ਨੌਜਵਾਨ ਭਾਰਤੀ ਖਿਡਾਰਨ ਦੀ ਆਸਟਰੇਲੀਆ ‘ਚ ਡੁੱਬਣ ਕਾਰਨ ਮੌਤ

ਨੌਜਵਾਨ ਭਾਰਤੀ ਖਿਡਾਰਨ ਦੀ ਆਸਟਰੇਲੀਆ ‘ਚ ਡੁੱਬਣ ਕਾਰਨ ਮੌਤ

ਐਡੀਲੇਡ/ਬਿਊਰੋ ਨਿਊਜ਼:
ਇੱਥੇ ਪੈਸੇਫ਼ਿਕ ਸਕੂਲ ਖੇਡਾਂ ਵਿੱਚ  ਹਿੱਸਾ ਲੈਣ ਆਈ ਭਾਰਤੀ ਫੁਟਬਾਲ ਖਿਡਾਰਨ ਨਿਤੀਸ਼ਾ ਨੇਗੀ (15 ਸਾਲ) ਗਲੇਨਲੇਜ ਬੀਚ ‘ਤੇ ਤੈਰਾਕੀ ਕਰਦੇ ਸਮੇਂ ਸਮੁੰਦਰ ਵਿੱਚ ਡੁੱਬ ਗਈ, ਜਦੋਂ ਕਿ ਚਾਰ ਹੋਰ ਭਾਰਤੀ ਖਿਡਾਰਨਾਂ ਨੂੰ ਬਚਾਅ ਲਿਆ ਗਿਆ। ਇਨ੍ਹਾਂ ਵਿੱਚੋਂ ਦੋ ਖਿਡਾਰਨਾਂ ਦੀ ਹਾਲਤ ਗੰਭੀਰ ਹੈ।
ਭਾਰਤੀ ਟੀਮ ਦੀਆਂ ਖਿਡਾਰਨਾਂ ਐਤਵਾਰ ਸ਼ਾਮੀਂ ਗਲੇਨਲੇਜ ਬੀਚ ‘ਤੇ ਤੈਰਾਕੀ ਕਰਨ ਗਈਆਂ ਸਨ ਅਤੇ ਉਹ ਸਮੁੰਦਰੀ ਲਹਿਰਾਂ ਦੀ ਲਪੇਟ ਵਿੱਚ ਆ ਗਈਆਂ। ਬੀਚ ਕੰਢੇ ਤਾਇਨਾਤ ਬਚਾਅ ਟੀਮ ਨੇ ਤੁਰੰਤ ਹਰਕਤ ਵਿੱਚ ਆ ਕੇ ਚਾਰ  ਖਿਡਾਰਨਾਂ ਨੂੰ ਬਚਾਅ ਲਿਆ, ਜਦੋਂ ਕਿ ਨਿਤੀਸ਼ਾ ਨੇਗੀ ਦੀ ਲਾਸ਼ ਸਵੇਰੇ ਤੈਰਦੀ ਮਿਲੀ। ਰਾਇਲ ਐਡੀਲੇਡ ਹਸਪਤਾਲ ਵਿੱਚ ਦਾਖ਼ਲ 17 ਸਾਲ ਦੀ ਇਕ ਖਿਡਾਰਨ ਅਤੇ ਫ਼ਲਿੰਡਰ ਹਸਪਤਾਲ ਵਿੱਚ ਜ਼ੇਰੇ ਇਲਾਜ ਦੀਪਿਕਾ (17 ਸਾਲ) ਦੀ ਹਾਲਤ ਗੰਭੀਰ ਹੈ। ਚਿਲਡਰਨ ਤੇ ਵਿਮੈਨ ਹਸਪਤਾਲ ਵਿੱਚ ਇਲਾਜ ਅਧੀਨ 12 ਸਾਲ ਦੀ ਖਿਡਾਰਨ ਨੂੰ ਛੁੱਟੀ ਦੇ ਦਿੱਤੀ ਗਈ। ਸੂਬਾ ਸਾਊਥ ਆਸਟਰੇਲੀਆ ਦੀ ਸਰਕਾਰ ਨਿਤੀਸ਼ਾ ਨੇਗੀ ਦੀ ਲਾਸ਼ ਭਾਰਤ ਭੇਜਣ ਦਾ ਪ੍ਰਬੰਧ ਕਰ ਰਹੀ ਹੈ। ਸਾਊਥ ਆਸਟਰੇਲੀਆ ਦੇ ਸੈਰ-ਸਪਾਟਾ ਮੰਤਰੀ ਲਿਊਨ ਬਿਗੀਨਲ ਨੇ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ।