ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਵਾਲੇ ਨੂੰ ਚਾਰ ਸਾਲ ਦੀ ਕੈਦ

ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਵਾਲੇ ਨੂੰ ਚਾਰ ਸਾਲ ਦੀ ਕੈਦ

ਲੰਡਨ/ਬਿਊਰੋ ਨਿਊਜ਼ :

ਸਕਾਟਲੈਂਡ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਨੂੰ ਅੱਗ ਲਾਉਣ ਦੀ ਅਗਸਤ ਮਹੀਨੇ ਵਾਪਰੀ ਘਟਨਾ ਉਤੇ ਅਦਾਲਤੀ ਫੈਸਲਾ ਆ ਗਿਆ ਹੈ। ਈਡਨਬਰਗ ਅਦਾਲਤ ਨੇ ਦੋਸ਼ੀ ਨੂੰ ਚਾਰ ਸਾਲ ਦੀ ਸਜ਼ਾ ਕੀਤੀ ਹੈ। 49 ਸਾਲਾ ਦੋਸ਼ੀ ਪਾਲ ਜੌਹਨਸਨ ਉਤੇ ਸਕਾਟਲੈਂਡ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਅਤੇ ਇਕ ਚਰਚ ਨੂੰ ਅੱਗ ਲਗਾ ਕੇ ਜਲਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ।  ਈਡਨਬਰਗ ਅਦਾਲਤ ‘ਚ ਬੀਤੇ ਮਹੀਨੇ ਜੌਹਨਸਨ ਨੇ ਦੋਵੇਂ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਜੌਹਨਸਨ ਨੇ ਲੰਘੀ 28 ਅਗਸਤ ਨੂੰ ਪਹਿਲਾਂ ਲੀਥ ਮੈਥੌਡੈਸਟ ਚਰਚ ਦੇ ਮੁੱਖ ਦਰਵਾਜ਼ੇ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਆਦ ਉਸੇ ਦਿਨ ਕੁਝ ਮਿੰਟਾਂ ਬਾਅਦ ਹੀ ਗੁਰੂ ਨਾਨਕ ਸਿੱਖ ਟੈਂਪਲ ਸ਼ਰੀਫ ਬਾਰੇ ਲੀਥ ਦੇ ਮੁੱਖ ਦਰਵਾਜ਼ੇ ‘ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਗੁਰੂ ਘਰ ਦੇ ਮੁੱਖ ਦਰਵਾਜ਼ੇ ਅਤੇ ਅੰਦਰ ਅੱਗ ਲੱਗਣ ਨਾਲ ਕੁਝ ਨੁਕਸਾਨ ਹੋਇਆ ਪਰ ਕਿਸੇ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਸੀ। ਜੌਹਨਸਨ ਦਾ ਰੋਸ ਰੱਬ ਅਤੇ ਧਰਮ ਨਾਲ ਸੀ, ਜਿਸ ਕਰਕੇ ਉਸ ਨੇ ਅਜਿਹੀ ਹਰਕਤ ਕੀਤੀ।