ਦੋਵੇਂ ਬਾਦਲਾਂ ਤੋਂ ਬਾਅਦ ਕਥਿਤ ਵਿਚੋਲੀਏ ਅਕਸ਼ੈ ਕੁਮਾਰ ਦਾ ਨੰਬਰ ਲੱਗਿਆ

ਦੋਵੇਂ ਬਾਦਲਾਂ ਤੋਂ ਬਾਅਦ ਕਥਿਤ ਵਿਚੋਲੀਏ ਅਕਸ਼ੈ ਕੁਮਾਰ ਦਾ ਨੰਬਰ ਲੱਗਿਆ

ਬੇਅਦਬੀ ਕਾਂਡ ਤੇ ਸਿਰਸਾ-ਸਾਧ ਨੂੰ ਮੁਆਫੀ ਦਿਵਾਉਣ ਦਾ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼ :
ਅਕਾਲੀ-ਭਾਜਪਾ ਰਾਜ ਵਿਚ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ‘ਸਿੱਟ’ ਵੱਲੋਂ ਤਲਬ ਕੀਤੇ ਜਾਣ ਮਗਰੋਂ ਬੌਲੀਵੁੱਡ ਸਟਾਰ ਅਕਸ਼ੈ ਕਮਾਰ ਪਹਿਲੀ ਵਾਰ ਪੁਲੀਸ ਅਧਿਕਾਰੀਆਂ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਇਆ। ਵਿਸ਼ੇਸ਼ ਜਾਂਚ ਟੀਮ ਦੇ ਸਵਾਲਾਂ ਦਾ ਜਵਾਬ ਦੇਣ ਵਿਚ ‘ਖਿਲਾੜੀਉਂ ਕੇ ਖਿਲਾੜੀ’ ਦੇ ਨਾਮ ਨਾਲ ਪ੍ਰਸਿੱਧ ਅਭਿਨੇਤਾ ਅਕਸ਼ੈ ਕੁਮਾਰ ਨੂੰ ਖਾਸਾ ਤਰੱਦਦ ਕਰਨਾ ਪਿਆ। ਅਕਸ਼ੈ ਕੁਮਾਰ ਬੌਲੀਵੁੱਡ ਦੀਆਂ ਕਈ ਫਿਲਮਾਂ ਵਿਚ ਪੁਲੀਸ ਅਫ਼ਸਰ ਅਤੇ ਸਿੱਖ ਨੌਜਵਾਨ ਦਾ ਕਿਰਦਾਰ ਨਿਭਾਅ ਚੁੱਕੇ ਹਨ ਪਰ ਅਸਲ ਜ਼ਿੰਦਗੀ ਵਿਚ ਉਨ੍ਹਾਂ ਨੂੰ ਪੁਲਿਸ ਮੂਹਰੇ ਪੇਸ਼ ਹੋਣ ਤੋਂ ਪਹਿਲਾਂ ਵਕੀਲ ਦਾ ਸਹਾਰਾ ਲੈਣਾ ਪਿਆ। ਉਹ ਸੁਖਬੀਰ ਬਾਦਲ ਦੀ ਡੇਰਾ ਮੁਖੀ ਨਾਲ ਮੁਲਾਕਾਤ (ਸੌਦੇਬਾਜ਼ੀ)  ਕਰਵਾਉਣ ਸਬੰਧੀ ਚਰਚਾ ਵਿਚ ਹਨ।
ਪੁਲੀਸ ਸੂਤਰਾਂ ਮੁਤਾਬਕ ਅਕਸ਼ੈ ਕੁਮਾਰ ਸਿੱਟ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਸਮੇਂ ਅਸਹਿਜ ਮਹਿਸੂਸ ਕਰ ਰਿਹਾ ਸੀ। ਸਵੇਰੇ ਤਕਰੀਬਨ ਸਾਢੇ ਨੌਂ ਵਜੇ ਪਹੁੰਚੇ ਅਕਸ਼ੈ ਕੁਮਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਦੀਆਂ ਸੇਵਾਵਾਂ ਲਈਆਂ। ਉਂਜ ਸਿੱਟ ਮੂਹਰੇ ਉਹ ਇਕੱਲੇ ਹੀ ਪੇਸ਼ ਹੋਏ। ਮਹੱਤਵਪੂਰਨ ਤੱਥ ਇਹ ਹੈ ਕਿ ਵਕੀਲ ਸੰਤਪਾਲ ਸਿੰਘ ਸਿੱਧੂ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ‘ਚ ਨਾਮਜ਼ਦ ਚਰਨਜੀਤ ਸ਼ਰਮਾ ਅਤੇ ਹੋਰ ਪੁਲੀਸ ਅਧਿਕਾਰੀਆਂ ਦੇ ਕੇਸਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੈਰਵੀ ਕਰ ਰਹੇ ਹਨ।
ਅਕਸ਼ੈ ਕੁਮਾਰ ਸਾਢੇ 11 ਵਜੇ ਦੇ ਕਰੀਬ ਪੁਲੀਸ ਹੈੱਡਕੁਆਰਟਰ ਦੇ ਪਿਛਲੇ ਦਰਵਾਜ਼ਿਓਂ ਪੱਤਰਕਾਰਾਂ ਨੂੰ ਝਕਾਨੀ ਦੇ ਕੇ ਚਲਦੇ ਬਣੇ। ਉਹ ਮੁੰਬਈ ਤੋਂ ਚਾਰਟਿਡ ਜਹਾਜ਼ ਰਾਹੀਂ ਉਚੇਚੇ ਤੌਰ ‘ਤੇ ਚੰਡੀਗੜ੍ਹ ਪਹੁੰਚੇ ਸਨ।
ਪੁਲੀਸ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਾਉਣ ਸਬੰਧੀ ਸਵਾਲ ਪੁੱਛੇ ਗਏ। ਅਕਸ਼ੈ ਕੁਮਾਰ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਡੇਰਾ ਮੁਖੀ ਨੂੰ ਉਹ ਤਾਂ ਅੱਜ ਤੱਕ ਮਿਲਿਆ ਹੀ ਨਹੀਂ ਸਗੋਂ ਸੁਖਬੀਰ ਬਾਦਲ ਨਾਲ ਵੀ ਪੰਜਾਬ ਤੋਂ ਬਾਹਰ ਕਦੇ ਮੁਲਾਕਾਤ ਨਹੀਂ ਹੋਈ ਹੈ। ਸਿੱਟ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੇ ਪੁੱਛ-ਗਿੱਛ ਸਬੰਧੀ ਕੋਈ ਵੀ ਖ਼ੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਮੁਕੰਮਲ ਹੋਣ ਤਕ ਕੁਝ ਵੀ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ।
ਸੂਤਰਾਂ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਵੱਲੋਂ ਤਿੰਨ ਦਰਜਨ ਦੇ ਕਰੀਬ ਸਵਾਲ ਪੁੱਛੇ ਗਏ ਅਤੇ ਫਿਲਮ ਅਦਾਕਾਰ ਨੂੰ ਸਵਾਲਾਂ ਵਿੱਚ ਘੇਰਨ ਦਾ ਯਤਨ ਕੀਤਾ ਗਿਆ। ਸਿੱਟ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ। ਹੁਣ ਸਾਬਕਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਰਹੇ ਆਈਏਐਸ ਅਧਿਕਾਰੀਆਂ ਨੂੰ ਵੀ ਤਲਬ ਕੀਤੇ ਜਾਣ ਦੇ ਆਸਾਰ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਅਗਵਾਈ ਹੇਠ ਕਾਇਮ ਕੀਤੇ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਵਿਚ ਅਕਸ਼ੈ ਕੁਮਾਰ ਦਾ ਨਾਮ ਉਭਰ ਕੇ ਸਾਹਮਣੇ ਆਇਆ ਸੀ। ਕਮਿਸ਼ਨ ਦੀ ਰਿਪੋਰਟ ਮੁਤਾਬਕ ਅਕਸ਼ੈ ‘ਤੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮੁਆਫ਼ੀ ਤੋਂ ਪਹਿਲਾਂ ਮੁੰਬਈ ਵਿਚ ਡੇਰਾ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਮੀਟਿੰਗ ਕਰਾਉਣ ਦੇ ਦੋਸ਼ ਹਨ।
ਅਕਸ਼ੈ ਕੁਮਾਰ ਦੇ ਵਕੀਲ ਸੰਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਫਿਲਮ ਅਦਾਕਾਰ ਗਵਾਹ ਵਜੋਂ ਪੇਸ਼ ਹੋਏ ਸਨ ਅਤੇ ਉਨ੍ਹਾਂ ਨੂੰ ਦੋਸ਼ੀ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਪੰਜਾਬ ਦੇ ਮਾਹੌਲ ਤੋਂ ਫਿਕਰਮੰਦ ਹੈ ਅਤੇ ਉਨ੍ਹਾਂ ਪੁਲੀਸ ਵੱਲੋਂ ਪੁੱਛੇ ਸਵਾਲਾਂ ਦੇ ਸਾਰੇ ਜਵਾਬ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਅਦਾਕਾਰ ਨੂੰ ਜਿਸ ਤਰ੍ਹਾਂ ਦੇ ਸਵਾਲ ਪੁੱਛੇ ਗਏ, ਉਸ ਤੋਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਪੁਲੀਸ ਦੇ ਸਵਾਲ ਮਨਘੜਤ ਲਗਦੇ ਹਨ ਅਤੇ ਕੋਈ ਠੋਸ ਤੱਥ ਨਹੀਂ ਹਨ।