਂਝੇ ਪੱਤਣ ਉੱਤੇ ‘ਕੁੰਮਾ’ ਨਾਂ ਦੇ ਮਾਸ਼ਕੀ ਦੀ ਘਾਹ-ਫੂਸ ਅਤੇ ਕੱਖਾਂ ਕਾਨਿਆਂ ਦੀ ਛੋਟੀ ਜਿਹੀ ਛੰਨ ਸੀ। ਬਿਖੜੇ ਰਾਹਾਂ ਤੋਂ ਤੁਰਦੇ ਮਾਤਾ ਜੀ ਦੋਵਾਂ ਪੋਤਰਿਆਂ ਸਮੇਤ ਇੱਥੇ ਪੁੱਜੇ।
ਕੁੰਮਾ ਮਾਸ਼ਕੀ ਨੇਕ ਤੇ ਰੱਬ ਦਾ ਖ਼ੌਫ਼ ਖਾਣ ਵਾਲਾ ਇਨਸਾਨ ਸੀ। ਉਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਆਰਾਮ ਕਰਨ ਦੀ ਬੇਨਤੀ ਕੀਤੀ। ਉਸ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਠਾਹਰ ਕੀਤੀ।
ਨੇੜਲੇ ਨਗਰ ਵਿੱਚ ਲੱਛਮੀ ਨਾਂ ਦੀ ਇੱਕ ਬ੍ਰਾਹਮਣ ਔਰਤ ਰਹਿੰਦੀ ਸੀ। ਕੁੰਮਾ ਮਾਸ਼ਕੀ ਉਸ ਤੋਂ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਦਿਨ ਚੜ੍ਹੇ ਬੀਬੀ ਲੱਛਮੀ ਆਪ ਭੋਜਨ ਤਿਆਰ ਕਰ ਕੇ ਲਿਆਈ ਤੇ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਅੰਨ ਪਾਣੀ ਛਕਾਇਆ।
ਇਤਿਹਾਸਕਾਰਾਂ ਅਨੁਸਾਰ ਗੰਗੂ ਬ੍ਰਹਮਣ ਵੀ ਕੁੰਮੇ ਮਾਸ਼ਕੀ ਦੀ ਛੰਨ ‘ਚ ਆ ਕੇ ਹੀ ਮਾਤਾ ਜੀ ਨੂੰ ਮਿਲਿਆ। ਇਸ ਦਾ ਪਤਾ ‘ਪੋਹ ਦੀਆਂ ਰਾਤਾਂ’ ਨਾਮੀ ਪੁਸਤਕ ਵਿੱਚੋਂ ਮਿਲਦਾ ਹੈ। ਇਹ ਛੰਨ ਵਾਲਾ ਸਥਾਨ ਵੀ ਪਿੰਡ ਚੱਕ ਢੇਰਾ, ਜ਼ਿਲ੍ਹਾ ਰੋਪੜ ਵਿੱਚ ਹੀ ਹੈ।
ਪੁਰਾਤਨ ਹਵਾਲੇ ਦੇ ਕੇ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਇੱਕ ਖੱਚਰ ਸਮੇਤ ਕੁੰਮਾ ਮਾਸ਼ਕੀ ਮਾਤਾ ਜੀ, ਦੋਵਾਂ ਸਾਹਿਬਜ਼ਾਦਿਆਂ ਤੇ ਗੰਗੂ ਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਸਤਲੁਜ ਦਰਿਆ ਕੰਢੇ ਪਿੰਡ ਚੱਕ ਢੇਰਾ ਲਿਆਇਆ। ਇੱਥੋਂ ਹੀ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਗਿਆ।
ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੰਗੂ ਨੂੰ ਪਤਾ ਸੀ ਕਿ ਮਾਤਾ ਜੀ ਕੋਲ ਧਨ ਦੌਲਤ ਹੈ, ਇਸੇ ਖੋਟੀ ਨੀਅਤ ਸਦਕਾ ਉਹ ਮਾਤਾ ਜੀ ਨੂੰ ਲੱਭਦਾ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਆ ਮਿਲਿਆ। ਮਾਤਾ ਗੁਜਰੀ ਜੀ ਨੇ ਇੱਥੋਂ ਜਾਣ ਸਮੇਂ ਬੀਬੀ ਲੱਛਮੀ ਨੂੰ ਦੋ ਮੋਹਰਾਂ ਦੇ ਮੁੱਲ ਵਾਲੀ ਕੀਮਤੀ ਆਰਸੀ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ ਸਨ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ ਪੰਜ ਰੁਪਏ ਦਿੱਤੇ।
ਗੰਗੂ ਲਾਲਚ ਵੱਸ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਇਸ ਥਾਂ ਤੋਂ ਜੰਗਲ-ਬੀਆਬਾਨਾਂ ਵਿੱਚ ਘੁੰਮਾਉਂਦਾ ‘ਕਾਈਨੌਰ’ ਪਿੰਡ ਪੁੱਜ ਗਿਆ, ਜੋ ਹੁਣ ਮੋਰਿੰਡਾ ਦੇ ਨੇੜੇ ਜ਼ਿਲ੍ਹਾ ਰੋਪੜ ਵਿੱਚ ਸਥਿਤ ਹੈ। ਇੱਥੇ ਉਨ੍ਹਾਂ ਇੱਕ ਤਲਾਅ ਉੱਤੇ ਸੰਘਣੀ ਝਿੜੀ ਵਿੱਚ ਰਾਤ ਗੁਜ਼ਾਰੀ। ਦੂਜੇ ਦਿਨ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ, ਜਿਸ ਦਾ ਨਾਂ ਵੀ ਲੋਕ ਨਹੀਂ ਲੈਂਦੇ।
Comments (0)