50 ਸਾਲਾ ਸਿੱਖ ਦੀ ਨਸਲੀ ਹਮਲੇ ‘ਚ ਕੁੱਟਮਾਰ

50 ਸਾਲਾ ਸਿੱਖ ਦੀ ਨਸਲੀ ਹਮਲੇ ‘ਚ ਕੁੱਟਮਾਰ

ਨਿਊਯਾਰਕ/ਬਿਊਰੋ ਨਿਊਜ਼ :
ਕੈਲੀਫ਼ੋਰਨੀਆ ਵਿਚ ਦੋ ਗੋਰਿਆਂ ਵੱਲੋਂ ਇਕ 50 ਸਾਲਾ ਸਿੱਖ ਦੀ ਨਸਲੀ ਵਿਤਕਰੇ ਕਾਰਨ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਰਿਆਂ ਨੇ ਸਿੱਖ ‘ਤੇ ਨਸਲੀ ਟਿੱਪਣੀਆਂ ਕਰਦੇ ਹੋਏ ਕਿਹਾ,”ਤੁਹਾਡਾ ਇਥੇ ਸਵਾਗਤ ਨਹੀਂ ਹੈ।” ਗੋਰਿਆਂ ਨੇ ਸਿੱਖ ਨੂੰ ਅਪਣੇ ਦੇਸ਼ ਵਾਪਸ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ,”ਗੋ ਬੈਕ ਟੂ ਯੂਅਰ ਕੰਟਰੀ।”
ਮਿਲੇ ਵੇਰਵਿਆਂ ਮੁਤਾਬਕ ਸੁਰਜੀਤ ਸਿੰਘ ਮੱਲ੍ਹੀ ਨਾਲ ਇਹ ਘਟਨਾ ਬੀਤੇ ਹਫ਼ਤੇ ਕੈਲੀਫ਼ੋਰਨੀਆ ਵਿਚ ਕੀਜ਼ ਅਤੇ ਫੁਟਈ ਰੋਡ ‘ਤੇ ਵਾਪਰੀ। ਸਾਰੇ ਮਾਮਲੇ ਸਬੰਧੀ ਸ. ਮੱਲ੍ਹੀ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਵਿਚ ਆਪਣੇ ਘਰ  ਦੇ ਕੋਲ ਅਮਰੀਕੀ ਪ੍ਰਤੀਨਿਧੀ ਜੈਫ  ਡੇਨਹਮ ਲਈ ਰਾਜਨੀਤਕ ਪੋਸਟਰ ਚਿਪਕਾ ਰਿਹਾ ਸੀ ਜੋ ਕਿ ਬਤੌਰ ਰਿਪਬਲਿਕਨ ਉਮੀਦਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਖੜ੍ਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋ ਆਦਮੀ ਆਏ ਅਤੇ ਉਨ੍ਹਾਂ ਨੇ ਚੀਖਦੇ ਹੋਏ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿ ਰਹੇ ਸਨ, ਕਿ ”ਤੁਹਾਡਾ ਇੱਥੇ ਸਵਾਗਤ ਨਹੀਂ ਹੈ , ਤੁਸੀਂ ਆਪਣੇ ਦੇਸ਼ ਵਾਪਸ ਜਾਓ।” ਦੋ ਵਿਅਕਤੀ ਮੇਰੇ ਪਿੱਛੇ ਆਏ ਅਤੇ ਟੋਕਣ ਲੱਗੇ। ਉਨ੍ਹਾਂ ਨੇ ਮੇਰੀ ਅੱਖ ਵਿਚ ਰੇਤ ਪਾ ਦਿੱਤੀ, ਤਾ ਕਿ ਮੈਂ ਉਨ੍ਹਾਂ ਨੂੰ ਨਾ ਵੇਖ ਸਕਾਂ । ਫਿਰ ਉਨ੍ਹਾਂ ਨੇ ਮੇਰਾ ਸਿਰ ਫੜਿਆ ਅਤੇ ਡੰਡੇ ਅਤੇ ਬੈਲਟ ਨਾਲ ਮੇਰੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ।
ਸ. ਮੱਲ੍ਹੀ ਨੇ ਦੱਸਿਆ, ਕਿ ਜਿਸ ਤਰ੍ਹਾਂ ਉਹ ਮੈਨੂੰ ਮਾਰ ਰਹੇ ਸਨ, ਹੋ ਸਕਦਾ ਸੀ ਮੈਂ ਮਰ ਜਾਂਦਾ। ਸ. ਮੱਲ੍ਹੀ ਨੇ ਕਿਹਾ ਕਿ ਉਹ ਹਮਲਾ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕੇ, ਪਰ ਉਹ ਦੋ ਵਿਅਕਤੀ ਸਨ. ਜਿਨ੍ਹਾਂ ਨੇ ਕਾਲੇ ਰੰਗ ਦੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ। ਉਹ ਮੈਨੂੰ ਕਹਿ ਰਹੇ ਸਨ, ”ਤੂੰ ਇਥੋਂ ਦਾ ਨਹੀਂ ਹੈ।” ਸ. ਮੱਲ੍ਹੀ ਸੰਨ1992 ਵਿਚ ਭਾਰਤ ਤੋਂ ਅਮਰੀਕਾ ਆਏ ਸਨ ਅਤੇ ਹੁਣ ਇਥੇ ਦੇ ਸਥਾਈ ਨਿਵਾਸੀ ਹਨ।
ਪੁਲਿਸ ਅਧਿਕਾਰੀ ਸ਼ੈਰਿਫ਼ ਸਾਰਜੈਂਟ ਟੌਮ ਲੇਤਰਾਸ ਨੇ ਦੱਸਿਆ ਕਿ ਪੀੜਤ ਸਥਾਨਕ ਉਮੀਦਵਾਰ ਦੇ ਪ੍ਰਚਾਰ ਲਈ ਪੋਸਟਰ ਲਗਾ ਲਗਾ ਰਿਹਾ ਸੀ। ਉਸ ਸਮੇਂ ਦੋ ਗੋਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਗੋਰਿਆਂ ਨੇ ਸਿੱਖ ਦੇ ਸਿਰ ‘ਤੇ ਰਾਡ ਨਾਲ ਹਮਲਾ ਕੀਤਾ ਪਰ ਉਹ ਦਸਤਾਰ ਬੰਨ੍ਹੀ ਹੋਣ ਕਾਰਨ ਗੰਭੀਰ ਸੱਟ ਤੋਂ ਬਚ ਗਿਆ।
ਸ਼ੁਰੂ ਵਿਚ ਇਹ ਖਬਰ ਫੇਸਬੁੱਕ ਉਤੇ ਸ਼ੇਅਰ ਹੋਈ, ਇਸ ਪੋਸਟ ਵਿਚ ਪਿਕਅੱਪ ਟਰੱਕ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ, ਜਿਸ ‘ਤੇ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਦਿਖ ਰਿਹਾ ਹੈ, ”ਗੋ ਬੈਕ ਟੂ ਯੂਅਰ ਕੰਟਰੀ।” ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ।
ਸਿੱਖਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਪ੍ਰਿਤਪਾਲ ਸਿੰਘ ਅਤੇ ਮੈਡਿਸਟੋ ਦੇ ਵਾਇਸ ਮੇਅਰ ਮਨਮੀਤ ਸਿੰਘ ਗਰੇਵਾਲ, ਅਮਰੀਕਨ ਸਿੱਖ ਕੌਜ਼ਜ਼ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਸਿੱਖ ਆਗੂ ਇਸ ਮਾਮਲੇ ਦੀ ਨਿਰਪੱਖ ਜਾਂਚ ਬਾਰੇ ਸੈਂਟਰਲ ਵੈਲੀ ਦੇ ਕਾਨੂੰਨੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮਿਲੇ।
ਜਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਲੀਫ਼ੋਰਨੀਆ ਵਿਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਵਧ ਗਏ ਹਨ। ਇਸ ਸੂਬੇ ਵਿਚ ਸਿੱਖਾਂ ਦੀ ਸਭ ਤੋਂ ਜ਼ਿਆਦਾ ਵਸੋਂ ਹੈ। ਕੈਲੀਫ਼ੋਰਨੀਆ ਦੇ ਸ਼ਹਿਰ ਸਟਾਕਟਨ ਵਿਚ ਸੰਨ 1912 ‘ਚ ਪਹਿਲਾ ਗੁਰਦਵਾਰਾ ਉਸਾਰਿਆ ਗਿਆ ਸੀ। ਇਕ ਸਰਵੇਖਣ ਮੁਤਾਬਕ ਲਗਭਗ ਪੰਜ ਲੱਖ ਸਿੱਖ ਅਮਰੀਕਾ ਵਿਚ ਵਸਦੇ ਹਨ ਅਤੇ ਦੁਨੀਆ ਭਰ ਵਿਚ 25 ਮਿਲੀਅਨ ਦੀ ਆਬਾਦੀ ਵਾਲੇ ਸਿੱਖ ਧਰਮ ਨੂੰ ਪੰਜਵਾਂ ਸਥਾਨ ਪ੍ਰਾਪਤ ਹੈ।