ਵਿਧਾਨ ਸਭਾ ਚੋਣਾਂ : ਕਿਸ ਜਾਲ ਵਿਚ ਫਸੂ ਪੰਜਾਬੀ ਵੋਟਰ

ਵਿਧਾਨ ਸਭਾ ਚੋਣਾਂ : ਕਿਸ ਜਾਲ ਵਿਚ ਫਸੂ ਪੰਜਾਬੀ ਵੋਟਰ

ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ‘ਆਪ’ ਮਜ਼ਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸ ਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸ ਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫ਼ਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗ਼ਲਤੀ ਕਰ ਰਿਹਾ ਹੈ। ਇਸ ਪਾਰਟੀ ਵਿਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿਚ ਕੇਜਰੀਵਾਲ ਨੂੰ ਫ਼ੂਕ ਛਕਾ ਕੇ ਗੁਮਰਾਹ ਕਰ ਰਹੇ ਹਨ।

ਗੁਰਚਰਨ ਸਿੰਘ ਪੱਖੋਕਲਾਂ
(ਮੋਬਾਈਲ : 94177-27245)

ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛੁਪੀ ਗੱਲ ਨਹੀਂ ਰਹੀ ਕਿ ਇਹ ਸਿਰਫ਼ ਰਾਜ-ਸੱਤਾ ‘ਤੇ ਕਬਜ਼ਾ ਕਰਕੇ ਲੋਕ ਗ਼ੁਲਾਮ ਕਰਨ ਦੀ ਸਿਆਸਤ ਹੈ। ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣ ਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ ਸ਼ਾਰਟ ਕੱਟ ਰਸਤਾ ਚੁਣਿਆ ਹੋਇਆ ਹੈ। ਵਪਾਰਕ ਬੁੱਧੀ ਦੇ ਸਮਾਜ ਵਿਚ ਕੁੱਝ ਵਪਾਰੀ ਲੋਕ ਆਪਣਾ ਤਜਰਬਾ ਜਾਂ ਪੈਸਾ ਇਨਵੈਸਟ ਕਰਕੇ ਉਸ ਦੇ ਇਵਜ਼ ਵਿਚ ਹੋਰ ਕਈ ਗੁਣਾਂ ਲਾਭ ਖੱਟਣਾ ਹੀ ਲੋੜਦੇ ਹਨ। ਵੱਡੇ ਵਪਾਰੀ ਵੱਡੇ ਰਾਜਨੀਤਕ ਛੋਟੇ ਵਪਾਰੀਆਂ ਨੂੰ ਸਬਜ਼ਬਾਗ ਦਿਖਾ ਕਿ ਜਾਂ ਮਜਬੂਰ ਕਰਕੇ ਇਸ ਖੇਡ ਵਿਚ ਸ਼ਾਮਲ ਕਰਦੇ ਹਨ ਅਤੇ ਵੱਡੀਆਂ ਹਾਨੀਆਂ ਦੀਆਂ ਧਮਕੀਆਂ ਦੇ ਕੇ ਛੋਟੇ ਲਾਭ ਲੈ ਲੈਣ ਦਾ ਲਾਲਚ ਦੇ ਕੇ ਵੀ ਆਪੋ ਆਪਣੇ ਹਿਤਾਂ ਦੀ ਪੂਰਤੀ ਦੀ ਖੇਡ ਖੇਡਣ ਦੀ ਨੀਤੀ ‘ਤੇ ਚੱਲਦੇ ਹਨ। ਸਮਾਜ ਸੇਵਾ ਜਾਂ ਲੋਕ ਹਿਤ ਦੇ ਸਿਰਫ਼ ਡਰਾਮੇ ਹੁੰਦੇ ਹਨ ਜਦੋਂਕਿ ਨਤੀਜਾ ਕੁਨਬਾਪ੍ਰਸਤੀ ਅਤੇ ਮਿੱਤਰ ਮੰਡਲੀ ਦੀ ਬੱਲੇ ਬੱਲੇ ਹੀ ਹੁੰਦਾ ਹੈ। ਭ੍ਰਿਸਟ ਰਾਜ-ਸੱਤਾ ਨੇ ਲੋਕਾਂ ਨੂੰ ਵੀ ਭ੍ਰਿਸਟ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ। ਕਿਰਤਾਂ ਅਤੇ ਧਰਮਾਂ ਦੀਆਂ ਪੌੜੀਆਂ ਚੜ੍ਹਨ ਵਾਲਾ ਆਮ ਬੰਦਾ ਰਾਜਨੀਤਕਾਂ ਦੇ ਮੂੰਹਾਂ ਵਿਚੋਂ ਕੁੱਝ ਰਿਆਇਤਾਂ ਦੇ ਉੱਠ ਵਾਲੇ ਬੁੱਲ੍ਹ ਡਿੱਗਣ ਦੇ ਲਾਲਚ ਵਿਚ ਫਸ ਗਿਆ ਹੈ ਜਾਂ ਫਸਾ ਦਿੱਤਾ ਗਿਆ ਹੈ। ਇਸ ਆਸ ਵਿਚ ਹੀ ਉਹ ਪੰਜ ਸਾਲ ਬਤੀਤ ਕਰ ਲੈਂਦਾ ਹੈ। ਇਹ ਉੱਠ ਦਾ ਲਮਕਦਾ ਬੁੱਲ੍ਹ ਕਦੇ ਵੀ ਨਹੀਂ ਡਿਗਦਾ ਅਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੇ ਉੱਠ ਦੇ ਬੁੱਲ੍ਹ ਡਿਗਾਉਣ ਦੇ ਨਵੇਂ ਵਾਅਦਿਆਂ ਵਾਲੇ ਠੱਗ ਦੇ ਹੱਥ ਚੜ੍ਹ ਜਾਣਾ ਇਸ ਮਨੁੱਖ ਦੀ ਹੋਣੀ ਬਣ ਚੁੱਕਿਆ ਹੈ।
ਵਰਤਮਾਨ ਸਮੇਂ ਪੰਜਾਬ ਵਿਚ ਤਿੰਨ ਧਿਰਾਂ ਦੇ ਸ਼ਿਕਾਰੀਆਂ ਨੇ ਪੰਜਾਬੀ ਵੋਟਰ ਦਾ ਸ਼ਿਕਾਰ ਕਰਨ ਲਈ ਜਾਲ ਵਿਛਾ ਲਏ ਹਨ। ਇਨ੍ਹਾਂ ਵਿਚ ਦੋ ਸ਼ਿਕਾਰੀ ਧਿਰਾਂ ਤਾਂ ਬੜੀਆਂ ਪੁਰਾਣੀਆਂ ਹਨ ਪਰ ਤੀਜੀ ਧਿਰ ਇਨ੍ਹਾਂ ਤੋਂ ਵੀ ਵੱਧ ਚਲਾਕ ਹੈ ਜੋ ਨਵੇਂ ਜ਼ਮਾਨਿਆਂ ਦੀ ਤਕਨੀਕ ਲੈ ਕੇ ਆਈ ਹੈ। ਇਨ੍ਹਾਂ ਨਵੀਆਂ ਤਕਨੀਕਾਂ ਦੇ ਲੇਜ਼ਰ ਸ਼ੋਆਂ ਵਿਚੋਂ ਨਿਕਲਦੀ ਲੋਕ ਸੇਵਾ ਨੇ ਵੀ ਨੌਜਵਾਨੀ ਦੀਆਂ ਅੰਨ੍ਹੀਆਂ ਅੱਖਾਂ ਨੂੰ ਹੋਰ ਵੀ ਚਕਾ-ਚੌਂਧ ਕੀਤਾ ਹੋਇਆ ਹੈ। ਰਵਾਇਤੀ ਸਿਆਸੀ ਧਿਰਾਂ ਅਕਾਲੀ-ਕਾਂਗਰਸ ਹਨ, ਜਿਨ੍ਹਾਂ ਦੀਆਂ ਜੜ੍ਹਾਂ ਸਿਆਣੀ ਉਮਰ ਦੇ ਲੋਕਾਂ ਵਿਚ ਹਨ ਜੋ ਆਪੋ ਆਪਣੇ ਘਰਾਂ ‘ਤੇ ਕਾਬਜ਼ ਹਨ ਅਤੇ ਪਰਿਵਾਰਾਂ ਦੇ ਬਹੁਤੇ ਵਿਅਕਤੀ ਉਨ੍ਹਾਂ ਦੇ ਹੁਕਮ ਅਧੀਨ ਵਿਚਰਦੇ ਹਨ। ਤੀਜੀ ਧਿਰ ਜਿਸ ਦਾ ਲੋਕ ਸੇਵਾ ਦਾ ਕੋਈ ਇਤਿਹਾਸ ਨਹੀਂ ਸਿਰਫ਼ ਨਵੀਂ ਤਕਨੀਕ ਸੋਸ਼ਲ ਮੀਡੀਆ ਦਾ ਡਰਾਮਾ ਆਧਾਰਤ ਵਿਕਾਸ ਮਾਡਲ ਹੈ, ਨਾਲ ਨੌਜਵਾਨੀ ਦਾ ਇੱਕ ਹਿੱਸਾ ਜੁੜਿਆ ਹੋਇਆ ਹੈ, ਜਿਸ ਦੇ ਆਧਾਰ ‘ਤੇ ਇਹ ਧਿਰ ਵੀ ਪਿਛਲੇ ਸਾਲਾਂ ਵਿਚ ਪੰਜਾਬ ਅਤੇ ਦਿੱਲੀ ਵਿਚ ਸਬੱਬੀਂ ਪੈਰ ਥੱਲੇ ਬਟੇਰਾ ਆ ਜਾਣ ਕਰਕੇ ਸ਼ਿਕਾਰੀ ਹੋਣ ਦਾ ਦਮ ਭਰ ਰਹੀ ਹੈ। ਵਰਤਮਾਨ ਰਾਜ ਕਰ ਰਹੀ ਧਿਰ ਕੋਲ ਆਪਣਾ ਇੱਕ ਢਾਂਚਾ ਹੈ, ਵਰਕਰਾਂ ਦਾ ਸਮੂਹ ਜਿਸ ਦੇ ਆਸਰੇ ਉਹ ਇੱਕ ਨਿਸ਼ਚਤ 25% ਵੋਟ ਬੈਂਕ ਰੱਖਦੀ ਹੈ, ਬਾਕੀ ਦਸ ਤੋਂ ਪੰਦਰਾਂ ਫ਼ੀਸਦੀ ਵੋਟ ਮੌਕੇ ਦੀਆਂ ਤਿਕੜਮਾਂ ਨਾਲ ਜੋੜਨ ਦੇ ਉਪਰਾਲੇ ਦੀਆਂ ਉਸ ਦੀਆਂ ਨੀਤੀਆਂ ਗੁਪਤ ਹਨ ਅਤੇ ਜੋ ਸਮਾਂ ਆਉਣ ‘ਤੇ ਹੀ ਪਤਾ ਲੱਗਣਗੀਆਂ। ਦੂਜੀ ਧਿਰ ਕਾਂਗਰਸ ਕੋਲ ਭਾਵੇਂ ਵੋਟ ਬੈਂਕ ਦਾ ਕੋਈ ਸਥਾਈ ਅੰਕੜਾ ਨਹੀਂ ਮੰਨਿਆ ਜਾ ਸਕਦਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਾਖ ਹੈ ਜੋ ਪੰਜਾਬ ਦੇ ਵੱਡੀ ਗਿਣਤੀ ਵੋਟਰਾਂ ਦੇ ਵਿਚ ਹੈ। ਕਾਂਗਰਸ ਦੇ ਸਥਾਈ ਵਰਕਰ ਅਤੇ ਆਗੂ ਕੈਪਟਨ ਦੀ ਤਾਕਤ ਨੂੰ ਦੁੱਗਣਾ ਕਰ ਦਿੰਦੇ ਹਨ।
ਰਾਜਾਸ਼ਾਹੀ ਦੇ ਅਧੀਨ ਇੱਕ ਵਿਅਕਤੀ ਦੇ ਰਾਜ ਵਿਚ ਹਜ਼ਾਰਾਂ ਸਾਲ ਵਿਚਰਨ ਵਾਲੇ ਪੰਜਾਬੀਆਂ ਦੀ ਮਾਨਸਿਕਤਾ ਅੱਜ ਵੀ ਪਾਰਟੀਆਂ ਦੀ ਥਾਂ ਵਿਅਕਤੀਆਂ ਵਿਚ ਹੈ। ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਦੋ ਬਦਲ ਪੰਜਾਬੀ ਵੋਟਰਾਂ ਕੋਲ ਹਨ ਪਰ ਤੀਜੀ ਧਿਰ ‘ਆਪ’ ਮਜ਼ਬੂਤ ਹੋਣ ਦੇ ਬਾਵਜੂਦ ਆਗੂ ਵਿਹੂਣੀ ਹੈ। ਇਸ ਦੇ ਆਗੂ ਵਿਹੂਣੀ ਹੋਣ ਦਾ ਨੁਕਸਾਨ ਇਸ ਨੂੰ ਖੋਰਾ ਲਾ ਰਿਹਾ ਹੈ। ਪੰਜਾਬੀ ਫ਼ਿਤਰਤ ਤੋਂ ਅਣਜਾਣ ਕੇਜਰੀਵਾਲ ਭਾਰੀ ਗ਼ਲਤੀ ਕਰ ਰਿਹਾ ਹੈ। ਇਸ ਪਾਰਟੀ ਵਿਚ ਵੱਡੇ ਆਗੂ ਇੱਕੋ ਜਿਹੇ ਪੱਧਰ ਦੇ ਹੋਣ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੇ ਚੱਕਰਾਂ ਵਿਚ ਕੇਜਰੀਵਾਲ ਨੂੰ ਫ਼ੂਕ ਛਕਾ ਕੇ ਗੁਮਰਾਹ ਕਰ ਰਹੇ ਹਨ। ਆਗੂ ਵਿਹੂਣੀ ਪਾਰਟੀ ਵਿਚ ਬਹੁਤੇ ਜਰਨੈਲ ਆਪਣਾ ਅਤੇ ਪਾਰਟੀ ਦਾ ਨੁਕਸਾਨ ਹੀ ਕਰ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਚੋਣਾਂ ਨਾਲੋਂ ਪਾਰਟੀਬਾਜ਼ੀ ਦੀ ਥਾਂ ਵਿਅਕਤੀਗਤ ਪੱਧਰ ‘ਤੇ ਲੜੀਆਂ ਜਾਂਦੀਆਂ ਹਨ ਜਿਸ ਵਿਚ ਹਰ ਪਾਰਟੀ ਦਾ ਚੋਣ ਲੜਨ ਵਾਲਾ ਆਗੂ ਲੋਕਾਂ ਨਾਲ ਸਿੱਧਾ ਜੁੜਿਆ ਹੁੰਦਾ ਹੈ। ਨਵੀਂ ਪਾਰਟੀ ਹਮੇਸ਼ਾ ਆਪਣੇ ਆਪ ਨੂੰ ਲੋਕ ਹਿਤਾਂ ਦੀ ਪਹਿਰੇਦਾਰ ਦਿਖਾਈ ਦੇ ਕੇ ਹੀ ਚੋਣ ਜਿੱਤ ਸਕਦੀ ਹੁੰਦੀ ਹੈ। ਨਵੀਂ ਪਾਰਟੀ ਤਿਕੜਮਬਾਜ਼ ਦੀ ਥਾਂ ਲੋਕ ਰੋਹ ਅਤੇ ਲੋਕ ਪਿਆਰ ਸਤਿਕਾਰ ਦੀ ਪਾਤਰ ਬਣੀ ਰਹਿਣੀ ਜ਼ਰੂਰੀ ਹੁੰਦੀ ਹੈ ਜੋ ਕਿ ‘ਆਪ’ ਪਾਰਟੀ ਲਈ ਵੀ ਜ਼ਰੂਰੀ ਹੈ। ਲੋਕ ਪਿਆਰ ਅਤੇ ਸਤਿਕਾਰ ਸਿਧਾਂਤ ਅਤੇ ਅਸੂਲ ਦਿਖਾਈ ਦੇਣ ਤੇ ਹੀ ਬਣਦਾ ਹੈ।
ਚੋਣਾਂ ਦਾ ਅੰਤਿਮ ਸਮਾਂ ਦੋ ਧਿਰਾਂ ਵਿਚ ਹੀ ਹੋਣਾ ਹੁੰਦਾ ਹੈ। ਜਿਹੜੀ ਧਿਰ ਰਾਜ ਕਰਦੀ ਪਾਰਟੀ ਨੂੰ ਟੱਕਰ ਦੇਣ ਵਿਚ ਪਛੜਨ ਲੱਗ ਪਵੇ, ਆਮ ਲੋਕ ਉਸ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤਲੇ ਦਿਨ ਤੱਕ ਹਰ ਧਿਰ ਦਾ ਜੇਤੂ ਅੰਦਾਜ਼ ਵੀ ਬਣਿਆ ਰਹਿਣਾ ਚਾਹੀਦਾ ਹੈ। ਜਿਸ ਧਿਰ ਕੋਲ ਜੇਤੂ ਅੰਦਾਜ਼ ਨਾ ਹੋਵੇ, ਲੋਕ ਉਸ ਤੋਂ ਕਿਨਾਰਾ ਕਰਨਾ ਹੀ ਬਿਹਤਰ ਸਮਝਦੇ ਹਨ। ਕੀ 2017 ਤੱਕ ਤਿੰਨੇ ਧਿਰਾਂ ਜੇਤੂ ਅੰਦਾਜ਼ ਬਣਾਈ ਰੱਖਣਗੀਆਂ? ਜਿਸ ਧਿਰ ਕੋਲ ਜੇਤੂ ਅੰਦਾਜ਼ ਲੋਕਾਂ ਨੂੰ ਦਿਖਾਈ ਨਾ ਦਿੱਤਾ, ਉਸ ਦੀ ਹਾਲਤ ਸੋਚਣ ਤੋਂ ਵੀ ਜ਼ਿਆਦਾ ਮੰਦੀ ਹੋਣੀ ਲਾਜ਼ਮੀ ਹੈ। ਸੋ ਵਰਤਮਾਨ ਸਮੇਂ ਤਿੰਨੇ ਧਿਰਾਂ ਕੋਲ ਭਾਵੇਂ ਲੋਕ ਪੱਖੀ ਏਜੰਡਾ ਨਹੀਂ ਹੈ ਪਰ ਚੋਣ ਦਾ ਹੋਰ ਕੋਈ ਬਦਲ ਨਾ ਹੋਣ ਕਾਰਨ ਇਨ੍ਹਾਂ ਦੇ ਜਾਲ ਹੀ ਲੋਕਾਂ ਨੂੰ ਘੇਰ ਰਹੇ ਹਨ। ਆਉਣ ਵਾਲ ਵਕਤ ਦੱਸੇਗਾ ਕਿ ਲੋਕ ਹਿਤਾਂ ਤੋਂ ਕੋਹਾਂ ਦੂਰ ਤਿੰਨਾਂ ਧਿਰਾਂ ਦੇ ਕਿਸ ਦੇ ਜਾਲ ਵਿਚ ਲੋਕ ਫਸਣ ਦਾ ਫ਼ੈਸਲਾ ਕਰਨਗੇ। ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਰਾਜਨੀਤਕਾਂ ਦੀ ਸਫਲਤਾ ਵੀ ਹੈ ਕਿ ਲੋਕ ਹਿਤਾਂ ਦੇ ਮੁੱਦੇ ਚੋਣ ਏਜੰਡੇ ਦੇ ਮੁੱਦੇ ਹੀ ਨਹੀਂ ਬਣ ਸਕੇ। ਸੋ ਆਉਣ ਵਾਲੇ ਪੰਜ ਸਾਲ ਵੀ ਪੰਜਾਬੀਆਂ ਦੇ ਪਹਿਲਾਂ ਵਾਲੇ ਰੁਝਾਨ ਵਿਚ ਹੀ ਵਿਚਰਨ ਦੇ ਹਾਲਾਤ ਬਣੇ ਰਹਿਣਗੇ। ਲੋਕ ਪੱਖੀ ਲੋਕਾਂ ਨੂੰ ਆਪਣੀ ਆਸ 2022 ‘ਤੇ ਹੀ ਰੱਖਣ ਲਈ ਮਜਬੂਰ ਹੋਣਾ ਪਵੇਗਾ। ਚੌਥੀ ਧਿਰ ਜੋ ਲੋਕ ਮੁੱਦਿਆਂ ਦੀ ਦਾਅਵੇਦਾਰ ਹੋ ਸਕਦੀ ਸੀ ਪਰ ਉਹ ਆਪਣੇ ਆਪ ਨੂੰ ਸੰਗਠਿਤ ਅਤੇ ਪੇਸ਼ ਕਰਨ ਵਿਚ ਅਸਫਲ ਹੋਏ ਹਨ। ਪੰਜਾਬ ਦੇ ਲੋਕ ਇਸ ਸਮੇਂ ਲੋਕ ਪੱਖੀ ਧਿਰ ਨੂੰ ਕਾਮਯਾਬ ਕਰਨ ਲਈ ਤਿਆਰ ਬੈਠੇ ਸਨ ਪਰ ਤਜਰਬੇਕਾਰ ਸਿਆਸੀ ਤਿੰਨੇ ਧਿਰਾਂ ਨੇ ਆਪਣੇ ਹੋ ਹੱਲੇ ਨਾਲ ਸਮਾਜ ਦੇ ਵੱਡੇ ਹਿੱਸੇ ਨੂੰ ਗੁਮਰਾਹ ਅਤੇ ਸਮਝਦਾਰ ਸਿਆਣੇ ਲੋਕ ਪੱਖੀ ਲੋਕਾਂ ਦੇ ਅੱਗੇ ਤੁਰਨ ਦੇ ਰਾਹ ਬੰਦ ਕਰਨ ਦੀ ਸਫਲ ਚਾਲ ਖੇਡੀ ਹੈ। ਚੌਥੀ ਧਿਰ ਦੇ ਲੋਕ ਇਹ ਰਾਹ ਰੋਕੂ ਜੁਗਾੜਾਂ ਨੂੰ ਤੋੜਨ ਵਿਚ ਅਸਫਲ ਹੋਏ ਹਨ ਜੋ ਉਨ੍ਹਾਂ ਦੀ ਵੱਡੀ ਕਮਜ਼ੋਰੀ ਹੈ। ਸੋ, ਪੰਜਾਬੀ ਵੋਟਰ ਕੋਲ ਕਿਸੇ ਇੱਕ ਧਿਰ ਦੇ ਜਾਲ ਵਿਚ ਫਸਣਾ ਉਸ ਦੀ ਹੋਣੀ ਬਣਾ ਦਿੱਤਾ ਗਿਆ ਹੈ। ਚੌਥੀ ਧਿਰ ਦੇ ਲੋਕ ਵੀ ਇਸ ਦੇ ਲਈ ਇਤਿਹਾਸ ਦੇ ਦੋਸ਼ੀ ਰਹਿਣਗੇ। ‘ਆਪ’-ਕਾਂਗਰਸ-ਅਕਾਲੀ-ਭਾਜਪਾ ਇੱਕੋ ਹੀ ਹਮਾਮ ਵਿਚ ਇਕੱਠੇ ਨਹਾਉਣਗੇ। ਇਨ੍ਹਾਂ ਧਿਰਾਂ ਦੇ ਰਾਜਨੀਤਕਾਂ ਤੋਂ ਸਵੈ ਵਿਕਾਸ ਦੇ ਇਲਾਵਾ ਹੋਰ ਆਸ ਰੱਖਣੀ ਮੂਰਖਤਾ ਹੀ ਹੈ ਕਿਉਂਕਿ ਇਨ੍ਹਾਂ ਦੇ ਆਗੂ ਸਵੈ ਹੰਕਾਰ ਅਤੇ ਸਵਾਰਥ ਦੀ ਦਲਦਲ ਵਿਚ ਡੂੰਘੇ ਫਸ ਚੁੱਕੇ ਹੋਏ ਹਨ।