ਤੇਜ਼ ਝੱਖੜ ਵਿਚ ਬਲਦਾ ਹੋਇਆ ਚਿਰਾਗ਼ ਹੈ ਰਾਣਾ ਅਯੂਬ

ਤੇਜ਼ ਝੱਖੜ ਵਿਚ ਬਲਦਾ ਹੋਇਆ ਚਿਰਾਗ਼ ਹੈ ਰਾਣਾ ਅਯੂਬ

‘ਗੁਜਰਾਤ ਫਾਈਲਜ਼’ ਦੇ ਹਵਾਲੇ ਨਾਲ…

ਕਮਲ ਦੁਸਾਂਝ (ਮੋਬਾਈਲ : 98887-99871)
‘ਗੁਜਰਾਤ ਫਾਈਲਜ਼’ ਦੀ ਅਸਲ ਨਾਇਕਾ ਖ਼ੁਦ ਰਾਣਾ ਅਯੂਬ ਹੈ ਤੇ ਉਹ ਦੁਨੀਆਵੀ ਜ਼ਿੰਦਗੀ ਵਿਚ ਵੀ ਅਸਲ ਨਾਇਕਾ ਹੈ। ਉਹ ਖ਼ੌਫ਼ਨਾਕ ਰਾਹਾਂ ‘ਤੇ ਬੇਖੌਫ਼ ਹੋ ਕੇ ਤੁਰਦੀ ਹੈ। ਇਨ੍ਹਾਂ ਰਾਹਾਂ ਵਿਚ ਖੜ੍ਹੇ ਜਿਹੜੇ ਦਿਉਆਂ ਨਾਲ ਉਹ ਟੱਕਰ ਲੈਂਦੀ ਹੈ, ਉਹ ਚਿਹਰਿਆਂ ਤੋਂ ਬੜੇ ਮਾਸੂਮ ਹਨ। ਭਾਵ ਰਾਣਾ ਦੀ ਟੱਕਰ ਸਿੱਧੀ ਸੱਤਾ ਨਾਲ ਹੈ ਤੇ ਸੱਤਾ ਹਮੇਸ਼ਾ ਨਿਰਦਈ ਹੀ ਹੋਇਆ ਕਰਦੀ ਹੈ। ਸੱਤਾ ਦਾ ਧਰਮ ਨਾਲ ਕੋਈ ਲੈਣ-ਦੇਣ ਨਹੀਂ, ਪਰ ਧਰਮ ਦੀ ਓਟ ਵਿਚ ਇਸ ਦਾ ਕਰੂਪ ਚਿਹਰਾ ਲੁਕਿਆ ਹੁੰਦਾ ਹੈ। ਸੱਤਾ ਦਾ ਇਹ ਕਰੂਪ ਚਿਹਰਾ ਦੇਖ ਕੇ ਰਾਣਾ ਕੁਝ ਸਮੇਂ ਲਈ ਨਿਰਾਸ਼-ਹਤਾਸ਼ ਜ਼ਰੂਰ ਹੁੰਦੀ ਹੈ ਪਰ ਹੌਸਲਾ ਨਹੀਂ ਹਾਰਦੀ। ਆਪਣੇ ਇਮਾਨਦਾਰਾਨਾ ਅਕੀਦੇ, ਹੌਸਲੇ ਅਤੇ ਵਿਸਵਾਸ਼ ਕਰ ਕੇ ਹੀ ਉਹ ਸਿੱਧਾ ਹਕੂਮਤੀ ਜਬਾੜੇ ਵਿਚ ਹੱਥ ਪਾ ਦਿੰਦੀ ਹੈ। ਇਹ ਹੌਸਲਾ ਉਸ ਨੂੰ ਆਪਣੀ ਵਿਰਾਸਤ ਵਿਚੋਂ ਮਿਲਿਆ ਹੈ। ਉਸ ਦੀ ਜਨਨੀ ਜਾਣਦੀ ਹੈ ਕਿ ਉਸ ਨੇ ਦਲੇਰ ਧੀ ਨੂੰ ਜਨਮ ਦਿੱਤਾ ਹੈ ਤੇ ਉਹ ਖ਼ੁਦ ਉਸ ਨੂੰ ਹਾਕਮਾਂ ਵਿਰੁੱਧ ਡੱਟਣ ਲਈ ਤਿਆਰ ਕਰਦੀ ਹੈ। ਇਹੋ ਜਿਹੀ ਮਾਂ ਦੀ ਧੀ ਫੇਰ ਹਿੰਮਤ ਕਿਵੇਂ ਨਾ ਕਰਦੀ। ਆਮ ਬੰਦੇ ਦਾ ਦਰਦ ਜਾਣਨ ਲਈ ਖ਼ੁਦ ਬੇਪਛਾਣ ਹੋਣਾ ਤੇ ਖ਼ੌਫ਼ਨਾਕ ਮੰਜ਼ਿਲ ਵੱਲ ਬਿਨਾਂ ਰੁਕੇ ਦੌੜਦੇ ਜਾਣ ਦਾ ਜ਼ੇਰਾ ਰਾਣਾ ਹੀ ਕਰ ਸਕਦੀ ਸੀ ਕਿਉਂਕਿ ਉਹ ਅਸਲ ਜ਼ਿੰਦਗੀ ਦੀ ਨਾਇਕਾ ਹੈ।
ਰਾਣਾ ਦੀ ਦਲੇਰੀ ਪੜ੍ਹਦਿਆਂ ਨਾਲੋ-ਨਾਲ ਪਾਕਿਸਤਾਨ ਦੀ ਬਹਾਦਰ ਕੁੜੀ ਮਲਾਲਾ ਯੌਸਫ਼ਜ਼ਾਈ ਵੀ ਚੇਤਿਆਂ ਵਿਚ ਘੁੰਮ ਰਹੀ ਸੀ ਜੋ ਆਪਣੇ ਆਲੇ-ਦੁਆਲੇ ਦਹਿਸ਼ਤਵਾਦ ਦੇ ਤਾਂਡਵ ਨੂੰ ਆਪਣੀ ਨਿੱਜੀ ਡਾਇਰੀ ਰਾਹੀਂ ਬਿਆਨ ਕਰਦੀ ਹੈ। ਜਦੋਂ ਕੁੱਲ ਦੁਨੀਆ ਉਹਦੀਆਂ ਲਿਖਤਾਂ ਰਾਹੀਂ ਉਸ ਇਲਾਕੇ ਦੇ ਦਹਿਸ਼ਤਗਰਦਾਂ ਹੱਥੋਂ ਕੁਚਲੇ ਜਾ ਰਹੇ ਦਰਦਾਂ ਬਾਰੇ ਜਾਣਦੀ ਹੈ ਤਾਂ ਕੁੱਲ ਦੁਨੀਆ ਉਹਦੇ ਨਾਲ ਆ ਖੜ੍ਹਦੀ ਹੈ। ਮਲਾਲਾ ਵੀ ਇਸ ਹੌਸਲੇ ਨਾਲ ਦਹਿਸ਼ਤਗਰਦਾਂ ਨਾਲ ਟੱਕਰ ਲੈਣ ਦੇ ਸਮਰਥ ਹੁੰਦੀ ਹੈ। ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਦੁਨੀਆ ਉਸ ਨੂੰ ਖੂਨੀ ਪੰਜਿਆਂ ਵਿਚੋਂ ਬੋਚ ਕੇ ਲੈ ਜਾਂਦੀ ਹੈ ਤੇ ਨੋਬੇਲ ਪੁਰਸਕਾਰ ਨਾਲ ਨਵਾਜਦੀ ਹੈ।
ਪਰ ਇਥੇ ਰਾਣਾ ਤੇ ਮਲਾਲਾ ਵਿਚ ਕੁੱਝ ਫ਼ਰਕ ਰਹਿ ਜਾਂਦਾ ਹੈ। ਰਾਣਾ ਕਿਉਂਕਿ ਸੱਤਾ ਨਾਲ ਟੱਕਰ ਲੈਂਦੀ ਹੈ ਤਾਂ ਉਹ ਇਕੱਲੀ ਹੈ। ਕੁੱਲ ਦੁਨੀਆ ਦੀਆਂ ਹਕੂਮਤਾਂ ਇਕ-ਦੂਜੇ ਨਾਲ ਰਲ਼ ਜਾਂਦੀਆਂ ਹਨ। ਗੁਜਰਾਤ ਦੰਗਿਆਂ ਕਾਰਨ ਜਿਸ ਨਰਿੰਦਰ ਮੋਦੀ ਲਈ ਅਮਰੀਕਾ ਵਰਗੇ ਮੁਲਕ ਦੇ ਰਾਹ ਬੰਦ ਹੋ ਜਾਂਦੇ ਹਨ, ਉਹੀ ਅਮਰੀਕਾ ਅੱਜ ਮੋਦੀ ਨੂੰ ਸੱਦ ਕੇ ਫ਼ਖ਼ਰ ਮਹਿਸੂਸ ਕਰਦਾ ਹੈ। ਇਹੀ ਨਹੀਂ, ਡਾ. ਮਨਮੋਹਨ ਸਿੰਘ ਨੂੰ ਮਹਾਨ ਵਿਅਕਤੀ ਤੋਂ ਸੁਸਤ ਪ੍ਰਧਾਨ ਮੰਤਰੀ ਗਰਦਾਣਨਾ ਕੋਈ ਸਹਿਜ ਗੱਲ ਨਹੀਂ ਸੀ। ਸੋਚੀ ਸਮਝੀ ਚਾਲ ਸੀ। ਇੱਥੇ ਅਜਿਹੀ ਅਦਿੱਖ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ ਜੋ ਹਕੂਮਤ ਦੇ ਹੱਥ ਤੈਅ ਕਰਦੀ ਹੈ। ਇਹੀ ਸ਼ਕਤੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਂਦੀ ਹੈ। ਇਹੀ ਸ਼ਕਤੀ ਬਹੁ-ਗਿਣਤੀ ਅਮਰੀਕੀਆਂ ਵਲੋਂ ਨਾ-ਪਸੰਦ ਡੋਨਲਡ ਟਰੰਪ ਨੂੰ ਸ਼ਕਤੀਸ਼ਾਲੀ ਮੁਲਕ ਦਾ ਰਾਸ਼ਟਰਪਤੀ ਬਣਾਉਂਦੀ ਹੈ। ਮੁਲਕਾਂ ‘ਤੇ ਹਕੂਮਤ ਨਾ ਮੋਦੀ ਕਰਦੇ ਹਨ ਤੇ ਨਾ ਹੀ ਟਰੰਪ, ਅਸਲ ਹਕੂਮਤ ਇਸ ਅਦਿੱਖ ਸ਼ਕਤੀ ਦੀ ਹੈ ਤੇ ਇਹ ਸ਼ਕਤੀ ਕੋਈ ਹੋਰ ਨਹੀਂ ਬਲਕਿ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਹੈ। ਭਾਰਤ ਨੂੰ ਭਾਵੇਂ ਅੰਬਾਨੀ, ਅਡਾਨੀ ਵਰਗੇ ਉਦਯੋਗਪਤੀ ਆਪਣੇ ਮਨ-ਮੁਆਫ਼ਕ ਚਲਾ ਰਹੇ ਹਨ ਪਰ ਅਸਲ ਡੋਰ ਹਥਿਆਰ ਮੰਡੀ ਕੋਲ ਹੈ। ਇਸ ਦਾ ਮਕਸਦ ਹਰ ਬੰਦੇ ਦੇ ਹੱਥ ਵਿਚ ਹਥਿਆਰ ਦੇ ਕੇ ਸ਼ਾਂਤੀ ਦਾ ਅਡੰਬਰ ਰਚਣਾ ਹੈ।
ਗੁਜਰਾਤ ਵਿਚ ਜੋ ਕੁਝ ਵਾਪਰਦਾ ਹੈ, ਉਹ ਪਹਿਲੀ ਵਾਰ ਨਹੀਂ ਸੀ। ਦੁਨੀਆ ਦੇ ਹਰ ਕੋਨੇ ਵਿਚ ਰੋਜ਼ ਵਾਪਰ ਰਿਹਾ ਹੈ। ਸੀਰੀਆ, ਅਫ਼ਗਾਨਿਸਤਾਨ, ਪਾਕਿਸਤਾਨ, ਅਰਬ ਮੁਲਕਾਂ ਵਿਚ ਜੋ ਕੁਝ ਵਾਪਰ ਰਿਹਾ ਹੈ, ਗੁਜਰਾਤ ਉਸ ਦਾ ਛੋਟਾ ਜਿਹਾ ਹਿੱਸਾ ਹੈ। ਤੇ ਅਜਿਹਾ ਸਿਰਫ਼ ਹਿੰਦੂਵਾਦੀ ਭਾਜਪਾ ਦੀ ਹਕੂਮਤ ਦੌਰਾਨ ਹੀ ਨਹੀਂ ਵਾਪਰਦਾ, ਧਰਮ ਨਿਰਪੱਖ ਦਾ ਚੋਲਾ ਪਾਉਣ ਵਾਲੀ ਕਾਂਗਰਸ ਦੀ ਹਕੂਮਤ ਦੌਰਾਨ ਵੀ ਇਹੋ ਜਿਹੇ ਦੰਗੇ ਆਮ ਹੁੰਦੇ ਹਨ। ਬਹੁਤੀ ਦੂਰ ਨਾ ਜਾਂਦੇ ਹੋਏ, ਪੰਜਾਬ ਦੀ ਉਦਾਹਰਣ ਹੀ ਲਈ ਜਾ ਸਕਦੀ ਹੈ। ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਦੀ ਸੱਤਾ ਧਿਰ 1984 ਦੇ ਸਿੱਖ ਕਤਲੇਆਮ ਵੇਲੇ ਇਕ-ਸੁਰ ਹੀ ਸਨ। ਜੇ ਪੰਜਾਬ ਦੀ ਹਕੂਮਤੀ ਧਿਰ ਸੰਜੀਦਾ ਹੁੰਦੀ ਤਾਂ ਮਨੁੱਖਤਾ ਦਾ ਏਨੇ ਵੱਡੇ ਪੱਧਰ ‘ਤੇ ਘਾਣ ਨਾ ਹੁੰਦਾ। ਇਨ੍ਹਾਂ ਹਕੂਮਤਾਂ ਦੀ ਸਿੱਤਮਜ਼ਰੀਫ਼ੀ ਇਸ ਹੱਦ ਤਕ ਹੈ ਕਿ ਆਮ ਬੰਦੇ ਨੂੰ 32ਵਰ੍ਹਿਆਂ ਬਾਅਦ ਵੀ ਨਿਆਂ ਨਹੀਂ ਮਿਲਿਆ। ਅੱਜ ਵੀ ਪੰਜਾਬੀਆਂ ਨੂੰ ਮੂਰਖ਼ ਬਣਾਉਣ ਵਾਲੀਆਂ ਧਿਰਾਂ ਦਾ ਸੱਚ ਸਾਹਮਣੇ ਲਿਆਉਣ ਲਈ ਰਾਣਾ ਵਰਗੇ ਨਾਇਕ-ਨਾਇਕਾਵਾਂ ਦੀ ਲੋੜ ਹੈ।
ਇਹ ਰਾਣਾ ਹੀ ਸੀ ਜਿਸ ਨੇ ਗੁਜਰਾਤ ਵਿਚ ਫ਼ਰਜ਼ੀ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਂਦਾ ਤੇ ਅਮਿਤ ਸ਼ਾਹ ਵਰਗੇ ਬੰਦਿਆਂ ਨੂੰ ਜੇਲ੍ਹ ਜਾਣਾ ਪਿਆ। ਅੱਠ ਮਹੀਨਿਆਂ ਦੇ ਵਕਫ਼ੇ ਦੌਰਾਨ ਰਾਣਾ ਜਦੋਂ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਵਿਚ ਵਿਚਰਦੀ ਹੈ ਤਾਂ ਸਾਡਾ ਟੁੱਟਿਆ-ਭੱਜਿਆ ਸਮਾਜਿਕ ਢਾਂਚਾ ਵੀ ਬਾਖ਼ੂਬੀ ਸਾਹਮਣੇ ਆਉਂਦਾ ਹੈ। ਕਿਤਾਬ ਦੀ ਨਾਇਕਾ ਨੂੰ ਵੀ ਅਜਿਹੇ ਨਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ, ਜੋ ਨਾ ਤਾਂ ਦਲਿਤ ਹੋਵੇ ਤਾਂ ਨਾ ਮੁਸਲਮਾਨ। ਦਲਿਤਾਂ-ਔਰਤਾਂ-ਘੱਟ ਗਿਣਤੀਆਂ ਨਾਲ ਜਿਸ ਤਰ੍ਹਾਂ ਅਣਮਨੁੱਖੀ ਵਿਹਾਰ ਹੋ ਰਿਹਾ ਹੈ, ਉਹ ਭਾਰਤ ਦੇ ਇਕ ਛੋਟੇ ਹਿੱਸੇ ਵਿਚ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿਚ ਵਾਪਰ ਰਿਹਾ ਹੈ ਤੇ ਉਹ ਵੀ ਕੋਈ ਅੱਜ ਦਾ ਨਹੀਂ, ਸਦੀਆਂ ਦਾ ਵਰਤਾਰਾ ਹੈ। ਆਲਮੀ ਪਿੰਡ ਬਣਾਉਣ ਦੀ ਦੌੜ ਵਿਚ ਮਨੁੱਖਤਾ ਅੱਜ ਵੀ ਮਨਫ਼ੀ ਹੈ। ਜੇ ਗੁਜਰਾਤ ਤੇ ਅਮਰੀਕਾ ਵਿਚ ਮੁਸਲਮਾਨਾਂ, ਘੱਟ-ਗਿਣਤੀਆਂ, ਔਰਤਾਂ ‘ਤੇ ਹਮਲੇ ਹੋ ਰਹੇ ਹਨ ਤਾਂ ਪਾਕਿਸਤਾਨ ਵਰਗੇ ਮੁਲਕਾਂ ਵਿਚ ਹਿੰਦੂ-ਸਿੱਖ ਨਿਸ਼ਾਨੇ ‘ਤੇ ਹਨ। ਇਹ ਹੈ ਸਾਡੇ ‘ਭੱਦਰ’ ਸਮਾਜ ਦਾ ਅਭੱਦਰ ਚਿਹਰਾ। ਇਨ੍ਹਾਂ ‘ਭੱਦਰ’ ਚਿਹਰਿਆਂ ਨੇ ਅੱਜ ਕੱਲ੍ਹ ਰਾਸ਼ਟਰਵਾਦ ਦੀ ਓਟ ਲੈ ਲਈ ਹੈ। ਜੇ ਤੁਸੀਂ ਇਸ ਤਰ੍ਹਾਂ ਦੀਆਂ ਬੁਰਾਈਆਂ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਮੁਲਕ ਦੇ ਵੱਡੇ ਗ਼ਦਾਰ ਹੋ।
ਸੱਤਾ-ਤੰਤਰ ਕੰਮ ਕਿਵੇਂ ਕਰਦਾ ਹੈ, ਉਹ ਵੀ ਰਾਣਾ ਨੇ ਬਾਖ਼ੂਬੀ ਬਿਆਨ ਕੀਤਾ ਹੈ। ਜਦੋਂ ਉਹ ਪੁਲੀਸ ਅਫ਼ਸਰਾਂ ਨਾਲ ਮੁਲਾਕਾਤਾਂ ਕਰਦੀ ਹੈ ਤਾਂ ਉਨ੍ਹਾਂ ਦੀ ਬੇਵਸੀ, ਲਾਚਾਰੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਇਹ ਤਾਂ ਉਹ ਸੱਚ ਹੈ ਜੋ ਉਨ੍ਹਾਂ ਨੇ ਆਪਣੇ-ਆਪ ਨੂੰ ਬਚਾਉਂਦਿਆਂ ਪੇਸ਼ ਕੀਤਾ ਹੈ, ਜ਼ਾਹਰਾ ਤੌਰ ‘ਤੇ ਇਸ ਦੀ ਭਿਆਨਕਤਾ ਹੋਰ ਵੀ ਜ਼ਿਆਦਾ ਹੈ। ‘ਗੁਜਰਾਤ ਫਾਈਲਜ਼’ ਸਿਰਫ਼ ਗੁਜਰਾਤ ਦਾ ਹੀ ਸੱਚ ਨਹੀਂ ਹੈ, ਇਸ ਦੇ ਬਹਾਨੇ ਪੂਰੀ ਦੁਨੀਆ ਦੇ ਵਰਤਾਰੇ ਨੂੰ ਸਮਝਿਆ ਜਾ ਸਕਦਾ ਹੈ। ਤੇ ਇਸ ਨਾਲ ਸਿੱਝਣ ਲਈ ਰਾਣਾ ਵਰਗੀ ਦਲੇਰੀ ਦੀ ਲੋੜ ਹੈ। ਅਖੌਤੀ ਬੁੱਧੀਜੀਵੀ ਲੇਖਕਾਂ ਵਲੋਂ ਬੇਤੁਕੀਆਂ ਨਿਘੋਚਾਂ ਕਰਕੇ ਕਿਤਾਬ ਨੂੰ ਭੰਡਿਆ ਤਾਂ ਜਾ ਸਕਦਾ ਹੈ ਪਰ ਇਸ ਅੰਦਰਲੇ ਸੱਚ ਨੂੰ ਨਹੀਂ ਮਾਰਿਆ ਜਾ ਸਕਦਾ ਤੇ ਇਸ ਸੱਚ ‘ਤੇ ਪਹਿਰਾ ਦੇਣ ਵਾਲੇ ਰਾਣਾ ਵਰਗੇ ਸ਼ੁਦਾਈ ਹੀ ਹੋ ਸਕਦੇ ਹਨ। ਦਰਅਸਲ, ‘ਗੁਜਰਾਤ ਫਾਈਲਜ਼’ ਅਸਲ ਇਨਸਾਨ ਦੀ ਕਹਾਣੀ, ਅਸਲ ਨਾਇਕਾ ਦੀ ਕਹਾਣੀ ਤੇ ਅਸਲ ਦਲੇਰੀ ਦੀ ਕਹਾਣੀ ਹੈ, ਤੇ ਸੱਤਾਵਾਦੀਆਂ ਦਾ ਸੱਚ ਸਾਹਮਣੇ ਲਿਆਉਣ ਲਈ ਰਾਣਾ ਵਰਗੀ ਦਲੇਰੀ ਦੀ ਦਰਕਾਰ ਹੈ। ਗੱਲ ਕੀ ਤੇਜ਼ ਝੱਖੜ ਵਿਚ ਵੀ ਬਲਦਾ ਹੋਇਆ ਚਿਰਾਗ ਹੈ ਰਾਣਾ ਅਯੂਬ।