ਵਿਸ਼ਵ ਭਰ ‘ਚ ਇਸਾਈ ਭਾਈਚਾਰੇ ਨੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ

ਵਿਸ਼ਵ ਭਰ ‘ਚ ਇਸਾਈ ਭਾਈਚਾਰੇ ਨੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ

ਪੋਪ ਨੇ ਲਾਲਚ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ

ਬੈਥਲੇਹਮ(ਯੇਰੂਸ਼ਲਮ)/ਬਿਊਰੋ ਨਿਊਜ਼ :
ਸੰਸਾਰ ਭਰ ਵਿਚ ਇਨ੍ਹੀਂ ਦਿਨੀ ਇਸਾਈ ਧਰਮ ਦੇ ਪਵਿੱਤਰ ਤਿਉਹਾਰ ਕ੍ਰਿਸਮਸ ਦੀ ਧੂਮ ਹੈ। ਕ੍ਰਿਸਮਸ ਮਨਾਉਣ ਲਈ ਵਿਸ਼ਵ ਭਰ ਤੋਂ ਹਜ਼ਾਰਾਂ ਸ਼ਰਧਾਲੂ ਭਗਵਾਨ ਯਸੂ ਦੇ ਜਨਮ ਅਸਥਾਨ ਬੈਥਲੇਹਮ ਪੁੱਜੇ ਜਿੱਥੇ ਕਈ ਸਾਲਾਂ ਬਾਅਦ ਲੋਕਾਂ ਨੇ ਕਾਫੀ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ। ਅਮਰੀਕੀ ਪ੍ਰਸ਼ਾਸਨ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਐਲਾਨਣ ਮਗਰੋਂ ਇੰਨੀ ਵੱਡੀ ਗਿਣਤੀ ਵਿਚ ਲੋਕ ਇੱਥੇ ਇਕੱਠੇ ਹੋਏ। ‘ਮੈਂਜਰ ਸਕੁਏਅਰ’ ਵਿਚ ਸੈਲਾਨੀ ਅਤੇ ਸਥਾਨਕ ਲੋਕ ਅੱਧੀ ਰਾਤ ਨੂੰ ਇਕੱਠੇ ਹੋਏ ਅਤੇ ਫਲਸਤੀਨੀ ਸਕਾਊਟ ਦੀ ਅਗਵਾਈ ਹੇਠ ਪਰੰਪਰਾਗਤ ਮਾਰਚ ਕੱਢਿਆ ਗਿਆ ਅਤੇ ਮਨਾਏ ਜਾਣ ਵਾਲੇ ਕ੍ਰਿਸਮਸ ਦੇ ਜਸ਼ਨ ਦਾ ਆਗਾਜ਼ ਕੀਤਾ ਗਿਆ।
ਫਲਸਤੀਨ ਦੀ ਸੈਰ ਸਪਾਟਾ ਮੰਤਰੀ ਰੂਲਾ ਮੈਯਾ ਨੇ ਦੱਸਿਆ ਕਿ ਬੈਥਲੇਹਮ ਦੇ ਸਾਰੇ ਹੋਟਲ ਬੁੱਕ ਸਨ ਅਤੇ ਸੁਰੱਖਿਆ ਸਥਿਤੀ ਵੀ ਪੂਰੀ ਤਰ੍ਹਾਂ ਕੰਟਰੋਲ ਹੇਠ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਵਿਚ ਲੋਕ ਫਲਸਤੀਨ ਨਹੀਂ ਆਏ ਸਨ। ਟਰੈਵਲ ਏਜੰਟ ਫਾਦੀ ਖਤਾਨ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਤਕ ਸ਼ਹਿਰ ਦੇ ਸਾਰੇ ਹੋਟਲ ਬੁੱਕ ਹਨ। ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਸ਼ਰਧਾਲੂ ਬੈਥਲੇਹਮ ਪੁੱਜੇ ਅਤੇ ਗ੍ਰੋਟੋ (ਕੁਦਰਤੀ ਗੁਫਾ) ਦੇ ਦਰਸ਼ਨ ਲਈ ਕਤਾਰਾਂ ਵਿਚ ਲੱਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਯਸ਼ੂ ਦਾ ਜਨਮ ਇਸੇ ਅਸਥਾਨ ਉੱਤੇ ਹੋਇਆ ਸੀ।

ਪੋਪ ਨੇ ਲਾਲਚ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ : ਪੋਪ ਫਰਾਂਸਿਸ ਨੇ ਕ੍ਰਿਸਮਸ ਦੇ ਜਸ਼ਨ ਦੀ ਸ਼ੁਰੂਆਤ ਮੌਕੇ ਵੈਟੀਕਨ ਸਿਟੀ ਵਿਚ ਇਕੱਤਰ ਲੋਕਾਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਉਨ੍ਹਾਂ ਮੌਜੂਦਾ ਸਮੇਂ ਵਧ ਰਹੇ ਲਾਲਚ ਦੀ ਨਿਖੇਧੀ ਕੀਤੀ। ਵੈਟੀਕਨ ਦੇ ਸੇਂਟ ਪੀਟਰ ਬੈਸਿਲਿਕਾ ਗਿਰਜਾਘਰ ਵਿਚ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਹਜ਼ਾਰਾਂ ਸ਼ਰਧਾਲੂ ਇਕੱਤਰ ਹੋਏ ਜਿੱਥੇ ਪੋਪ ਫਰਾਂਸਿਸ ਨੇ ਕ੍ਰਿਸਮਸ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ।