ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ

ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ

ਜਕਾਰਤਾ/ਬਿਊਰੋ ਨਿਊਜ਼ :
ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੱਥੇ ਜਪਾਨ ਦੇ ਕਾਜ਼ੂਮਾਸਾ ਸਾਕਾਈ ਨੂੰ ਫਾਈਨਲ ‘ਚ ਹਰਾ ਕੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੀ ਝੋਲੀ ਪਾ ਲਿਆ ਹੈ, ਜੋ ਉਸ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਹੈ। ਦੁਨੀਆਂ ਦੇ 22ਵੇਂ ਨੰਬਰ ਦੇ ਖਿਡਾਬੀ ਸ੍ਰੀਕਾਂਤ ਨੇ ਇਸ ਟੂਰਨਾਮੈਂਟ ਦੇ ਫਾਈਨਲ ‘ਚ 47ਵੀਂ ਰੈਂਕਿੰਗ ਦੇ ਸਕਾਈ ਨੂੰ 37 ਮਿੰਟ ‘ਚ 21-11, 21-19 ਨਾਲ ਹਰਾ ਕੇ 75 ਹਜ਼ਾਰ ਡਾਲਰ ਦਾ ਇਨਾਮ ਹਾਸਲ ਕੀਤਾ। ਸ੍ਰੀਕਾਂਤ ਨੇ 2014 ‘ਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ 2015 ‘ਚ ਇੰਡੀਆ ਸੁਪਰ ਸੀਰੀਜ਼ ਖ਼ਿਤਾਬ ਵੀ ਆਪਣੇ ਨਾਂ ਕੀਤਾ ਹੋਇਆ ਹੈ।
ਮੈਚ ਜਿੱਤਣ ਮਗਰੋਂ ਉਸ ਨੇ ਕਿਹਾ ਕਿ ਇਹ ਵਧੀਆ ਖੇਡ ਰਹੀ। ਖਾਸ ਕਰਕੇ ਦੂਜੀ ਗੇਮ। ਉਹ 6-11 ਨਾਲ ਪਛੜਨ ਮਗਰੋਂ ਵਾਪਸੀ ਕਰਦਿਆਂ ਇਸ ਗੇਮ ਨੂੰ 13-13 ਦੀ ਬਰਾਬਰੀ ‘ਤੇ ਲੈ ਆਇਆ ਜੋ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਸ੍ਰੀਕਾਂਤ ਨੇ ਆਪਣੇ ਕੋਚ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਸ ਦੇ ਦਿਲ ‘ਚ ਆਪਣੇ ਕੋਚ ਲਈ ਵਿਸ਼ੇਸ਼ ਸਥਾਨ ਰਹੇਗਾ ਕਿਉਂਕਿ ਜਦ ਤੋਂ ਉਹ ਆਏ ਹਨ ਉਹ ਸਿੰਗਾਪੁਰ ਦੇ ਫਾਈਨਲਜ਼ ‘ਚ ਵੀ ਪਹੁੰਚਿਆ ਅਤੇ ਉਸ ਨੇ ਇਹ ਟੂਰਨਾਮੈਂਟ ਆਪਣੇ ਨਾਂ ਕੀਤਾ ਜਿਸ ਨੂੰ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ ਹੈ। ਸ੍ਰੀਕਾਂਤ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪਣੇ ਵਿਰੋਧੀ ਨੂੰ ਕਿਸੇ ਵੀ ਤੇਜ਼ ਰੈਲੀ ‘ਚ ਨਹੀਂ ਉਲਝਣ ਦਿੱਤਾ। ਉਸ ਨੇ ਸਟੀਕ ਕੋਣ ਲੈਂਦਿਆਂ ਰਿਟਰਨ ਲਗਾਏ ਅਤੇ ਆਪਣੇ ਵਿਰੋਧੀ ਨੂੰ ਹਰਾਉਣ ਲਈ ਸਮੈਸ਼ ਲਾਉਣੇ ਜਾਰੀ ਰੱਖੇ।
ਸ੍ਰੀਕਾਂਤ ਨੂੰ ਪੰਜ ਲੱਖ ਦਾ ਇਨਾਮ :
ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬਾਈ) ਨੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ ਬਣੇ ਕਿਦਾਂਬੀ ਸ੍ਰੀਕਾਂਤ ਨੂੰ ਪੰਜ ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਬਾਈ ਦੇ ਪ੍ਰਧਾਨ ਹਿਮਾਂਤਾ ਬਿਸਵਾ ਨੇ ਖ਼ਿਤਾਬ ਜਿੱਤਣ ਵਾਲੇ ਸ੍ਰੀਕਾਂਤ ਨੂੰ ਉਸ ਦੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸ੍ਰੀਕਾਂਤ ਨੇ ਇੰਡੋਨੇਸ਼ੀਆ ‘ਚ ਖ਼ਿਤਾਬੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਬਾਈ ਦੇ ਜਨਰਲ ਸਕੱਤਰ ਤੇ ਅਧਕਾਰਤ ਬੁਲਾਰੇ ਅਨੂਪ ਨਾਰੰਗ ਨੇ ਵੀ ਸ੍ਰੀਕਾਂਤ ਨੂੰ ਵਧਾਈ ਦਿੱਤੀ ਹੈ।