ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਚੋਣ ਵਾਅਦਿਆਂ ਦਾ ਦਸਤਾਵੇਜ ਜਾਰੀ ਕੀਤਾ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਚੋਣ ਵਾਅਦਿਆਂ ਦਾ ਦਸਤਾਵੇਜ ਜਾਰੀ ਕੀਤਾ

ਨਵੀਂ ਦਿੱਲੀ: ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ ਚੋਣ ਵਾਅਦਿਆਂ ਦਾ ਦਸਤਾਵੇਜ਼ ਜਾਰੀ ਕੀਤਾ। ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਦੇ ਚੋਣ ਵਾਅਦਿਆਂ ਦੇ ਦਸਤਾਵੇਜ਼ ਨੂੰ 'ਲੋਕਾਂ ਦੀ ਆਵਾਜ਼' ਦਾ ਨਾਂ ਦਿੱਤਾ ਹੈ। ਇਸ ਮੌਕੇ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਰਾਹੁਲ ਗਾਂਧੀ ਨਾਲ ਮੌਜੂਦ ਸਨ।

ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਸਰਕਾਰ ਬਣਨ ਮਗਰੋਂ 'ਨਿਆਏ' ਸਕੀਮ ਅਧੀਨ ਭਾਰਤ ਦੇ ਪੰਜ ਕਰੋੜ ਗਰੀਬ ਪਰਿਵਾਰਾਂ ਨੂੰ ਸਾਲਾਨਾ 72,000 ਰੁਪਏ ਦਿੱਤੇ ਜਾਇਆ ਕਰਨਗੇ, 22 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ, ਕਿਸਾਨਾਂ ਲਈ ਵੱਖਰਾ ਬਜਟ ਲਿਆਂਦਾ ਜਾਵੇਗਾ ਅਤੇ ਜੀਐਸਟੀ ਦਾ ਇਕ ਰੇਟ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਡਾ ਐਲਾਨ ਕੀਤਾ ਗਿਆ ਹੈ ਕਿ ਕਰਜ਼ਾ ਨਾ ਮੋੜ ਸਕਣ ਦੀ ਸੂਰਤ ਵਿਚ ਕਿਸਾਨ ਖਿਲਾਫ ਦਰਜ ਹੋਣ ਵਾਲੇ ਮਾਮਲੇ ਨੂੰ ਅਪਰਾਧਿਕ ਮਾਮਲੇ ਦੀ ਸ਼੍ਰੈਣੀ ਵਿਚੋਂ ਬਾਹਰ ਕੱਢਿਆ ਜਾਵੇਗਾ। 

ਚੋਣ ਵਾਅਦਿਆਂ ਦਾ ਦਸਤਾਵੇਜ ਬਣਾਉਣ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਹੋਇਆਂ ਰਾਜੀਵ ਗੌੜਾ ਨੇ ਦਸਿਆ ਕਿ ਲੋਕਾਂ ਦੀ ਆਵਾਜ਼ ਸੁਣੀ ਗਈ ਹੈ। ਪੂਰੇ ਦੇਸ਼ ਤੋਂ ਵਿਚਾਰ ਜਮ੍ਹਾ ਕੀਤੇ ਗਏ ਅਤੇ ਉਸ ਤੋਂ ਬਾਅਦ ਵਿਚਾਰਾਂ ਨੂੰ ਇਸ ਦਸਤਾਵੇਜ ਦਾ ਹਿੱਸਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕੁੱਲ 1,60,000 ਵਿਚਾਰ ਪਾਰਟੀ ਨੂੰ ਪ੍ਰਾਪਤ ਹੋਏ ਹਨ।

55 ਪੰਨਿਆਂ ਦੇ ਇਸ ਦਸਤਾਵੇਜ਼ ਨੂੰ ਕਾਂਗਰਸ ਨੇ "ਹਮ ਨਿਭਾਏਂਗੇ" ਨਾਮ ਦਿੱਤਾ ਹੈ। 

ਚੋਣ ਵਾਅਦਿਆਂ ਦੇ ਦਸਤਾਵੇਜ ਦੀ ਕਮੇਟੀ ਦੇ ਪ੍ਰਧਾਨ ਪੀ ਚਿਦੰਬਰਮ ਨੇ ਦਸਿਆ ਕਿ ਇਸ ਵਿਚ ਔਰਤਾਂ, ਛੋਟੇ ਵਪਾਰੀਆਂ, ਸਿੱਖਿਆ, ਸਿਹਤ, ਕੌਮੀ ਸੁਰੱਖਿਆ ਦਾ ਵੀ ਧਿਆਨ ਰਖਿਆ ਗਿਆ ਹੈ। ਜਦੋਂ ਮੁੰਬਈ ਦੀ ਔਰਤਾਂ ਤੋਂ ਸਭ ਤੋਂ ਵੱਡੇ ਮੁੱਦਿਆਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਮਿਲਿਆ–ਮਹਿਲਾ ਸੁਰੱਖਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਲਗਭਗ 5 ਕਰੋੜ ਨੌਕਰੀਆਂ ਗਈਆਂ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਭਵਿੱਖ ਦੀ ਰਾਹ ਦਿਖਾਉਣ ਵਾਲਾ ਚੋਣ ਮਨੋਰਥ ਪੱਤਰ ਹੋਵੇਗਾ। ਕਾਂਗਰਸ ਲਈ ਅੱਜ ਦਾ ਦਿਨ ਇਤਿਹਾਸਕ ਹੋਵੇਗਾ। ਗ਼ਰੀਬੀ, ਬੀਮਾਰੀ ਨਾਲ ਜੱਦੋਜਹਿਦ ਕਰ ਰਹੇ ਦੇਸ਼ ਲਈ ਲੋੜੀਂਦੀਆਂ ਯੋਜਨਾਵਾਂ ਦਾ ਜ਼ਿਕਰ ਹੋਵੇਗਾ। ਇਹ ਚੋਣ ਮਨੋਰਥ ਪੱਤਰ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਹੋਵੇਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਨਹੀਂ ਲੋਕਾਂ ਦੇ ਵਿਚਕਾਰ ਜਾ ਕੇ ਤੈਅ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਚੋਣ ਚਿੰਨ੍ਹ ਚ ਹੱਥ ਚ ਪੰਜ ਉਂਗਲਾਂ ਹਨ ਉਸੇ ਤਰ੍ਹਾਂ ਸਾਡੇ ਚੋਣ ਮਨੋਰਥ ਪੱਤਰ 'ਚ ਪੰਜ ਵੱਡੀਆਂ ਗੱਲਾਂ ਹਨ। ਕਿਸਾਨ ਅਤੇ ਰੋਜ਼ਗਾਰ ਇਸ ਦੇਸ਼ 'ਚ ਸਭ ਤੋਂ ਵੱਡੇ ਮੁੱਦੇ ਹਨ।


ਚੋਣ ਵਾਅਦਿਆਂ ਦੇ ਦਸਤਾਵੇਜ ਵਿਚ ਸ਼ਾਮਿਲ ਹੋਰ ਪ੍ਰਮੁੱਖ ਗੱਲਾਂ ਇਸ ਪ੍ਰਕਾਰ ਹਨ।

1. ਹਿੰਸਕ ਭੀੜ ’ਤੇ ਰੋਕ ਲਗਾਵਾਂਗੇ, ਇਸ ਸਬੰਧੀ ਲੋਕ ਸਭਾ 'ਚ ਨਵਾਂ ਕਾਨੂੰਨ ਲਿਆਵਾਂਗੇ।
2. ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਮਿਲੇਗਾ।
3. ਮਨਰੇਗਾ ਚ 100 ਦਿਨਾਂ ਤੋਂ ਵਧਾ ਕੇ 150 ਦਿਨ ਰੋਜ਼ਗਾਰ ਗਾਰੰਟੀ ਕੀਤੀ ਜਾਵੇਗੀ।
4. 3 ਸਾਲ ਤੱਕ ਨਵੇਂ ਕਾਰਬਾਰੀਆਂ ਨੂੰ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।
5. ਪੇਂਡੂ ਪੰਚਾਇਤਾਂ 'ਚ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
6. ਜੀਡੀਪੀ ਦਾ 6 ਫ਼ੀਸਦ ਹਿੱਸਾ ਸਿੱਖਿਆ ਲਈ ਖਰ਼ਚ ਹੋਵੇਗਾ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ