‘ਟੈਗੋਰ ਦਾ ਦੇਸ਼ ਪ੍ਰੇਮ ਬਨਾਮ ਮਾਨਵਤਾ

‘ਟੈਗੋਰ ਦਾ ਦੇਸ਼ ਪ੍ਰੇਮ ਬਨਾਮ ਮਾਨਵਤਾ

ਲੋਕਤੰਤਰ ਦੇ ਮੁੱਲਾਂ ਦੇ ਖ਼ਤਮ ਹੋ ਜਾਣ ਦਾ ਸਭ ਤੋਂ ਵੱਡਾ ਪ੍ਰਤੀਕ ਹਿਟਲਰ ਕਿਉਂ ਹੈ। ਉਸ ਨੇ ਜ਼ਰੂਰ ਝੂਠ ਦਾ ਜਾਲ ਫੈਲਾਇਆ। ਲੱਖਾਂ ਲੋਕਾਂ ਨੂੰ ਮਾਰ ਦਿੱਤਾ। ਜਿਸ ਰਾਸ਼ਟਰ ਲਈ ਉਹ ਸਭ ਕਰ ਰਿਹਾ ਸੀ, ਬਾਅਦ ਵਿਚ ਪਤਾ ਚੱਲਾ ਕਿ ਉਹ ਆਪਣੀ ਖਬਤ ਲਈ ਕਰ ਰਿਹਾ ਸੀ। ਹਿਟਲਰ ਦਾ ਰਾਸ਼ਟਰਵਾਦ ਉਸ ਦੀ ਖਬਤ ਦਾ ਰਾਸ਼ਟਰਵਾਦ ਹੈ। ਇਕ ਪਾਗ਼ਲ ਤੇ ਵਹਿਸ਼ੀ ਤੇ ਪ੍ਰਚਾਰ ਦੇ ਭੁੱਖੇ ਦਾ ਰਾਸ਼ਟਰਵਾਦ ਹੈ। ਨਸਲ ਤੇ ਇਤਿਹਾਸ ਬਦਲਣ ਆਇਆ ਸੀ, ਖ਼ੁਦ ਇਕ ਬਦਨਾਮ ਨਸਲ ਵਜੋਂ ਯਾਦ ਕੀਤਾ ਜਾਣ ਲੱਗਾ। ਉਸ ਦਾ ਇਤਿਹਾਸ ਇਕ ਘਿਣੌਣਾ ਇਤਿਹਾਸ ਹੈ। ਪਰ ਅਸੀਂ ਉਸ ਇਤਿਹਾਸ ਤੋਂ ਕੋਈ ਸੌ ਸਾਲ ਦੂਰ ਖੜ੍ਹੇ ਹਾਂ। ਫਿਰ ਵੀ ਲੋਕਤੰਤਰ ਦੇ ਖ਼ਤਰਿਆਂ ਦੀ ਆਹਟ ਹਿਟਲਰ ਦੀ ਸ਼ਕਲ ਵਿਚ ਕਿਉਂ ਸੁਣਾਈ ਦਿੰਦੀ ਹੈ।

ਰਵੀਸ਼ ਕੁਮਾਰ
ਟੀ.ਵੀ. ਬਹੁਤ ਹੀ ਮੁਸ਼ਕਲ ਜ਼ਰੀਆ ਹੈ, ਕਈ ਵਾਰ ਲਗਦਾ ਹੈ ਕਿ ਕਾਸ਼ ਟੀ.ਵੀ. ਕੋਲ ਵੀ ਅਖ਼ਬਾਰਾਂ ਵਾਂਗ ਪੰਨੇ ਹੁੰਦੇ। ਜਦੋਂ ਵੀ ਰਾਸ਼ਟਰਵਾਦ ਤੇ ਦੇਸ਼ ਭਗਤੀ ਨੂੰ ਲੈ ਕੇ ਬਹਿਸ ਹੁੰਦੀ ਹੈ, ਰਵਿੰਦਰ ਨਾਥ ਟੈਗੋਰ ਦਾ ਲੇਖ ਛਪ ਜਾਂਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਰਾਸ਼ਟਰਵਾਦ ‘ਤੇ ਲੈਫਟ-ਰਾਈਟ ਸੈਂਟਰ ਦੀਆਂ ਏਨੀਆਂ ਕਿਤਾਬਾਂ ਹਨ, ਫਿਰ ਵੀ ਰਵਿੰਦਰ ਨਾਥ ਟੈਗੋਰ ਦੇ ਇਸ ਲੇਖ ਦੀ ਕੀ ਖ਼ਾਸੀਅਤ ਹੈ, ਜਦੋਂ ਵੀ ਰਾਸ਼ਟਰਵਾਦ ‘ਤੇ ਬਹਿਸ ਹੁੰਦੀ ਹੈ, ਉਨ੍ਹਾਂ ਦੇ ਲੇਖ ਦਾ ਹਿੱਸਾ ਕਿਤੇ ਨਾ ਕਿਤੇ ਛਪ ਜਾਂਦਾ ਹੈ। ਵਾਰ ਵਾਰ ਪੇਸ਼ ਕਰਨ ਵਾਲਾ ਇਸ ਲੇਖ ਤੋਂ ਕਿਉਂ ਇਹ ਉਮੀਦ ਕਰਦਾ ਹੈ ਕਿ ਜਨੂੰਨ ਦਾ ਤੂਫ਼ਾਨ ਕੁਝ ਘੱਟ ਹੋਵੇਗਾ, ਲੋਕ ਸਮਝਣ ਸਕਣਗੇ ਕਿ ਰਾਸ਼ਟਰਵਾਦ ਦੇ ਨਾਂ ‘ਤੇ ਖ਼ਬਤ ਦੇ ਖ਼ਤਰੇ ਕੀ ਹਨ।
ਹਿਟਲਰ ਦਾ ਜ਼ਿਕਰ ਕਰਦਿਆਂ ਹੀ ਕੀ ਅਸੀਂ ਤੇ ਤੁਸੀਂ ਵਾਕਿਆ ਆਪਣੇ ਲੋਕਤੰਤਰ ਨੂੰ ਲੈ ਕੇ ਸੁਚੇਤ ਹੋ ਜਾਂਦੇ ਹਾਂ। ਹਿਟਲਰ ਹਿਟਲਰ ਬੋਲਣ ਵਾਲੇ ਨੂੰ ਇਕ ਗੱਲ ਦਾ ਏਨਾ ਭਰੋਸਾ ਹੈ ਕਿ ਲੋਕ ਰਾਸ਼ਟਰਵਾਦ ਦੇ ਡਰਾਮੇ ਨੂੰ ਸਮਝ ਜਾਣਗੇ। ਭੁੱਖ ਤੋਂ ਵੱਡਾ ਕੋਈ ਦੇਸ਼ ਨਹੀਂ ਹੈ। ਫਿਰ ਕਿਸੇ ਨੂੰ ਕਿਉਂ ਏਨਾ ਭਰੋਸਾ ਹੈ ਕਿ ਰਾਸ਼ਟਰਵਾਦ ਦਾ ਇਸਤੇਮਾਲ ਜੇਕਰ ਕੋਈ ਨੇਤਾ ਕਿਸੇ ਦੇ ਜ਼ਖ਼ਮ ‘ਤੇ ਲੂਣ ਵਾਂਗ ਕਰੇਗਾ ਤਾਂ ਵੀ ਉਹ ਉਫ਼ ਨਹੀਂ ਕਰੇਗਾ। ਸਾਨੂੰ ਕਿਉਂ ਲਗਦਾ ਹੈ ਕਿ ਹਿਟਲਰ ਦਾ ਨਾਂ ਲਏ ਬਿਨਾਂ ਲੋਕਤੰਤਰ ਦੇ ਖ਼ਤਰਿਆਂ ਬਾਰੇ ਲੋਕ ਅਣਜਾਣ ਰਹਿ ਜਾਣਗੇ। ਦੁਨੀਆ ਵਿਚ ਇਸੇ ਜਨਤਾ ਨੇ ਤਮਾਮ ਤਾਨਾਸ਼ਾਹਾਂ ਦੀਆਂ ਸਰਕਾਰਾਂ ਪਲਟ ਦਿੱਤੀਆਂ ਹਨ, ਕੀ ਉਹ ਸਾਰੇ ਹਿਟਲਰ ਨੂੰ ਜਾਣਦੇ ਸਨ। ਲੋਕਤੰਤਰ ਦੇ ਮੁੱਲਾਂ ਦੇ ਖ਼ਤਮ ਹੋ ਜਾਣ ਦਾ ਸਭ ਤੋਂ ਵੱਡਾ ਪ੍ਰਤੀਕ ਹਿਟਲਰ ਕਿਉਂ ਹੈ। ਉਸ ਨੇ ਜ਼ਰੂਰ ਝੂਠ ਦਾ ਜਾਲ ਫੈਲਾਇਆ। ਲੱਖਾਂ ਲੋਕਾਂ ਨੂੰ ਮਾਰ ਦਿੱਤਾ। ਜਿਸ ਰਾਸ਼ਟਰ ਲਈ ਉਹ ਸਭ ਕਰ ਰਿਹਾ ਸੀ, ਬਾਅਦ ਵਿਚ ਪਤਾ ਚੱਲਾ ਕਿ ਉਹ ਆਪਣੀ ਖਬਤ ਲਈ ਕਰ ਰਿਹਾ ਸੀ। ਹਿਟਲਰ ਦਾ ਰਾਸ਼ਟਰਵਾਦ ਉਸ ਦੀ ਖਬਤ ਦਾ ਰਾਸ਼ਟਰਵਾਦ ਹੈ। ਇਕ ਪਾਗ਼ਲ ਤੇ ਵਹਿਸ਼ੀ ਤੇ ਪ੍ਰਚਾਰ ਦੇ ਭੁੱਖੇ ਦਾ ਰਾਸ਼ਟਰਵਾਦ ਹੈ। ਨਸਲ ਤੇ ਇਤਿਹਾਸ ਬਦਲਣ ਆਇਆ ਸੀ, ਖ਼ੁਦ ਇਕ ਬਦਨਾਮ ਨਸਲ ਵਜੋਂ ਯਾਦ ਕੀਤਾ ਜਾਣ ਲੱਗਾ। ਉਸ ਦਾ ਇਤਿਹਾਸ ਇਕ ਘਿਣੌਣਾ ਇਤਿਹਾਸ ਹੈ। ਪਰ ਅਸੀਂ ਉਸ ਇਤਿਹਾਸ ਤੋਂ ਕੋਈ ਸੌ ਸਾਲ ਦੂਰ ਖੜ੍ਹੇ ਹਾਂ। ਫਿਰ ਵੀ ਲੋਕਤੰਤਰ ਦੇ ਖ਼ਤਰਿਆਂ ਦੀ ਆਹਟ ਹਿਟਲਰ ਦੀ ਸ਼ਕਲ ਵਿਚ ਕਿਉਂ ਸੁਣਾਈ ਦਿੰਦੀ ਹੈ। ਸ਼ੋਲੇ ਫ਼ਿਲਮ ਦਾ ਗੱਬਰ ਸਿੰਘ ਹੋ ਗਿਆ ਹੈ ਹਿਟਲਰ। ਗੱਬਰ ਨੂੰ ਪਤਾ ਨਹੀਂ ਸੀ ਕਿ ਜੈ ਤੇ ਵੀਰੂ ਦੋ ਹੀ ਸਨ। ਉਸ ਦੇ ਕੁਨਬੇ ਨੂੰ ਮਿਟਾ ਗਏ। ਗੱਬਰ ਦੀ ਦੁਰਗਤੀ ਸ਼ੋਲੇ ਦੇ ਹਰ ਦਰਸ਼ਕ ਨੂੰ ਯਾਦ ਹੈ।
ਯਾਦ ਰੱਖਣਾ ਉਦਾਰਵਾਦ ਦੇ ਚੋਲੇ ਪਾ ਕੇ ਵੀ ਬਹੁਤ ਸਾਰੇ ਹਿਟਲਰ ਆਏ। ਲੋਕਤੰਤਤ ਦਾ ਨਾਂ ਲੈ ਕੇ ਵੀ ਬਹੁਤ ਸਾਰੇ ਹਿਟਲਰ ਆਏ ਹਨ। ਹਿਸਾਬ ਸਾਰਿਆਂ ਦਾ ਹੋਣਾ ਚਾਹੀਦਾ ਹੈ। ਰਾਸ਼ਟਰਵਾਦ ਦਾ ਗਿਆਨੀ ਤੋਂ ਗਿਆਨੀ ਪ੍ਰੋਫੈਸਰ ਅਤੇ ਚਿੰਤਕ ਇਸ ਬਹਿਸ ਨੂੰ ਦਿਸ਼ਾ ਨਹੀਂ ਦੇ ਸਕਦਾ, ਪਰ ਦੁਨੀਆ ਦੇ ਹਰ ਹਿੱਸੇ ਵਿਚ ਇਕ ਨੇਤਾ ਆਉਂਦਾ ਹੈ ਤੇ ਉਹ ਆਪਣੇ ਸਮੇਂ ਨੂੰ ਰਾਸ਼ਟਰਵਾਦੀ ਸਾਂਚੇ ਵਿਚ ਢਾਲ ਜਾਂਦਾ ਹੈ। ਕਿਉਂ ਜਨਤਾ ਆਪਣੇ ਨੇਤਾ ਦੇ ਅੱਧਕਚਰੇ ਰਾਸ਼ਟਰਵਾਦ ਨੂੰ ਅਪਣਾ ਲੈਂਦੀ ਹੈ, ਕਿਤਾਬੀ ਰਾਸ਼ਟਰਵਾਦ ਨੂੰ ਛੱਡ ਦਿੰਦੀ ਹੈ। ਕੀ ਇਸ ਲਈ ਕਿ ਉਹ ਸਿਰਫ਼ ਅਣਜਾਣ ਹੈ। ਜਨਤਾ ਉਥੇ ਖੜ੍ਹੀ ਰਹਿ ਜਾਂਦੀ ਹੈ, ਜਿੱਥੋਂ ਉਹ ਰਾਸ਼ਟਰਵਾਦੀ ਸਿਆਸਤ ਦੇ ਆਉਣ ਤੋਂ ਪਹਿਲਾਂ ਖੜ੍ਹੀ ਸੀ। ਜਿਵੇਂ ਪਹਿਲਾਂ ਵਾਲੇ ਖ਼ਤਰਨਾਕ ਨਹੀਂ ਰਹੇ ਹੋਣਗੇ। ਖ਼ੈਰ, ਰਵਿੰਦਰ ਨਾਥ ਟੈਗੋਰ ਦੇ ਰਾਸ਼ਟਰਵਾਦ ‘ਤੇ ਲਿਖੇ ਲੇਖਾਂ ਦੇ ਹਿੱਸੇ ਨੂੰ ਟੀ.ਵੀ. ‘ਤੇ ਪੇਸ਼ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਬੋਰਿੰਗ ਹੋਵੇ ਪਰ ਜੋਖ਼ਮ ਲੈਣਾ ਕਦੇ ਬੋਰਿੰਗ ਤੋਂ ਘੱਟ ਨਹੀਂ ਹੁੰਦਾ। ਤੁਸੀਂ ਜੇਕਰ ਇਸ ਲੇਖ ਨੂੰ ਪੂਰਾ ਪੜ੍ਹਨਾ ਚਾਹੁੰਦੇ ਹੋ ਤਾਂ ਖ਼ਰੀਦ ਸਕਦੇ ਹੋ। ਸੌਮਿਤਰ ਮੋਹਨ ਨੇ ਅਨੁਵਾਦ ਕੀਤਾ ਹੈ ਤੇ ਕਿਤਾਬ ਸਿਰਫ਼ 40 ਰੁਪਏ ਦੀ ਹੈ। ਨਾਂ ਹੈ ਰਾਸ਼ਟਰਵਾਦ ਰਵਿੰਦਰਨਾਥ ਟੈਗੋਰ। ਅੰਗਰੇਜ਼ੀ ਤੇ ਬੰਗਲਾ ਵਿਚ ਇੰਟਰਨੈੱਟ ‘ਤੇ ਮੌਜੂਦ ਹੈ। ਟੈਗੋਰ ਵੈੱਬ ਡਾਟ ਇਨ ਦੇ ਹਵਾਲੇ ਨਾਲ 1908 ਵਿਚ ਟੈਗੋਰ ਨੇ ਕਿਹਾ ਸੀ-
‘ਦੇਸ਼ ਪ੍ਰੇਮ ਸਾਡਾ ਆਖ਼ਰੀ ਅਧਿਆਤਮਕ ਸਹਾਰਾ ਨਹੀਂ ਬਣ ਸਕਦਾ। ਮੇਰਾ ਮਕਸਦ ਮਾਨਵਤਾ ਹੈ। ਮੈਂ ਹੀਰੇ ਦੀ ਕੀਮਤ ਵਿਚ ਗਲਾਸ ਨਹੀਂ ਖ਼ਰੀਦਾਂਗਾ ਤੇ ਜਦੋਂ ਤਕ ਮੈਂ ਜ਼ਿੰਦਾ ਹਾਂ ਮਾਨਵਤਾ ਦੇ ਉਪਰ ਦੇਸ਼ ਪ੍ਰੇਮ ਦੀ ਜਿੱਤ ਨਹੀਂ ਹੋਣ ਦਿਆਂਗਾ।’
ਆਖ਼ਰ ਟੈਗੋਰ ਲਈ ਰਾਸ਼ਟਰਵਾਦ ਕਿਉਂ ਗਲਾਸ ਜਿੰਨਾ ਸਸਤਾ ਹੈ, ਜਿਸ ਨੂੰ ਉਹ ਮਾਨਵਤਾਵਾਦ ਦੇ ਬੇਸ਼ਕੀਮਤੀ ਹੀਰੇ ਨਾਲ ਨਹੀਂ ਖ਼ਰੀਦਣਾ ਚਾਹੁੰਦਾ। 1916 ਤੇ 1917 ਦੇ ਸਾਲ ਟੈਗੋਰ ਜਾਪਾਨ ਤੇ ਅਮਰੀਕਾ ਜਾ ਕੇ ਰਾਸ਼ਟਰਵਾਦ ‘ਤੇ ਭਾਸ਼ਣ ਦੇ ਰਹੇ ਸਨ। 55 ਸਾਲ ਦੀ ਉਮਰ ਸੀ ਉਦੋਂ। 1913 ਵਿਚ ਹੀ ਨੋਬੇਲ ਪੁਰਸਕਾਰ ਮਿਲ ਚੁੱਕਾ ਸੀ। 1908 ਤੋਂ 1917 ਵਿਚਾਲੇ ਰਾਸ਼ਟਰਵਾਦ ਨੂੰ ਲੈ ਕੇ ਟੈਗੋਰ ਲਗਾਤਾਰ ਸੋਚ ਰਹੇ ਸਨ। ਇਸ ਦੌਰਾਨ 1911 ਵਿਚ ਉਹ ਜਨ ਗਣ ਮਨ ਦੀ ਰਚਨਾ ਕਰਦੇ ਹਨ, ਉਸ ਤੋਂ ਬਾਅਦ ਵੀ ਰਾਸ਼ਟਰਵਾਦ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਰਹਿੰਦੇ ਹਨ। ਕਹਿੰਦੇ ਹਨ ਕਿ ਜਦੋਂ ਮੁਲਕ ਨਾਲ ਪਿਆਰ ਦਾ ਮਤਲਬ ਭਗਤੀ ਜਾਂ ਪਵਿੱਤਰ ਕਾਰਜ ਵਿਚ ਬਦਲ ਜਾਵੇ ਤਾਂ ਵਿਨਾਸ਼ ਨਿਸਚਤ ਹੈ। ਮੈਂ ਦੇਸ਼ ਨੂੰ ਬਚਾਉਣ ਲਈ ਤਿਆਰ ਹਾਂ ਪਰ ਮੈਂ ਕਿਸ ਦੀ ਪੂਜਾ ਕਰਾਂਗਾ, ਇਹ ਮੇਰਾ ਅਧਿਕਾਰ ਹੈ, ਜੋ ਦੇਸ਼ ਤੋਂ ਨਾਲੋਂ ਵੀ ਕਿਤੇ ਜ਼ਿਆਦਾ ਵੱਡਾ ਹੈ। ਇਹ ਟੈਗੋਰ ਦੇ ਸ਼ਬਦ ਹਨ।
ਅੱਜ ਤਾਂ ਮੈਂ ਟੈਗੋਰ ਦੇ ਸ਼ਬਦਾਂ ਦਾ ਹੀ ਜ਼ਿਕਰ ਕਰਾਂਗਾ ਪਰ ਤੁਸੀਂ ਰਾਸ਼ਟਰਵਾਦ ‘ਤੇ ਟੈਗੋਰ ਹੀ ਨਹੀਂ, ਗਾਂਧੀ, ਅੰਬੇਦਕਰ, ਐਂਡਰਸਨ, ਸਾਵਰਕਰ, ਗੋਲਵਲਕਰ ਸਾਰਿਆਂ ਨੂੰ ਪੜ੍ਹੋ। ਸ਼ੁੱਕਰਵਾਰ ਦੇ ‘ਇੰਡੀਅਨ ਐਕਸਪ੍ਰੈੱਸ’ ਨੇ ਰਾਸ਼ਟਰਵਾਦ ‘ਤੇ ਟੈਗੋਰ ਦਾ ਲੇਖ ਛਾਪਿਆ ਹੈ ਤੇ ‘ਇਕਨਾਮਿਕਸ ਟਾਈਮਜ਼’ ਵਿਚ ਅਭੀਕ ਬਰਮਨ ਦਾ ਰਾਸ਼ਟਰਵਾਦ ਤੇ ਟੈਗੋਰ ‘ਤੇ ਰੋਚਕ ਲੇਖ ਹਨ। ਇਸ ਲਈ ਅਸੀਂ ਸੋਚਿਆ ਕਿ ਅਸੀਂ ਵੀ ਟੈਗਰੋ ਦੇ ਲੇਖ ਨੂੰ ਟੀ.ਵੀ. ‘ਤੇ ਪੇਸ਼ ਕਰਾਂਗੇ ਕਿਉਂਕਿ ਸੁਪਰੀਮ ਕੋਰਟ ਦਾ ਫ਼ੈਸਲਾ ਹੈ ਕਿ ਸਿਨੇਮਾ ਘਰਾਂ ਵਿਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਾਰਿਆਂ ਨੇ ਆਦਰ ਨਾਲ ਰਾਸ਼ਟਵਾਦ ਗਾਣਾ ਹੈ। ਇਸ ਫ਼ੈਸਲੇ ਦੀ ਖੂਬ ਸਮੀਖਿਆ ਹੋ ਰਹੀ ਹੈ। ਆਲੋਚਨਾ ਵੀ ਹੋ ਰਹੀ ਹੈ ਕਿ ਸਿਨੇਮਾ ਹਾਲ ਅੰਦਰ ਜਾਂਦੇ ਹੀ ਕਿਉਂ ਰਾਸ਼ਟਰਵਾਦ ਘੱਟ ਹੋ ਜਾਂਦਾ ਹੈ ਜਿਸ ਨੂੰ ਵਧਾਉਣ ਲਈ ਰਾਸ਼ਟਰਗਾਨ ਦੀ ਜ਼ਰੂਰਤ ਹੈ। ਸਾਰੀਆਂ ਉਮੀਦਾਂ ਸਿਨੇਮਾ ਦੇਖਣ ਜਾਣ ਵਾਲਿਆਂ ਤੋਂ ਕਿਉਂ ਹੋ ਰਹੀਆਂ ਹਨ। ਸੰਸਦ ਤੋਂ ਲੈ ਕੇ ਰੇਲਵੇ ਸਟੇਸ਼ਨ ‘ਤੇ ਕਿਉਂ ਨਾ ਰਾਸ਼ਟਰਗਾਨ ਹੋਵੇ। ਕਈ ਲੋਕ ਇਸ ਫ਼ੈਸਲੇ ‘ਤੇ ਚੁੱਪ ਹਨ ਤਾਂ ਕਈਆਂ ਨੂੰ ਇਸ ਤੋਂ ਇਤਰਾਜ਼ ਨਹੀਂ ਹੈ। ਟੈਗੋਰ ਤਾਂ ਉਸ ਵਕਤ ਰਾਸ਼ਟਰ ਦੀ ਆਲੋਚਨਾ ਕਰ ਰਹੇ ਸਨ ਜਦੋਂ ਭਾਰਤ ਰਾਸ਼ਟਰ ਬਣਨ ਲਈ ਹੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ। ਅਨਿਰੁਧ ਘੋਸ਼ਾਲ ਨੇ ਲਿਖਿਆ ਹੈ ਕਿ ਟੈਗੋਰ ਦੀ ਰਚਨਾ ਰਾਸ਼ਟਰਵਾਦ ਦੀ ਸਰਵੋਤਮ ਪ੍ਰਤੀਕ ਹੈ ਪਰ ਟੈਗੋਰ ਖ਼ੁਦ ਰਾਸ਼ਟਰਵਾਦ ਨੂੰ ਮਾਨਵਤਾ ਲਈ ਖ਼ਤਰਾ ਮੰਨਦੇ ਸਨ। ਸੁਪਰੀਮ ਕੋਰਟ ਦੇ ਫ਼ੈਸਲੇ ਦੇ ਸਬੰਧ ਵਿਚ ਹੀ ‘ਇਕਨਾਮਿਕਸ ਟਾਈਮਜ਼’ ਵਿਚ ਅਭੀਕ ਬਰਮਨ ਨੇ ਲਿਖਿਆ ਹੈ ਕਿ ਟੈਗਰੋ ਬਾਰੇ ਇਹ ਝੂਠ ਫੈਲਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਜਨ ਗਣ ਮਨ ਬਰਤਾਨਵੀ ਸਮਰਾਟ ਜਾਰਜ ਪੰਚਮ ਦੀ ਸ਼ਾਨ ਵਿਚ ਲਿਖਿਆ ਸੀ। ਰਵਿੰਦਰਨਾਥ ਟੈਗੋਰ ਨੇ ਇਕ ਪੱਤਰ ਵਿਚ ਲਿਖਿਆ ਸੀ ਕਿ ਮੈਂ ਕਦੇ ਕਿਸੇ ਜਾਰਜ ਪੰਜ, ਛੇ ਜਾਂ ਕਿਸੇ ਹੋਰ ਜਾਰਜ ਲਈ ਗੀਤ ਨਹੀਂ ਲਿਖ ਸਕਦਾ। ਟੈਗੋਰ ਨੂੰ ਲਗਦਾ ਸੀ ਕਿ ਰਾਸ਼ਟਰਵਾਦ ਦੇ ਨਾਂ ‘ਤੇ ਆਵਾਜ਼ ਦਬਾਈ ਜਾਵੇਗੀ। ਰਚਨਾਤਮਕਤਾ ‘ਤੇ ਪਹਿਰਾ ਲਗੇਗਾ ਕਿ ਤੁਸੀਂ ਇਹ ਸੀਨ ਨਹੀਂ ਦਿਖਾ ਸਕਦੇ। ਇਹ ਕਵਿਤਾ ਨਹੀਂ ਸੁਣਾ ਸਕਦੇ।
ਇਨਸਾਨ ਜਿਸ ਤਰ੍ਹਾਂ ਦੀਆਂ ਔਕੜਾਂ ਨਾਲ ਜੂਝਦਾ ਹੈ, ਉਸ ਦਾ ਇਤਿਹਾਸ ਵੀ ਇਸੇ ਦਾ ਅਨੁਰੂਪ ਬਣਦਾ ਹੈ। ਇਹ ਟੈਗਰੋ ਦੀ ਲਾਈਨ ਹੈ। ਟੈਗੋਰ ਦਾ ਮੰਨਣਾ ਸੀ ਕਿ ਇਨਸਾਨ ਨੂੰ ਹਰ ਹਾਲ ਵਿਚ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਹ ਇਨਸਾਨ ਪਹਿਲਾਂ ਹੈ। ਉਹ ਇਸ ਨੂੰ ਭੁਲਾ ਕੇ ਸਫਲਤਾ ਤਾਂ ਪਾ ਸਕਦਾ ਹੈ ਪਰ ਉਹ ਸਫਲਤਾ ਅਸਥਾਈ ਹੀ ਹੋਵੇਗੀ।
ਏਸ਼ੀਆ ਦੇ ਸ਼ੁਰੂਆਤੀ ਇਤਿਹਾਸ ਵਿਚ ਸੀਥੀਅਨ ਲੋਕਾਂ ਨੂੰ ਸਰੋਤਾਂ ਦੀ ਕਮੀ ਹੋਈ ਤਾਂ ਉਨ੍ਹਾਂ ਨੇ ਇਕ ਤਰੀਕਾ ਇਹ ਕੱਢਿਆ ਕਿ ਆਦਮੀ ਔਰਤ ਸਾਰੇ ਇਕਜੁੱਟ ਹੋ ਜਾਣ ਤੇ ਲੁਟੇਰਿਆਂ ਦੇ ਦਲਾਂ ਵਿਚ ਬਦਲ ਜਾਣ। ਜੋ ਲੋਕ ਮੁੱਖ ਤੌਰ ‘ਤੇ ਸਮਾਜਿਕ ਤੇ ਰਚਨਾਤਮਕ ਕੰਮਾਂ ਵਿਚ ਲੱਗੇ ਹੋਏ ਸਨ, ਉਨ੍ਹਾਂ ਲਈ ਇਹ ਸਭ ਤੋਂ ਵੱਡੀ ਅੜਚਨ ਸਿੱਧ ਹੋਣ ਲੱਗੇ। ਇਸ ਲਈ ਮੇਰੀ ਬੇਨਤੀ ਹੈ ਕਿ ਤੁਹਾਡੇ ਵਿਚ ਆਸਥਾ ਦੀ ਤਾਕਤ ਤੇ ਵਿਚਾਰਾਂ ਦੀ ਸਪਸ਼ਟਤਾ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਸਾਫ਼ ਸਾਫ਼ ਦੇਖ ਸਕੋ ਕਿ ਤਰੱਕੀ ਦਾ ਇਹ ਭੱਦਾ ਢਾਂਚਾ ਜੋ ਕੁਸ਼ਲਤਾ ਤੇ ਇਛਾਵਾਂ ਦੇ ਨਟ-ਬੋਲਟ ਤੇ ਚੱਕਿਆਂ ‘ਤੇ ਦੌੜਦਾ ਰਹਿੰਦਾ ਹੈ, ਜ਼ਿਆਦਾ ਦਿਨਾਂ ਤਕ ਟਿਕ ਨਹੀਂ ਸਕੇਗਾ। ਇਸ ਨੇ ਇਕ ਨਾ ਇਕ ਦਿਨ ਤਾਂ ਟਕਰਾਉਣਾ ਹੀ ਹੈ ਕਿਉਂਕਿ ਇਸ ਨੇ ਵਿਛੀਆਂ-ਵਛਾਈਆਂ ਪਟੜੀਆਂ ‘ਤੇ ਹੀ ਚੱਲਣਾ ਹੁੰਦਾ ਹੈ। ਇਕ ਦਿਨ ਇਹ ਸਭ ਤਬਾਹ ਹੋ ਜਾਵੇਗਾ। ਕੀ ਸਾਨੂੰ ਅੱਜ ਇਸ ਦੇ ਸੰਕੇਤ ਨਹੀਂ ਦਿਖਾਈ ਦੇ ਰਹੇ। ਕੀ ਸਾਨੂੰ ਯੁੱਧ ਦੇ ਸ਼ੋਰ, ਨਫ਼ਰਤ ਦੀਆਂ ਚੀਕਾਂ, ਨਿਰਾਸ਼ਾ ਭਰੇ ਰੂਦਨ, ਸਦੀਆਂ ਦੇ ਮੰਥਨ ਨਾਲ ਰਾਸ਼ਟਰਵਾਦ ਦੀ ਧਰਾਤਲ ਵਿਚ ਜੰਮੇ ਚਿੱਕੜ ਤੋਂ ਆਉਂਦੀ ਉਹ ਆਵਾਜ਼ ਸੁਣਾਈ ਦੇ ਰਹੀ ਹੈ, ਇਕ ਅਜਿਹੀ ਆਵਾਜ਼ ਜੋ ਸਾਡੀ ਆਤਮਾ ਨੂੰ ਝੰਜੋੜ ਰਹੀ ਹੈ ਕਿ ਰਾਸ਼ਟਰੀ ਸਵਾਰਥ ਦੀ ਮੀਨਾਰ, ਜੋ ਦੇਸ਼ ਭਗਤੀ ਦੇ ਨਾਂ ‘ਤੇ ਬਣਾਈ ਗਈ ਹੈ, ਜਿਸ ਨੇ ਸਵਰਗ ਖ਼ਿਲਾਫ਼ ਆਪਣਾ ਝੰਡਾ ਲਹਿਰਾਇਆ ਹੈ, ਉਸ ਨੂੰ ਹੁਣ ਆਪਣੇ ਹੀ ਭਾਰ ਨਾਲ ਢਹਿ ਜਾਣਾ ਚਾਹੀਦਾ ਹੈ।
ਹੁਣ ਟੈਗੋਰ ਨੇ ਰਾਸ਼ਟਰ ਤੇ ਯੁੱਧ ਨੂੰ ਇਸ ਤਰ੍ਹਾਂ ਕਿਉਂ ਸਮਝਿਆ। ਅਕਸਰ ਰਾਸ਼ਟਰਵਾਦ ਦੀ ਰਾਹ ਵਿਚ ਲੇਖਕ, ਕਵੀ, ਰਚਨਾਕਾਰ ਰੁਕਾਵਟ ਵਜੋਂ ਪੇਸ਼ ਕੀਤੇ ਜਾਂਦੇ ਹਨ। 1916-17 ਦਾ ਸਾਲ ਕੀ 2016-17 ਦੇ ਸਾਲ ਨਾਲੋਂ ਕੁਝ ਵੱਖਰਾ ਹੈ। ਵਿਚੋਂ ਵੱਟਸਐਪ ਰਾਸ਼ਟਰਵਾਦ ਨੂੰ ਛੱਡ ਦਈਏ ਤਾਂ ਕੀ ਬਦਲਿਆ ਹੈ। ਟੈਗੋਰ ਦੀ ਰਚਨਾ ਨੂੰ ਪੇਸ਼ ਤਾਂ ਕਰ ਰਿਹਾ ਹਾਂ ਪਰ ਜ਼ਰੂਰੀ ਨਹੀਂ ਕਿ ਜੋ ਟੈਗਰੋ ਕਹਿ ਰਹੇ ਹਨ, ਉਹੀ ਅੰਤਿਮ ਗੱਲ ਹੋਵੇਗੀ। ਜ਼ਰੂਰੀ ਹੈ ਕਿ ਤੁਸੀਂ ਲੋਕਤੰਤਰ ਅਤੇ ਰਾਸ਼ਟਰਵਾਦ ਨੂੰ ਲੈ ਕੇ ਨਵੇਂ ਸਿਰੇ ਤੋਂ ਸਮਝੋ, ਸੋਚੋ। ਭਾਰਤੀ ਰੂਪ ਵਿਚ ਵੀ ਸਮਝੋ ਤੇ ਪੱਛਮੀ ਰੂਪ ਵਿਚ ਵੀ ਸਮਝੋ। ਟੈਗੋਰ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੱਛਮੀ ਸਭਿਅਤਾ ਨਾਲ ਮੁਕਾਬਲਾ ਕਰਨ ਵਿਚ ਭਾਰਤ ਦਾ ਭਲਾ ਨਹੀਂ ਹੋਵੇਗਾ। ਢੇਰਾਂ ਅਪਮਾਨ ਦੇ ਬਾਵਜੂਦ ਜੇਕਰ ਅਸੀਂ ਆਪਣੀ ਨੀਅਤੀ ਅਨੁਸਾਰ ਚਲੀਏ ਤਾਂ ਨੁਕਸਾਨ ਨਾਲੋਂ ਕਿਤੇ ਜ਼ਿਆਦਾ ਸਾਡਾ ਲਾਭ ਹੋਵੇਗਾ।
ਗਲੋਬ ਚੁੱਕ ਕੇ ਦੇਖੋ, ਦੁਨੀਆ ਵਿਚ 195 ਦੇਸ਼ ਹੋ ਗਏ ਹਨ। ਦੁਨੀਆ ਜੇਕਰ ਵੰਡੀ ਹੈ ਤਾਂ ਉਹ ਨਕਸ਼ਿਆਂ ਵਿਚ ਵੰਡੀ ਹੈ। ਸਰਹੱਦਾਂ ਵਿਚ ਵੰਡੀ ਹੈ। ਗਿਣਤੀ ਦੇ ਹੀ ਸਹੀ, ਪਰ ਅਜਿਹੇ ਦੇਸ਼ ਤਾਂ ਹਨ ਇਸ ਭੂਗੋਲ ‘ਤੇ ਜਿਨ੍ਹਾਂ ਦੀਆਂ ਸਰਹੱਦਾਂ ‘ਤੇ ਕਿਸੇ ਫ਼ੌਜ ਦਾ ਪਹਿਰਾ ਨਹੀਂ ਹੈ। ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਝੰਡੇ ਰਾਸ਼ਟਰਵਾਦ ਦੇ ਪ੍ਰਤੀਕ ਹੋ ਗਏ। ਪਹਿਲਾਂ ਦੀਆਂ ਸਿਆਸੀ ਰੈਲੀਆਂ ਵਿਚ ਪਾਰਟੀ ਦਾ ਝੰਡਾ ਨਜ਼ਰ ਆਉਂਦਾ ਸੀ, ਹੁਣ ਮੁਲਕ ਦੇ ਝੰਡੇ ਨਜ਼ਰ ਆਉਣ ਲੱਗੇ ਹਨ। ਜਦੋਂ ਨੇਤਾ ਆਪਣਾ ਝੰਡਾ ਲੈ ਕੇ ਗਲੀਆਂ ਵਿਚ ਵੜ ਨਹੀਂ ਪਾਉਂਦਾ ਤਾਂ ਉਹ ਦੇਸ਼ ਦਾ ਝੰਡਾ ਲੈ ਕੇ ਚਲਾ ਜਾਂਦਾ ਹੈ। ਤਾਂ ਕਿ ਲੋਕ ਉਸ ਨੂੰ ਦੇਸ਼ ਦਾ ਸਮਝ ਕੇ ਮੁਆਫ਼ ਕਰ ਦੇਵੇ। ਆਪਣੀ ਭੁੱਖ ਭੁੱਲ ਜਾਵੋ। ਹੌਲੀ ਹੌਲੀ ਪਾਰਟੀਆਂ ਦੇ ਝੰਡੇ ਗਾਇਬ ਹੋ ਜਾਣਗੇ ਤੇ ਦੇਸ਼ ਦਾ ਝੰਡਾ ਹੀ ਚੋਣਾਵੀ ਝੰਡਾ ਹੋ ਜਾਵੇਗਾ। ਉਦੋਂ ਝੰਡਾ ਝੰਡਾ ਨਹੀਂ ਰਹੇਗਾ। ਅੱਜ ਦੇ ਸਮੇਂ ਦੇ ਨੇਤਾਵਾਂ ਜਾਂ ਸਿਆਸਤ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਆਪਣੇ ਵਰਤਮਾਣ ਨੂੰ ਨਹੀਂ ਸਮਝ ਰਹੇ। ਅਤੀਤ ਦੀਆਂ ਉਦਾਹਰਣਾਂ ਦਾ ਸਾਡੇ ‘ਤੇ ਬੋਝ ਲੱਦਦੇ ਜਾ ਰਹੇ ਹਨ। ਆਪਣੇ ਆਲਸੀਪਣ ਦਾ ਬੋਝ ਸਾਡੇ ‘ਤੇ ਹਲਕਾ ਕਰ ਰਹੇ ਹਨ। ਅੱਜ ਦੇ ਦੌਰ ਵਿਚ ਕੌਣ ਹੈ ਜੋ ਰਾਸ਼ਟਰਵਾਦ ਦੇ ਇਸ ਉਭਾਰ ਨੂੰ ਹਿੰਦੀ ਪੱਟੀ ਤੋਂ ਲੈ ਕੇ ਦੱਖਣੀ ਪੱਟੀ ਤਕ ਦੇ ਹਿਸਾਬ ਨਾਲ ਸਮਝ ਸਕਦਾ ਹੈ। ਜਦਕਿ ਇਹ ਕਿੰਨਾ ਰੋਚਕ ਸਮਾਂ ਹੋ ਸਕਦਾ ਸੀ ਕਿ ਭਾਰਤ ਦੇ ਨਜ਼ੀਰਏ ਨਾਲ ਵੀ ਰਾਸ਼ਟਰਵਾਦ ਨੂੰ ਸਮਝਣ ਦਾ। ਸਿਰਫ਼ ਇਸ ਦਾ ਡਰ ਫੈਲਾ ਕੇ ਕੋਈ ਰਾਸ਼ਟਰਵਾਦ ਨੂੰ ਨਹੀਂ ਰੋਕ ਸਕਦਾ। ਦੁਨੀਆ ਵਿਚ ਕਈ ਮੁਲਕਾਂ ਦੀਆਂ ਸਰਹੱਦਾਂ ‘ਤੇ ਯੁੱਧ ਦੀ ਉਹੀ ਖੇਡ ਖੇਡੀ ਜਾ ਰਹੀ ਹੈ। ਬਾਰੂਦ ਅੱਜ ਵੀ ਗਰਜ ਰਹੇ ਹਨ। ਯੁੱਧ ਦੇ ਪਰਛਾਵੇਂ ਵਿਚ ਲੁੱਟ-ਖਸੁੱਟ ਅੱਜ ਵੀ ਹੈ। ਅੱਜ ਵੀ ਇਨ੍ਹਾਂ ਸਾਰਿਆਂ ਦਾ ਇਕ ਹੀ ਫੈਵੀਕੋਲ ਹੈ-ਰਾਸ਼ਟਰਵਾਦ।
ਟੈਗੋਰ ਨੇ ਲਿਖਿਆ ਹੈ ਕਿ ਮੈਂ ਕਿਸੇ ਇਕ ਰਾਸ਼ਟਰ ਖ਼ਿਲਾਫ਼ ਨਹੀਂ ਹਾਂ। ਸਾਰੇ ਰਾਸ਼ਟਰਾਂ ਦੇ ਇਕ ਸਾਮਾਨ ਵਿਚਾਰਾਂ ਖ਼ਿਲਾਫ਼ ਹਾਂ। ਆਖ਼ਰ ਇਹ ਰਾਸ਼ਟਰ ਕੀ ਹੈ। ਟੈਗੋਰ ਰਾਸ਼ਟਰ ਨੂੰ ਸਮਝਦਿਆਂ ਹੀ ਅਸੀਂ ਇਨਸਾਨ ਹੋਣ ਦੇ ਉਦੇਸ਼ ਤੋਂ ਨਹੀਂ ਭਟਕਦੇ। ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰ ਦੇ ਸੰਗਠਨ ਦੇ ਪਿਛੇ ਸਾਡੀਆਂ ਤਮਾਮ ਨੈਤਿਕ ਸ਼ਕਤੀਆਂ ਲੱਗ ਜਾਂਦੀਆਂ ਹਨ। ਬਲੀਦਾਨ ਉਸ ਨੈਤਿਕ ਸ਼ਕਤੀ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਮਾਨਵ ਦੇ ਤਿਆਗ ਕਰਨ ਦੀ ਸ਼ਕਤੀ ਆਪਣੇ ਅੰਤਿਮ ਉਦੇਸ਼ ਤੋਂ ਭਟਕ ਜਾਂਦੀ ਹੈ। ਉਹ ਆਪਣੀ ਅੰਤਰਆਤਮਾ ਤੋਂ ਮੁਕਤ ਹੋ ਜਾਂਦਾ ਹੈ। ਖ਼ੁਦ ਨੂੰ ਮਸ਼ੀਨ ‘ਤੇ ਪਾ ਦਿੰਦਾ ਹੈ। ਭਾਵ ਟੈਗੋਰ ਕਹਿ ਰਹੇ ਹਨ ਕਿ ਇਸ ਦੀ ਧੁਨ ਵਿਚ ਅਸੀਂ ਅਸੀਂ ਨਹੀਂ ਰਹਿੰਦੇ। ਕੁਝ ਹੋਰ ਹੀ ਹੋ ਜਾਂਦੇ ਹਾਂ। ਨੇਤਾ ਇਸ ਗੱਲ ਨੂੰ ਜਾਣਦੇ ਹਨ। ਇਸ ਲਈ ਰਾਸ਼ਟਰਵਾਦ ਉਨ੍ਹਾਂ ਲਈ ਉਹ ਮਸ਼ੀਨ ਹੈ, ਜਿਸ ‘ਤੇ ਤੁਸੀਂ ਖ਼ੁਦ ਨੂੰ ਪਾ ਦਿੰਦੇ ਹੋ।
ਜਿਨ੍ਹਾਂ ਦੀ ਰਚਨਾ ਅੱਜ ਵੀ ਕਿਸੇ ਨੇਤਾ ਦੇ ਭਾਸ਼ਣ ਨਾਲੋਂ ਜ਼ਿਆਦਾ ਗਾਈ ਜਾਂਦੀ ਹੈ, ਫਿਰ ਵੀ ਟੈਗੋਰ ਦੇ ਪ੍ਰੇਮੀ ਕੀ ਉਸ ਮਾਨਵਤਾ ਨੂੰ ਪ੍ਰਾਪਤ ਕਰ ਸਕੇ ਜਿਸ ਲਈ ਟੈਗੋਰ ਨੇ ਰਾਸ਼ਟਰਵਾਦ ਤਕ ਨੂੰ ਨਹੀਂ ਬਖ਼ਸ਼ਿਆ। ਆਦਰਸ਼ ਲੋਕਤੰਤਰ ਤੇ ਆਦਰਸ਼ ਇਨਸਾਨ ਦਾ ਅੱਜ ਤੱਕ ਇੰਤਜ਼ਾਰ ਹੈ। ਸ਼ਾਇਦ ਇਸ ਲਈ ਵੀ ਟੈਗੋਰ ਨੂੰ ਫੇਰ ਤੋਂ ਪੜ੍ਹਨਾ ਜ਼ਰੂਰੀ ਹੈ। ਦਰਅਸਲ, ਅਸੀਂ ਸਾਰੇ ਬਚ ਕੇ ਨਿਕਲ ਜਾਣਾ ਚਾਹੁੰਦੇ ਹਾਂ। ਵੱਟਸਐਪ ‘ਤੇ ਅਫਵਾਹਾਂ ਦਾ ਕੂੜਾ ਫੈਲਾ ਕੇ ਖੁਦ ਨੂੰ ਰਾਸ਼ਟਰਵਾਦੀ ਸਮਝ ਬੈਠਦੇ ਹਾਂ। ਪੂਰੀ ਦੁਨੀਆ ਵਿਚ ਰਾਸ਼ਟਰਵਾਦ ਦੀ ਭਾਵਨਾ ਭਰਨ ਵਾਲੇ ਆ ਗਏ ਹਨ। ਜਲਦੀ ਹੀ ਅਰਥਸ਼ਾਸਤਰੀ ਵਾਂਗ ਰਾਸ਼ਟਸ਼ਾਸਤਰੀ ਪੈਦਾ ਕਰ ਦਿੱਤਾ ਜਾਵੇਗਾ। ਜਿਵੇਂ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕਾਂ ਦੀ ਪਛਾਣ ਹੈ, ਉਵੇਂ ਹੀ ਰਾਸ਼ਟਰਵਾਦ ਦੀ ਭਾਵਨਾ ਨਾਲ ਹੇਠਾਂ ਦੇ ਲੋਕਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਨੂੰ ਸਤਾਇਆ ਜਾਵੇਗਾ। ਬੁਨਿਆਦੀ ਸਹੂਲਤਾਂ ਨਾਲ ਜੁੜੇ ਸਵਾਲਾਂ ਨੂੰ ਰਾਸ਼ਟਰਵਾਦ ਦੀ ਬੇਹੱਦ ਕਮੀ ਨਾਲ ਢੱਕ ਦਿੱਤਾ ਜਾਵੇ, ਇਹ ਸੁਵਿਧਾ ਸਿਰਫ਼ ਸਿਆਸਤ ਕੋਲ ਹੈ।
ਟੈਗੋਰ ਰਾਸ਼ਟਰਵਾਦ ਦੇ ਪੱਛਮੀ ਮਾਡਲ ਨੂੰ ਸਵੀਕਾਰ ਕਰਨਾ ਨਹੀਂ ਚਾਹੁੰਦਾ ਸੀ। ਭਾਰਤ ਵਿਚ ਉਨ੍ਹਾਂ ਤੋਂ ਬਾਅਦ ਤੇ ਉਨ੍ਹਾਂ ਦੇ ਸਮੇਂ ਵਿਚ ਵੀ ਕਈ ਲੋਕਾਂ ਨੇ ਵੱਖ ਵੱਖ ਤਰੀਕਿਆਂ ਨਾਲ ਸੋਚਿਆ ਪਰ ਭਾਰਤ ਵਿਚ ਅੱਜ ਤਕ ਨਾ ਤਾਂ ਲੋਕਤੰਤਰ ਦਾ ਕੋਈ ਭਾਰਤੀ ਮਾਡਲ ਹੈ, ਨਾ ਅਰਥ ਤੰਤਰ ਦਾ ਤਾਂ ਰਾਸ਼ਟਰਵਾਦ ਦਾ ਕਿਵੇਂ ਹੋ ਸਕਦਾ ਹੈ। ਇਸ ਲਈ ਇਹ ਡਰ ਵਾਜਬ ਹੈ ਕਿ ਪੱਛਮ ਦੇ ਰਾਸ਼ਟਰਵਾਦ ਦੇ ਗਰਦ ਵਿਚੋਂ ਨਿਕਲੇ ਭਾਰਤ ਵਿਚ ਹਿਟਲਰ ਨਾ ਆ ਜਾਵੇ। ਇਸ ਡਰ ਨਾਲੋਂ ਵੱਡਾ ਡਰ ਇਹ ਹੈ ਕਿ ਭਾਰਤ ਦਾ ਆਪਣਾ ਕੋਈ ਮਾਡਲ ਨਹੀਂ ਹੈ। ਹਿੰਦੀ ਬੋਲਣ ਨਾਲ ਤੁਸੀਂ ਦੇਸੀ ਨਹੀਂ ਹੋ ਜਾਂਦੇ। ਸਵਾਲ ਹੈ ਕਿ ਕੀ ਤੁਸੀਂ ਪੱਛਮੀ ਦੇ ਉਨ੍ਹਾਂ ਵੱਡੇ ਕਾਰਪੋਰੇਸ਼ਨਾਂ ਦੀ ਹੀ ਭਾਸ਼ਾ ਹਿੰਦੀ ਵਿਚ ਤਾਂ ਬੋਲ ਰਹੇ ਹੋ। ਟੈਗੋਰ ਦੀ ਇਸ ਗੱਲ ‘ਤੇ ਸੋਚਣਾ। ਆਜ਼ਾਦ ਦੇਸ਼ ਵਿਚ ਜ਼ਿਆਦਾਤਰ ਲੋਕ ਆਜ਼ਾਦ ਨਹੀਂ ਹਨ। ਉਹ ਘੱਟ ਗਿਣਤੀ ਦੇ ਤੈਅ ਟਿਚਿਆਂ ਵੱਲ ਵਧਦੇ ਰਹਿੰਦੇ ਹਨ।
ਤਾਂ ਤੁਸੀਂ ਰਾਸ਼ਟਰਵਾਦ ‘ਤੇ ਸੋਚਣਾ। ਡਰਨਾ ਨਾ। ਇਸ ਦਾ ਇਸਤੇਮਾਲ ਹੋਣ ਤੋਂ ਬਚੋ। ਇਸ ਦਾ ਬਿਹਤਰ ਇਸਤੇਮਾਲ ਕਰੋ। ਇਕ ਹੋਰ ਕਿਤਾਬ ਦਾ ਨਾਂ ਦੱਸ ਦਿੰਦਾ ਹਾਂ। ਰਾਸ਼ਟਰਵਾਦ ਬਨਾਮ ਦੇਸ਼ ਭਗਤੀ, ਇਹ ਆਸ਼ੀਸ਼ ਨੰਦੀ ਦੀ ਕਿਤਾਬ ਹੈ।

ਦੇਸ਼ ਭਗਤੀ ਤੇ ਦੇਸ਼ ਪ੍ਰੇਮ ਵਿਚਾਲੇ ਫ਼ਰਕ ਕਰਨ ਦੀ ਲੋੜ
ਅੰਸ਼ੁਲ ਤ੍ਰਿਵੇਦੀ
ਦੂਜੀ ਸੰਸਾਰ ਜੰਗ ਤੋਂ ਬਾਅਦ ਰਾਸ਼ਟਰਵਾਦ ਤੇ ਬਹੁਸੰਖਿਆਵਾਦੀ ਸਿਧਾਂਤਾ ਨੂੰ ਲੈ ਕੇ ਪੂਰੀ ਦੁਨੀਆ ਵਿਚ ਇਕ ਬੇਚੈਨੀ ਸੀ, ਕਿਉਂਕਿ ਜਰਮਨੀ ਨੇ ਦੂਸਰਾ ਸੰਸਾਰ ਯੁੱਧ ਗਵਾਚੇ ਰਾਸ਼ਟਰ ਗੌਰਵ ਦੀ ਮੁੜ ਪ੍ਰਾਪਤੀ ਲਈ ਛੇੜਿਆ ਸੀ। ਸਾਲ 2008 ਦੀ ਆਰਥਿਕ ਮੰਦੀ ਮਗਰੋਂ ਜਦੋਂ ਵਿਸ਼ਵੀਕਰਨ ਦੀ ਆਰਥਿਕ ਨੀਂਹ ਹਿੱਲੀ ਤਾਂ ਆਰਥਿਕ ਨਿਰਾਸ਼ਾ ਦੇ ਚਲਦਿਆਂ ਰਾਸ਼ਟਰਵਾਦ ਨੇ ਤੇਜ਼ੀ ਨਾਲ ਸੰਸਾਰ ਪੱਧਰ ‘ਤੇ ਸਿਆਸੀ ਵਾਪਸੀ ਕੀਤੀ ਹੈ। ਇਸ ਦੀ ਝਲਕ ਸਾਨੂੰ ਅਮਰੀਕਾ ਦੇ ਡੋਨਲਡ ਟਰੰਪ ਤੋਂ ਲੈ ਕੇ ਗਰੀਸ ਦੇ ਗੋਲਡਨ ਡੌਨ ਪਾਰਟੀ ਦੇ ਉਦੈ ਹੋਣ ਵਿਚ ਮਿਲਦੀ ਹੈ। ਸਾਡੇ ਦੇਸ਼ ਭਾਰਤ ਵੀ ਇਸ ਤੋਂ ਵਾਂਝਾ ਨਹੀਂ ਰਿਹਾ। ਵਿਰੋਧੀਆਂ ਨੂੰ ਦੇਸ਼ ਧਰੋਹੀ ਕਿਹਾ ਜਾਣਾ ਇਸ ਦਾ ਪ੍ਰਤੀਕ ਹੈ।
ਇਸੇ ਹੀ ਕੜੀ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਹੁਣ ਹਰ ਸਿਨੇਮਾ ਹਾਲ ਵਿਚ ਕਿਸੇ ਵੀ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗਾਨ ਗਾਇਆ ਜਾਣ ਲਾਜ਼ਮੀ ਹੈ। ਇਸ ਫ਼ੈਸਲੇ ਤਹਿਤ ਰਾਸ਼ਟਰਗਾਨ ਸਾਡੀ ਰਾਸ਼ਟਰੀਅਤਾ ਤੇ ‘ਸੰਵਿਧਾਨਕ ਦੇਸ਼ ਭਗਤੀ’ ਦਾ ਇਕ ‘ਪਵਿੱਤਰ’ ਪ੍ਰਤੀਕ ਹੈ ਤੇ ਉਸ ਦਾ ਸਨਮਾਨ ਹੋਣਾ ਲਜ਼ਮੀ ਹੈ। ਰਾਸ਼ਟਰੀ ਪ੍ਰਤੀਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ, ਇਸ ਵਿਚ ਕੋਈ ਦੋ ਰਾਏ ਨਹੀਂ ਹੈ। ਪਰ ਸਾਬਕਾ ਅਟਾਰਨੀ ਜਨਰਲ ਸੋਲੀ ਸੋਰਾਬਜੀ ਵਰਗੇ ਉੱਘੇ ਕਾਨੂੰਨਵਾਦ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਮਤ ਹੈ ਕਿ ਇਸ ਫ਼ੈਸਲੇ ਵਿਚ ਕਈ ਖਾਮੀਆਂ ਹਨ। ਜਿਵੇਂ ਕਿ ਇਸ ਫ਼ੈਸਲੇ ਨੂੰ ਲਾਗੂ ਕਿਵੇਂ ਕਰਵਾਇਆ ਜਾਵੇਗਾ ਤੇ ਸਭ ਤੋਂ ਅਹਿਮ ਕੀ ਮਾਤਰ ਰਾਸ਼ਟਰਗਾਨ ਦੀ ਧੁਨ ਵੱਜਣ ‘ਤੇ ਖੜ੍ਹੇ ਹੋ ਜਾਣ ਨਾਲ ਦੇਸ਼ ਭਗਤੀ ਸਿੱਧ ਹੋ ਜਾਂਦੀ ਹੈ? ਕੀ ਇਮਾਨਦਾਰੀ ਨਾਲ ਆਪਣਾ ਜੀਵਨ ਜਿਉਣਾ ਰਾਸ਼ਟਰਵਾਦ ਨਹੀਂ ਹੈ?
ਸ਼ਾਇਦ ਸਾਨੂੰ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਵਿਚਾਲੇ ਫ਼ਰਕ ਕਰਨ ਦੀ ਲੋੜ ਹੈ। ਭਗਤੀ ਵਿਚ ਤਰਕ ਤੇ ਅਸਹਿਮਤੀ ਦੀ ਕੋਈ ਥਾਂ ਨਹੀਂ ਹੁੰਦੀ, ਕਿਉਂਕਿ ਭਗਤੀ ਭਗਵਾਨ ਦੀ ਕੀਤੀ ਜਾਂਦੀ ਹੈ, ਜਦਕਿ ਦੇਸ਼ ਪ੍ਰੇਮ ਵਿਚ ਦੇਸ਼ ਦੀ ਕਲਪਨਾ ਅਲੌਕਿਕ ਨਹੀਂ ਬਲਕਿ ਤਾਰਕਿਕ ਹੁੰਦੀ ਹੈ, ਜਿਸ ਨੂੰ ਅਸੀਂ ਤੇ ਤੁਸੀਂ ਮਿਲ ਕੇ ਘੜਦੇ ਹਾਂ। ਭਗਤੀ ਵਿਚ ਜ਼ਰੂਰਤ ਹੁੰਦੀ ਹੈ, ਪ੍ਰੇਮ ਵਿਚ ਨਹੀਂ। ਸ਼ਾਇਦ ਇਸ ਲਈ ਖੁਦ ਰਾਸ਼ਟਰਗਾਨ ਦੇ ਰਚੇਤਾ ਮਹਾਂਕਵੀ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ, ‘ਮੈਂ ਆਪਣੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹਾਂ…ਪਰ ਪੂਜਾ ਕਰਨ ਲਈ ਨਹੀਂ। ਦੇਸ਼ ਨੂੰ ਪੂਜਣਾ, ਅਲੌਕਿਕ ਬਣਾ ਦੇਣਾ-ਦੇਸ਼ ਨੂੰ ਸ਼ਰਾਪ ਦੇਣ ਵਰਗਾ ਹੈ।’ ਸਾਨੂੰ ਟੈਗੋਰ ਦਾ ਕਥਨ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।