ਰਾਣਾ ਵਰਗੀ ਦਲੇਰ ਕੁੜੀ ਹੀ ਲੈ ਸਕਦੀ ਹੈ ਹਕੂਮਤ ਨਾਲ ਟੱਕਰ

ਰਾਣਾ ਵਰਗੀ ਦਲੇਰ ਕੁੜੀ ਹੀ ਲੈ ਸਕਦੀ ਹੈ ਹਕੂਮਤ ਨਾਲ ਟੱਕਰ

ਮੋਨਿਕਾ ਕੁਮਾਰ  (ਫੋਨ ਨੰਬਰ 9417532822)
ਚੰਡੀਗੜ੍ਹ ਦੇ ਪ੍ਰਾਚੀਨ ਕਲਾ ਕੇਂਦਰ ਵਿਚ ਰਾਣਾ ਅਯੂਬ ਦੀ ਕਿਤਾਬ ‘ਗੁਜਰਾਤ ਫਾਈਲਜ਼’ ਦਾ ਬੂਟਾ ਸਿੰਘ ਵਲੋਂ ਪੰਜਾਬੀ ਅਨੁਵਾਦ ‘ਗੁਜਰਾਤ ਫਾਈਲਾਂ’ ਬੀਤੇ ਦਿਨੀਂ ਜਾਰੀ ਕੀਤਾ ਗਿਆ। ਇਹ ਕਿਤਾਬ ਗੁਜਰਾਤ ਵਿਚ ਮੁਸਲਮਾਨਾਂ ਖ਼ਿਲਾਫ਼ 2002 ਵਿਚ ਹੋਈ ਹਿੰਸਾ ‘ਤੇ ਆਧਾਰਤ ਰਾਣਾ ਦੀ ਖੋਜੀ ਪੱਤਰਕਾਰੀ ਹੈ। ਇਸ ਮੌਕੇ ਕਾਲਜ ਅਧਿਆਪਕਾ ਪ੍ਰੋਫੈਸਰ (ਮਿਸ) ਮੋਨਿਕਾ ਕੁਮਾਰ, ਜੋ ਅੱਜ ਕਲ੍ਹ ਰੀਜਨਲ ਇੰਸਟੀਚਿਊਟ ਆਫ਼ ਇਗਲਿੰਸ ਚੰਡੀਗੜ੍ਹ ਵਿੱਚ ਲੱਗੇ ਹੋਏ ਹਨ, ਨੇ ਇਸ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜੋ ਇਸ ਤਰ੍ਹਾਂ ਹਨ :
ਰਾਣਾ ਅਯੂਬ ਦੀ ‘ਗੁਜਰਾਤ ਫਾਈਲਾਂ’ ਪੜ੍ਹਦਿਆਂ ਮੈਂ ਵੱਖਰੇ ਵੱਖਰੇ ਪੜਾਵਾਂ ਵਿਚੋਂ ਗੁਜ਼ਰੀ ਹਾਂ। ਵੱਖਰੀ ਤਰ੍ਹਾਂ ਦਾ ਅਨੁਭਵ ਮੈਂ ਮਹਿਸੂਸ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਰਾਣਾ ਅਯੂਬ ਬਹੁਤ ਬਹੁਤ ਦਲੇਰ ਕੁੜੀ ਐ। ਸ਼ਾਇਦ ਇਹ ਟਿੱਪਣੀ ਕਹਿਣ ਵਿਚ ਛੋਟੀ ਲਗਦੀ ਹੋਵੇ ਪਰ ਇਹਦੇ ਅਰਥ ਬਹੁਤ ਵੱਡੇ ਹਨ। ਇਸ ਕਿਤਾਬ ਵਿਚ ਜਿਸ ਦਲੇਰੀ ਦਾ ਜ਼ਿਕਰ ਹੈ, ਉਹ ਕਿਸੇ ਅੱਧੇ ਪਾਗ਼ਲ ਦਾ ਕੰਮ ਨਹੀਂ ਹੋ ਸਕਦਾ, ਮਤਲਬ ਇਹ ਨੀਮ ਪਾਗ਼ਲ ਦਾ ਕੰਮ ਨਹੀਂ ਹੈ… ‘ਪੂਰੇ ਪਾਗਲ’ ਦਾ ਹੈ……………..  ਜਿਹਦਾ ਡੀ.ਐਨ.ਏ. ਪਾਗ਼ਲਪਣ ਨਾਲ ਭਰਿਆ ਹੋਇਆ ਹੈ…ਜ਼ਾਹਰਾ ਤੌਰ ‘ਤੇ ਇਹ ਉਸ ਦੀ ਕਿਤਾਬ ਹੈ। ਇਹ ਰਾਣਾ ਦੀ ਕਿਤਾਬ ਹੈ।
ਇਸ ਕਿਤਾਬ ਰਾਹੀਂ ਰਾਣਾ ਦਾ ਜੀਵਨ ਵੀ ਉਭਰ ਕੇ ਸਾਹਮਣੇ ਆਇਆ ਹੈ। ਜਿਵੇਂ ਕਿ ਹਤਾਸ਼ਾ…। ਹਤਾਸ਼ਾ ਕਿਸ ਦੇ ਜੀਵਨ ਵਿਚ ਨਹੀਂ ਆਉਂਦੀ ਪਰ ਅਸੀਂ ਇਸ ਹਤਾਸ਼ਾ ਨੂੰ ਸਿਰਜਣਾਤਮਕ ਪੱਖ ਤੋਂ ਕਿਵੇਂ ਉਭਰ ਸਕਦੇ ਹਾਂ, ਇਹ ਰਾਣਾ ਤੋਂ ਜ਼ਰੂਰ ਸਿੱਖਿਆ ਜਾ ਸਕਦਾ ਹੈ। ਇਸ ਕਿਤਾਬ ਦੀ ਜਿਹੜੀ ਪਿੱਠਭੂਮੀ ਹੈ, ਉਹ ਤੁਹਾਨੂੰ ਇਸ ਗੱਲ ਲਈ ਪ੍ਰੇਰਦੀ ਹੈ ਕਿ ਤੁਸੀਂ ਆਪਣੀ ਹਤਾਸ਼ਾ ਜਾਂ ਨਿਰਾਸ਼ਾ ਵਿਚੋਂ ਕਿਸ ਤਰ੍ਹਾਂ ਨਿਕਲਣਾ ਹੈ। ਰਾਣਾ ਨੇ ਆਪਣੀ ਹਤਾਸ਼ਾ ਵਿਚੋਂ ਆਪਣੀ ਭਵਿੱਖ ਦੀ ਯਾਤਰਾ ਮਿੱਥੀ ਤੇ ਉਹ ਵੀ ਦਲੇਰਾਨਾ ਢੰਗ ਨਾਲ। ਅਤੇ ਰਾਣਾ ਦੀ ਹਤਾਸ਼ਾ ਕੋਈ ਨਿੱਜੀ ਸਮੱਸਿਆ ਨਹੀਂ, ਬਲਕਿ ਉਸ ਦੇ ਆਲੇ-ਦੁਆਲੇ ਹੋ-ਵਾਪਰ ਰਹੇ ਵਰਤਾਰੇ ਕਾਰਨ ਹੈ ਤੇ ਰਾਣਾ ਵਰਗੀ ਜੁਝਾਰੂ ਪੱਤਰਕਾਰ ਲਈ ਉਸ ਅਸੁਖਾਵੇਂ ਮਾਹੌਲ ਨੂੰ ਸਹਿਜੇ ਲੈਣਾ ਬਹੁਤ ਮੁਸ਼ਕਲ ਹੈ। ਉਹ ਪ੍ਰੇਸ਼ਾਨ ਹੁੰਦੀ ਹੈ ਕਿ ਉਸ ਦੇ ਦੋਸਤ ਸ਼ਾਹਿਦ ਆਜ਼ਮੀ ਦਾ ਕਤਲ ਸਿਰਫ਼ ਇਸ ਲਈ ਹੋ ਜਾਂਦਾ ਹੈ, ਕਿਉਂਕਿ ਉਸ ਨੇ ਮੁੰਬਈ ਬੰਬ ਧਮਾਕਿਆਂ ਦੇ ਝੂਠੇ ਮਾਮਲਿਆਂ ਵਿਚੋਂ ਕਈਆਂ ਨੂੰ ਬਚਾਇਆ ਸੀ। ਉਹ ਮਾਨਸਿਕ ਪੀੜਾ ਵਿਚੋਂ ਲੰਘ ਰਹੀ ਹੈ ਤੇ ਇਸੇ ਪੀੜਾ ਤੋਂ ਛੁਟਕਾਰਾ ਪਾਉਣ ਲਈ ਉਹ ਨਾਗਪੁਰ ਜਾਂਦੀ ਹੈ। ਉਥੇ ਉਹ ਉਨ੍ਹਾਂ ਆਦੀਵਾਸੀਆਂ ਦੀ ਮਦਦ ਲਈ ਜਾਂਦੀ ਹੈ, ਜਿਨ੍ਹਾਂ ਨੂੰ ਗ਼ਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕੋਲੋਂ ਚੰਦਰ ਸ਼ੇਖਰ ਦਾ ਸਾਹਿਤ ਬਰਾਮਦ ਹੋਣ ਵਰਗੇ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਕੈਦ ਕੀਤਾ ਜਾ ਰਿਹਾ ਹੈ। ਪਰ ਉਥੇ ਜਾ ਕੇ ਵੀ ਰਾਣਾ ਹੋਰ ਬੇਚੈਨ ਹੋ ਜਾਂਦੀ ਹੈ। ਉਸ ਦਾ ਮਾਨਸਿਕ ਤਣਾਅ ਵਧਦਾ ਜਾਂਦਾ ਹੈ। ਉਂਜ ਤਾਂ ਉਹ ਡਾਕਟਰਾਂ ਕੋਲੋਂ ਇਲਾਜ ਕਰਵਾ ਕਰਵਾ ਕੇ ਹੰਭ ਚੁੱਕੀ ਹੈ ਪਰ ਚੰਗੀ ਤਕਦੀਰ ਨੂੰ ਉਸ ਦਾ ਵਾਹ ਡਾ. ਚਿਟਨਿਸ ਨਾਲ ਪੈਂਦਾ ਹੈ-ਜੋ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਕੁਝ ਨਹੀਂ ਹੋਇਆ, ਅਸਲ ਵਿਚ ਤੂੰ ਆਲਸੀ ਹੋ ਗਈ ਹੈਂ। ਲਗਦਾ ਹੈ ਡਾ. ਚਿਟਨਿਸ ਦੇ ਬੋਲ ਸਾਨੂੰ ਸਾਰਿਆਂ ਨੂੰ ਆਪਣੇ ਅੱਗੇ ਦੁਹਰਾ ਲੈਣੇ ਚਾਹੀਦੇ ਹਨ ਜਦੋਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋਏ, ਆਪਣੀਆਂ ਮਾਨਸਿਕ ਬਿਮਾਰੀਆਂ ਨੂੰ ਸਰੀਰਕ ਬਿਮਾਰੀਆਂ ਬਣਾ ਧਰਦੇ ਹਾਂ। ਰਾਣਾ ਦੇ ਮਾਮਲੇ ਵਿਚ ਇਹ ਖ਼ਾਸੀਅਤ ਹੈ ਕਿ ਉਹ ਦੂਜਿਆਂ ਨੂੰ ਸੁਣਦੀ ਹੈ। ਉਹ ਖ਼ੁਦ ਨੂੰ ਛੋਟਾ ਪੇਸ਼ ਕਰਕੇ ਬਾਹਰੀ ਚੀਜ਼ਾਂ ਨੂੰ, ਲੋਕਾਂ ਨੂੰ ਮਹਿਸੂਸ ਕਰਦੀ ਹੈ।
ਦੂਜਾ, ਰਾਣਾ ਦੀ ਮਾਂ ਨੂੰ ਵੀ ਦਾਦ ਦੇਣੀ ਬਣਦੀ ਹੈ, ਜਿਸ ਨੇ ਆਪਣੀ ਧੀ ਨੂੰ ਉਸ ਹਤਾਸ਼ਾ ਵਿਚੋਂ ਬਾਹਰ ਕੱਢਣ ਲਈ ਅਖ਼ਬਾਰ ਚੁੱਕ ਕੇ ਉਹਦੇ ਕਿੱਤੇ ਦਾ ਸਹਾਰਾ ਲੈਂਦੀ ਹੈ। ਉਹ ਸਹਿਰਾਬੁਦੀਨ ਦਾ ਜ਼ਿਕਰ ਕਰਦੀ ਹੈ। ਸਹਿਰਾਬੁਦੀਦਨ ਦਾ ਨਾਂ ਸੁਣਦਿਆਂ ਹੀ ਉਹਦੇ ਦਿਮਾਗ਼ ਦਾ ਕੀੜਾ ਹਰਕਤ ਵਿਚ ਆਉਂਦਾ ਹੈ ਕਿ ਹਾਂ ਇਹ ਉਹੀ ਸਹਿਰਾਬੁਦੀਨ ਹੈ, ਜਿਸ ਦੇ ਹਵਾਲੇ ਨਾਲ ਮੈਂ (ਰਾਣਾ) ਨਰਿੰਦਰ ਮੋਦੀ ਨਾਲ ਪਹਿਲੀ ਵਾਰ ਗੱਲ ਕੀਤੀ ਸੀ। ਸ਼ਾਇਦ ਇਸ ਬਿੰਦੂ ਤੋਂ ਹੀ ਰਾਣਾ ਦਾ ਇਹ ਕਿਤਾਬ ਲਿਖਣ ਦਾ ਸਫ਼ਰ ਸ਼ੁਰੂ ਹੁੰਦਾ ਹੈ। ਰਾਣਾ ਚੇਤੇ ਕਰਦੀ ਹੈ ਕਿ ਕਿਵੇਂ ਸਹਿਰਾਬੁਦੀਨ ਨੂੰ ਗੁਜਰਾਤ ਵਿਚ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ, ਬਲਕਿ ਉਸ ਦੀ ਦੋਸਤ ਕੌਸਰ ਬੀ ਨੂੰ ਵੀ ਦੂਜੇ-ਤੀਜੇ ਦਿਨ ਪੁਲੀਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਰਾਣਾ ਨੇ ਇਸੇ ਹਤਾਸ਼ਾ ਨੂੰ ਆਪਣੀ ਸਿਰਜਣਾ ਰਾਹੀਂ ਜਿਸ ਤਰ੍ਹਾਂ ਕਿਤਾਬ ਦਾ ਰੂਪ ਦਿੱਤਾ, ਇਹ ਤਾਂ ਪੜ੍ਹਨਯੋਗ ਹੈ ਹੀ, ਇਸ ਦੇ ਨਾਲ ਨਾਲ ਉਨ੍ਹਾਂ ਸਚਾਈਆਂ ਨਾਲ ਵੀ ਰੂਬਰੂ ਹੋਣਾ ਲਾਜ਼ਮੀ ਹੈ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਹਕੂਮਤ ਨੇ ਬੇਦੋਸ਼ਿਆਂ ਦਾ ਕਤਲ ਕਰਵਾਇਆ, ਝੂਠੇ ਪੁਲੀਸ ਮੁਕਾਬਲੇ ਕਰਵਾਏ। ਭਾਜਪਾ ਹਕੂਮਤ ਨੇ ਅਫ਼ਸਰਸ਼ਾਹੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਰਲ਼ਾ ਕੇ, ਭਾਵੇਂ ਉਹ ਡਰਾ-ਧਮਕਾ ਕੇ ਜਾਂ ਉੱਚ ਅਹੁਦਿਆਂ ਦਾ ਲਾਲਚ ਦੇ ਕੇ ਆਮ ਲੋਕਾਂ ‘ਤੇ ਜ਼ੁਲਮ ਕਰਵਾਇਆ।
ਇਸ ਕਿਤਾਬ ‘ਤੇ ਇਹ ਇਲਜ਼ਾਮ ਲਾਉਣਾ ਕਿ ਸਟਿੰਗ ਪੱਤਰਕਾਰੀ ‘ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ। ਮੈਂ ਸਮਝਦੀ ਹਾਂ ਕਿ ਇਹ ਕੋਈ ਨਵੀਂ ਗੱਲ ਨਹੀਂ। ਇਹ ਤਾਂ ਪੁਰਾਣੀ ਤੁਰੀ ਆ ਰਹੀ ਰਵਾਇਤ ਹੈ। ਜਿਵੇਂ ਰਾਜੇ ਵੀ ਆਪਣੀ ਪਰਜਾ ਵਿਚ ਭੇਸ ਬਦਲ ਕੇ ਜਾਂਦੇ ਸਨ ਤਾਂ ਜੋ ਆਪਣੀ ਪਰਜਾ ਦਾ ਹਾਲ ਜਾਣ ਸਕਣ। ਸਾਡੀ ਵੱਡੀ ਸਮੱਸਿਆ ਇਹ ਹੈ ਕਿ ਸਮਾਂ ਬਦਲ ਜਾਂਦਾ ਹੈ ਪਰ ਅਸੀਂ ਖ਼ੁਦ ਨੂੰ ਨਹੀਂ  ਬਦਲਦੇ। ਸਾਨੂੰ ਲਗਦਾ ਹੈ ਕਿ ਜੇਕਰ ਅਕਬਰ ਇਵੇਂ ਕਰਦਾ ਸੀ ਤਾਂ ਠੀਕ ਹੈ ਪਰ ਜੇ ਕੋਈ ਪੱਤਰਕਾਰ ਇਸ ਤਰ੍ਹਾਂ ਕਰਦਾ ਹੈ ਤਾਂ ਬੜੀ ਅਨੈਤਿਕ ਗੱਲ ਹੈ। ਇਹ ਵੀ ਸ਼ਾਇਦ ਸਾਡੀ ਸਮਾਜਿਕ ਵਿਗਿਆਨ ਦੀ ਸਮੱਸਿਆ ਹੈ, ਜੇ ਸਾਡੀ ਕਿਸੇ ਸ਼ਬਦ ਬਾਰੇ, ਕਿਸੇ ਵਿਚਾਰ ਬਾਰੇ ਸਮਝ ਬਣ ਜਾਂਦੀ ਹੈ ਤਾਂ ਅਸੀਂ ਉਸ ਨੂੰ ਸਮੇਂ ਮੁਤਾਬਕ ਪ੍ਰਗਤੀਵਾਦੀ ਸੋਚ ਨਾਲ ਅੱਗੇ ਨਹੀਂ ਵਧਦੇ। ਹੁਣ ਇਹ ਗੱਲ ਆਮ ਬੰਦੇ ਲਈ ਹਜਮ ਕਰਨੀ ਸੌਖੀ ਨਹੀਂ ਕਿ ਇਕ ਲੜਕੀ ਆਪਣੀ ਅਸਲੀ ਪਛਾਣ ਲੁਕਾ ਕੇ ਖ਼ਤਰੇ ਮੁੱਲ ਲੈਂਦੀ ਹੈ। ਰਾਣਾ ਸਾਹਮਣੇ ਉਸ ਦੀ ਮੁਸਲਿਮ ਪਛਾਣ ਵੀ ਕੋਈ ਮਾਇਨੇ ਨਹੀਂ ਰੱਖਦੀ ਪਰ ਅਚਾਨਕ ਇਹ ਗੱਲ ਬਹੁਤ ਜ਼ਿਆਦਾ ਅਸਰ ਵੀ ਕਰਦੀ ਹੈ ਕਿਉਂਕਿ ਇੱਥੇ ਭਾਰਤ ਵਰਗੇ ਮੁਲਕ ਵਿਚ ਤੁਹਾਡੀ ਜ਼ਾਤ ਬਹੁਤ ਮਾਇਨੇ ਰੱਖਦੀ ਹੈ। ਜੇਕਰ ਕਿਸੇ ਨੇ ਤੁਹਾਡੇ ਬਾਰੇ ਰਾਏ ਬਣਾਉਣੀ ਹੋਵੇ ਤਾਂ ਤੁਹਾਡਾ ਸਰ-ਨੇਮ ਹੀ ਕਾਫ਼ੀ ਹੈ। ਰਾਣਾ ਨੇ ਆਪਣੀ ਪਛਾਣ ਗੁਪਤ ਰੱਖਣ ਲਈ ‘ਲੱਜਾ’ ਫ਼ਿਲਮ ਦੀ ਅਭਿਨੇਤਰੀ ਮਨੀਸ਼ਾ ਕੋਇਰਾਲਾ ਵਲੋਂ ਰੱਖਿਆ ਮੈਥਿਲੀ ਨਾਂ ਧਾਰਨ ਕੀਤਾ, ਉਸ ਨੂੰ ਲਗਦਾ ਹੈ ਕਿ ਇਹ ਨਾਂ ਉਸ ਦੇ ਕੰਮ ਨਾਲ ਨਿਆਂ ਕਰਦਾ ਹੈ। ਤੁਹਾਡਾ ਸਰ-ਨੇਮ ਨਾਂ ਬ੍ਰਾਹਮਣ ਹੋਣਾ ਚਾਹੀਦਾ ਹੈ, ਨਾ ਦਲਿਤ ਹੋਣਾ ਚਾਹੀਦਾ ਹੈ, ਵਿਚ-ਵਿਚਾਲਾ ਹੋਣਾ ਚਾਹੀਦਾ ਹੈ। ਰਾਣਾ ਨੇ ਜਿਸ ਤਰ੍ਹਾਂ ਆਪਣੇ ਵਾਲਾਂ ਨੂੰ ਘੁੰਘਰਾਲੇ ਕੀਤਾ, ਅੱਖਾਂ ‘ਤੇ ਲੈਨਜ਼ ਲਾਏ, ਮੈਂ ਸਮਝਦੀ ਹਾਂ ਉਸ ਵਿਚ ਅਸਲ ਪੱਤਰਕਾਰ ਹੋਣ ਦੇ ਸਹੀ ਗੁਣ ਹਨ। ਪੂਰੇ 8 ਮਹੀਨੇ ਦੇ ਪਰਵਾਸ ਦੌਰਾਨ ਰਾਣਾ ਨੂੰ ਕਿਸੇ ਹਾਦਸੇ ਦਾ ਸਾਹਮਣਾ ਨਹੀਂ ਕਰਨਾ ਪਿਆ, ਹਾਲਾਂਕਿ ਵਿਚ ਵਿਚ ਸਨਸਨੀ ਲਗਦੀ ਹੈ ਕਿ ਸ਼ਾਇਦ ਹੁਣ ਕੁਝ ਵਾਪਰੇਗਾ, ਹੁਣ ਰਾਣਾ ਦੀ ਜਾਨ ਨੂੰ ਖ਼ਤਰਾ ਹੈ। ਰਾਣਾ ਜਦੋਂ ਕਾਲਰ ਮਾਈਕ ਲਗਾ ਕੇ, ਘੜੀ ਵਿਚ ਕੈਮਰਾ ਲੁਕਾ ਕੇ ਇਕ ਆਈ.ਪੀ.ਐਸ. ਅਫ਼ਸਰ ਅੱਗੇ ਬੈਠੀ ਹੈ ਤਾਂ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ ਪਰ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਤਾਂ ਤੁਹਾਨੂੰ ਖ਼ੁਦ ਵੀ ਲਗਦਾ ਹੈ ਕਿ ਨਹੀਂ ਨਹੀਂ, ਰਾਣਾ ਨੂੰ ਕੁਝ ਨਹੀਂ ਹੋਣਾ ਚਾਹੀਦਾ, ਹਾਲਾਂਕਿ ਤੁਹਾਨੂੰ ਇਸ ਦਾ ਅੰਤ ਵੀ ਪਤਾ ਹੈ ਪਰ ਕਿਸੇ ਫ਼ਿਲਮ ਵਾਂਗ ਇਹ ਥਰਿਲ ਬਣਿਆ ਰਹਿੰਦਾ ਹੈ। ਰਾਣਾ ਇਹ ਸਭ ਤਾਂ ਹੀ ਕਰ ਸਕੀ ਹੈ ਕਿਉਂਕਿ ਉਸ ਨੂੰ ਆਪਣੀ ਖ਼ੁਦ ਦੀ ਪਛਾਣ ਨਾਲੋਂ ਸੱਚ ਬਾਹਰ ਲਿਆਉਣਾ ਜ਼ਿਆਦਾ ਜ਼ਰੂਰੀ ਲੱਗਿਆ ਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ।
ਜਦੋਂ ਰਾਣਾ ਉਨ੍ਹਾਂ ਅਫ਼ਸਰਾਂ ਬਾਰੇ ਸੂਹ ਕੱਢਣ ਜਾਂਦੀ ਹੈ ਕਿ ਉਸ ਵੇਲੇ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਇਸ਼ਾਰਿਆਂ ‘ਤੇ ਕੌਣ ਕੌਣ ਦੰਗੇ ਭੜਕਾ ਰਹੇ ਸਨ ਤਾਂ ਉਨ੍ਹਾਂ ਪੁਲੀਸ ਅਫ਼ਸਰਾਂ ਨੇ ਸਿਰਫ਼ ਰਸਮੀ ਭਾਸ਼ਾ ਵਿਚ ਉਹ ਵਿਖਿਆਨ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਅੰਦਰੂਨੀ ਖਿਚੋਤਾਣ ਵੀ ਸਾਹਮਣੇ ਆਉਂਦੀ ਹੈ। ਤੁਹਾਨੂੰ ਵੀ ਉਦੋਂ ਬੜਾ ਮਾਰਮਿਕ ਲਗਦਾ ਹੈ ਕਿ ਕਿਵੇਂ ਉਹ ਪੁਲੀਸ ਅਫ਼ਸਰ ਦੋਹਰੀ ਮਾਰ ਹੰਢਾ ਰਹੇ ਹਨ। ਇਕ ਤਾਂ ਉਹ ਆਪਣਾ ਕੰਮ ਕਰਨ ਵਿਚ ਬਿਲਕੁਲ ਵੀ ਸੁਤੰਤਰ ਨਹੀਂ ਹਨ, ਦੂਜਾ ਉਨ੍ਹਾਂ ਨੂੰ ਫਰਜ਼ੀ ਮੁਕਾਬਲਿਆਂ ਵਿਚ ਜਬਰੀ ਇਸ ਕਰਕੇ ਲਾਇਆ ਜਾਂਦਾ ਹੈ ਕਿਉਂਕਿ ਉਹ ਛੋਟੀ ਜ਼ਾਤੀ ਦੇ ਪੁਲੀਸ ਅਫ਼ਸਰ ਹਨ। ਪੁਲੀਸ ਅੰਦਰਲੀ ਇਹ ਜ਼ਾਤ-ਪਾਤ ਵਾਲੀ ਸਥਿਤੀ ਨੂੰ ਤੁਸੀਂ ਇਸ ਕਿਤਾਬ ਰਾਹੀਂ ਬਿਹਤਰ ਸਮਝ ਸਕਦੇ ਹੋ। ਤੁਹਾਨੂੰ ਲਗਦਾ ਹੈ ਕਿ ਏ.ਟੀ.ਐਸ. ਬੜਾ ਮਜ਼ਬੂਤ ਹੈ ਪਰ ਪ੍ਰਿਯਦਰਸ਼ੀ ਵਰਗੇ ਲੋਕ ਜਿਹੜੇ ਵੱਡੇ ਵੱਡੇ ਖ਼ੁਲਾਸੇ ਕਰ ਸਕਦੇ ਹਨ, ਉਨ੍ਹਾਂ ਨੂੰ ਅੱਜ ਵੀ ਗੁਜਰਾਤ ਵਿਚ ਛੋਟੀਆਂ ਜ਼ਾਤਾਂ ਲਈ ਬਣੀਆਂ ਕਾਲੋਨੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਜਕੜਬੰਦੀ ਵਿਚ ਪੁਲੀਸ ਦੀ ਸਿਰਫ਼ ਆਪਸੀ ਰਸਮੀ ਅਰਾਜਕਤਾ ਨਹੀਂ ਹੈ ਕਿ ਕੋਈ ਡੀ.ਜੀ. ਹੈ, ਕੋਈ ਆਈ.ਜੀ. ਹੈ, ਇਸ ਤੋਂ ਇਲਾਵਾ ਹੋਰ ਜਿਹੜੇ ਕਾਰਨ ਹਨ, ਉਹ ਵੀ ਇਸ ਕਿਤਾਬ ਰਾਹੀਂ ਬਾਖ਼ੂਬੀ ਸਾਹਮਣੇ ਆਉਂਦੇ ਹਨ। ਤੁਹਾਨੂੰ ਕਦੇ ਕਦੇ ਲਗਦਾ ਹੈ ਕਿ ਤੁਸੀਂ ਬਹੁਤ ਵੱਡੇ ਨੈਤਿਕ ਸੰਕਟ ਵਿਚ ਆ ਜਾਂਦੇ ਹੋ। ਤੁਹਾਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਇਹ ਪੁਲੀਸ ਅਫ਼ਸਰ ਉਸ ਵੇਲੇ ਤਾਂ ਇਸ ਕਰਕੇ ਮਜਬੂਰ ਸੀ ਜਾਂ ਉਸ ਨੇ ਉਸ ਵੇਲੇ ਗ੍ਰਿਫ਼ਾਤਰੀਆਂ ਨਹੀਂ ਕੀਤੀਆਂ ਪਰ ਜਦੋਂ ਤੁਸੀਂ ਇਸ ਕਿਤਾਬ ਰਾਹੀਂ ਉਨ੍ਹਾਂ ਅਫ਼ਸਰਾਂ ਨਾਲ ਮੁਲਾਕਾਤਾਂ ਦੇ ਦੌਰ ਵਿਚੋਂ ਲੰਘਦੇ ਹੋ ਤਾਂ ਮਹਿਸੂਸ ਕਰਦੇ ਹੋ ਕਿ ਉਹ ਕਿੰਨੇ ਬੇਵੱਸ ਹਨ, ਉਨ੍ਹਾਂ ਦੀਆਂ ਆਪਣੀਆਂ ਕਿੰਨੀਆਂ ਮਜਬੂਰੀਆਂ ਹਨ।

ਮੈਂ ਕਿਤਾਬ ਵਿਚੋਂ ਇਕ ਹਵਾਲਾ ਦਿੰਦੀ ਹਾਂ-
”ਇਸ ਮੰਤਰੀ ਅਮਿਤ ਸ਼ਾਹ ਨੂੰ ਮਨੁੱਖੀ ਅਧਿਕਾਰਾਂ ਵਿਚ ਕੋਈ ਵਿਸ਼ਵਾਸ ਨਹੀਂ। ਉਹ ਸਾਨੂੰ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਮਨੁੱਖੀ ਅਧਿਕਾਰਾਂ ਵਿਚ ਕੋਈ ਭਰੋਸਾ ਨਹੀਂ ਹੈ। ਦੇਖੋ, ਅਦਾਲਤ ਨੇ ਉਸ ਨੂੰ ਹੁਣ ਜ਼ਮਾਨਤ ਵੀ ਦੇ ਦਿੱਤੀ ਹੈ।”
ਮਤਲਬ, ਸੀ.ਬੀ.ਆਈ. ਅਫ਼ਸਰਾਂ ਤੇ ਅਮਿਤ ਸ਼ਾਹ ਦੀਆਂ ਉਹ ਟੇਪ ਰਿਕਾਰਡਿੰਗ ਅਦਾਲਤ ਵਿਚ ਜਮ੍ਹਾ ਕਰਨ ਤੋਂ ਬਾਅਦ ਵੀ ਐਹੋ ਜਿਹੇ ਵਿਅਕਤੀ ਨੂੰ ਜ਼ਮਾਨਤ ਮਿਲ ਸਕਦੀ ਹੈ, ਐਸੇ ਵਿਅਕਤੀ ਨੂੰ ਪੂਰਾ ਨਿਆਂਇਕ ਢਾਂਚਾ, ਪੂਰਾ ਸਿਆਸੀ ਢਾਂਚਾ ਹਮਾਇਤ ਕਰਦਾ ਹੈ। ਸੋ, ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਹਾਨੂੰ ਲਗਦਾ ਹੈ ਕਿ ਅਸਲ ਵਿਚ ਇਹ ਨਿਰੀ ਸਿਆਸੀ ਖੇਡ ਨਹੀਂ ਹੈ, ਇਹ ਪੂਰੀ ਤਰ੍ਹਾਂ ਦਹਿਸ਼ਤੀ ਮਾਨਸਿਕਤਾ। ਇਸ ਮਾਹੌਲ ਵਿਚ ਪੁਲੀਸ ਕਦੇ ਵੀ ਖੁਦਮੁਖਤਿਆਰੀ ਨਾਲ ਕਾਰਵਾਈ ਨਹੀਂ ਕਰ ਸਕੀ। ਇਸ ਸਟਿੰਗ ਦੌਰਾਨ ਬਹੁਤ ਲੋਕਾਂ ਨੇ ਇਹ ਕਬੂਲਿਆ ਹੈ ਕਿ ਜੇਕਰ ਅਸੀਂ ਕਰਦੇ ਆਂ ਤਾਂ ਫਸਦੇ ਆਂ ਜੇ ਨਹੀਂ ਝੁਕਦੇ ਤਾਂ ਵੀ ਫਸਦੇ ਹਾਂ। ਉਸ ਗੁਜਰਾਤ ਸਰਕਾਰ ਦੀ ਇਹ ਸ਼ਖ਼ਸੀਅਤ ਹੈ ਕਿ ਉਸ ਨੇ ਜਿਹੜੇ ਵੀ ਪੁਲੀਸ ਅਫ਼ਸਰ ਨੂੰ ਵਰਤਿਆ, ਜਦੋਂ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਹੋਏ ਤਾਂ ਉਨ੍ਹਾਂ ਦਾ ਵੀ ਪੱਖ ਨਹੀਂ ਪੂਰਿਆ ਗਿਆ। ਇਹਦੀ ਵੱਡੀ ਉਦਾਹਰਣ ਮਾਇਆ ਕੋਡਨਾਨੀ ਦੀ ਹੈ। ਮਾਇਆ ਕੋਡਨਾਨੀ ਪਹਿਲਾਂ ਮੋਦੀ ਸਰਕਾਰ ਦੀ ਭਗਤ ਹੈ ਪਰ ਜਦੋਂ ਉਸ ‘ਤੇ ਵੀ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਲਗਦਾ ਹੈ ਤਾਂ ਮੋਦੀ ਸਰਕਾਰ ਉਸ ਤੋਂ ਵੀ ਕਿਨਾਰਾ ਕਰ ਲੈਂਦੀ ਹੈ।
ਇਸ ਕਿਤਾਬ ਨੂੰ ਤੁਸੀਂ ਦੋ ਹਿੱਸਿਆਂ ਵਿਚ ਵੰਡ ਸਕਦੇ ਹੋ। ਪਹਿਲੇ ਹਿੱਸੇ ਵਿਚ ਉਨ੍ਹਾਂ ਪੁਲੀਸ ਅਫ਼ਸਰਾਂ ਦੀ ਸਥਿਤੀ ਹੋਰ ਹੈ ਤੇ ਦੂਜੇ ਹਿੱਸੇ ਵਿਚ 2002 ਤੋਂ ਲੈ ਕੇ 2016 ਤਕ ਦੇ ਸਮੇਂ ਦੌਰਾਨ ਪੁਲੀਸ ਅਫ਼ਸਰਾਂ ਦੀ ਸਥਿਤੀ ਹੋਰ ਹੈ। ਇਕ ਪੁਲੀਸ ਅਫ਼ਸਰ ਨੇ ਤਾਂ ਚਿੱਠੀ ਤਕ ਲਿਖੀ ਹੈ ਕਿ ਸਾਨੂੰ ਅਮਿਤ ਸ਼ਾਹ ਵਰਗੇ  ਬੰਦਿਆਂ ਨੇ ਬੇਵਕੂਫ਼ ਬਣਾਇਆ। ਪਹਿਲਾਂ ਸਾਡੇ ਤੋਂ ਕੰਮ ਲਿਆ ਗਿਆ ਤੇ ਜਦੋਂ ਸਾਡੇ ਖ਼ਿਲਾਫ਼ ਚਾਰਜਸ਼ੀਟ ਹੋਈ ਤਾਂ ਸਾਡੇ ਤੋਂ ਪੂਰੀ ਤਰ੍ਹਾਂ ਖਹਿੜਾ ਛੁਡਾਇਆ ਗਿਆ। ਫੇਰ ਭਾਜਪਾ ਦੀ ਸਾਜ਼ਿਸ਼ੀ ਚੁੱਪ। ਕਹਿਣ ਦਾ ਭਾਵ ਇਹ ਸਿਰਫ਼ ਸਿਆਸੀ ਖੇਡ ਨਹੀਂ, ਬਹੁਤ ਜ਼ਿਆਦਾ ਲਾਲਚ, ਬਹੁਤ ਜ਼ਿਆਦਾ ਸ਼ਾਤਰ ਦਿਮਾਗ਼ ਦੀ ਸਿਆਸਤ ਹੈ। ਜਿੰਨਾ ਨੈਤਿਕ ਨਿਘਾਰ ਇਸ ਗੁਜਰਾਤ ਸਰਕਾਰ ਵਿਚ ਦੇਖਣ ਨੂੰ ਮਿਲਿਆ, ਓਨਾ ਸ਼ਾਇਦ ਕਿਤੇ ਨਹੀਂ ਸਾਹਮਣੇ ਆਇਆ।
ਇਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਅਸੀਂ ਇਨ੍ਹਾਂ ਹੋ-ਬੀਤੀਆਂ ਗੱਲਾਂ ਨੂੰ ਦੁਬਾਰਾ ਕਿਉਂ ਪੜ੍ਹੀਏ? ਮੈਂ ਸਮਝਦੀ ਹਾਂ ਕਿ ਸੱਚ ਦੀ ਜਟਿਲਤਾ ਨੂੰ ਸਮਝਣ ਵਾਸਤੇ ਇਸ ਨੂੰ ਪੜ੍ਹਨ ਦੀ ਬਹੁਤ ਲੋੜ ਹੈ। ਇਕ ਗੱਲ ਹੋਰ ਮੈਂ ਕਰਨੀ ਚਾਹਾਂਗੀ ਕਿ ਅੱਜ ਤਕ ਜਿਨ੍ਹਾਂ ਨੇ ਰਾਣਾ ਦੀ ਕਿਤਾਬ ‘ਤੇ ਗੱਲ ਕੀਤੀ ਹੈ ਜਾਂ ਅੱਗੋਂ ਕਰਨਗੇ, ਉਹ ਇਸ ‘ਤੇ ਬਹੁਤ ਤੱਤੇ-ਤੱਤੇ ਭੜਕਦੇ-ਧੜਕਦੇ ਗੱਲ ਕਰਨਗੇ ਪਰ ਮੈਂ ਸਮਝਦੀ ਹਾਂ ਕਿ ਇਹ ਰਾਣਾ ਦੀ ਆਪਣੀ ਯਾਤਰਾ ਹੈ ਕਿਉਂਕਿ ਤੁਸੀਂ ਸਟਿੰਗ ਕਰਦੇ ਵਕਤ ਬਿਲਕੁਲ ਇਕੱਲਾ ਮਹਿਸੂਸ ਕਰਦੇ ਹੋ। ਜਿਹੜੇ ਤਹਿਲਕਾ ਦੇ ਪ੍ਰਬੰਧਕ ਹਨ, ਉਨ੍ਹਾਂ ਨੇ ਰਾਣਾ ਨੂੰ ਬਿਲਕੁਲ ਸਾਫ਼ ਕਰ ਦਿੱਤਾ ਸੀ ਕਿ ਜੋ ਵੀ ਕਰਨਾ ਹੈ, ਆਪਣੇ ਰਿਸਕ ‘ਤੇ ਕਰਨਾ ਹੈ, ਤਹਿਲਕਾ ਵਲੋਂ ਕਿਸੇ ਤਰ੍ਹਾਂ ਦੀ ਸੁਰੱਖਿਆ ਦੀ ਉਮੀਦ ਨਾ ਕੀਤੀ ਜਾਵੇ।
ਇਸ ਕਿਤਾਬ ਵਿਚ ਨਾਵਲ ਦੇ ਵੀ ਪੂਰੇ ਗੁਣ ਹਨ। ਇਹ ਸੱਚ ਤਾਂ ਸਾਹਮਣੇ ਲਿਆਂਦੀ ਹੀ ਹੈ, ਨਾਲ ਦੀ ਨਾਲ ਤੁਹਾਨੂੰ ਅਵਸਾਦ ਨਾਲ ਲੜਨ ਦਾ ਵਲ਼ ਵੀ ਸਿਖਾਉਂਦੀ ਹੈ। ਹਰ ਵਕਤ ਚਾਰੇ ਪਾਸੇ ਸਿਮਟੇ ਡਰ ਨਾਲ 8 ਮਹੀਨੇ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਕੋਈ ਛੋਟੀ ਗੱਲ ਨਹੀਂ। ਇਸ ਕਿਤਾਬ ਨੂੰ ਮੈਂ ਸਾਹਿਤਕ ਪੱਖ ਤੋਂ ਵੀ ਵਾਚਿਆ ਹੈ ਕਿ ਕਿਵੇਂ ਰਾਣਾ ਨੇ ਆਪਣੀ ਮਨੋਸਥਿਤੀ ਬਿਆਨ ਕੀਤੀ ਹੈ। ਕਈ ਅਜਿਹੇ ਮੌਕੇ ਆਉਂਦੇ ਹਨ, ਜਿੱਥੇ ਉਹ ਡਰਦੀ ਹੈ, ਉਹ ਰੋਣਾ ਚਾਹੁੰਦੀ ਹੈ, ਉਸ ਦੀ ਮਾਨਸਿਕ ਸਥਿਤੀ ਵੀ ਤੁਹਾਨੂੰ ਬਹੁਤ ਕੁਝ ਸੋਚਣ ਲਈ ਬੇਚੈਨ ਕਰਦੀ ਹੈ। ਇਸ ਕਿਤਾਬ ਦਾ ਇਹ ਸਾਹਿਤਕ ਪੱਖ ਉਨ੍ਹਾਂ ਦੰਗਿਆਂ ਦੇ ਸੱਚ ਨੂੰ ਛੋਟਾ ਨਹੀਂ ਕਰਦਾ ਪਰ ਤੁਹਾਡੀ ਕਲਪਨਾ ਸ਼ਕਤੀ ਜ਼ਰੂਰ ਬਹੁਤ ਕੁਝ ਸੋਚਦੀ ਹੈ।