ਮਨੀਲਾ ਵਿਚ ਫਾਇਨਾਂਸ ਦਾ ਕੰਮ ਕਰਦੇ ਸਿੱਖ ਨੌਜਵਾਨ ਦੀ ਹੱਤਿਆ

ਮਨੀਲਾ ਵਿਚ ਫਾਇਨਾਂਸ ਦਾ ਕੰਮ ਕਰਦੇ ਸਿੱਖ ਨੌਜਵਾਨ ਦੀ ਹੱਤਿਆ

ਮੋਗਾ/ਬਿਊਰੋ ਨਿਊਜ਼ :

ਆਏ ਦਿਨ ਪੰਜਾਬ ਤੋਂ ਵਿਦੇਸ਼ਾਂ ‘ਚ ਗਏ ਨੌਜਵਾਨਾਂ ਦੇ ਕਤਲ ਦੀਆਂ ਘਟਨਾਵਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ। ਖਾਸ ਕਰਕੇ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਆਏ ਦਿਨ ਪੰਜਾਬੀਆਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਤਾਜ਼ਾ ਘਟਨਾ ਵਿਚ ਮਨੀਲਾ ‘ਚ ਹੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੇ ਨੌਜਵਾਨ ਜਸਮੇਲ ਸਿੰਘ ਜੱਸਾ (24 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਖਬਰ ਸੁਣਦਿਆਂ ਹੀ ਪੂਰੇ ਪਿੰਡ ਵਿਚ ਮਾਤਮ ਫੈਲ ਗਿਆ।
ਮ੍ਰਿਤਕ ਜਸਮੇਲ ਸਿੰਘ ਜੱਸਾ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦੋ ਸਾਲ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਮਨੀਲਾ ਦੇ ਨੇੜਲੇ ਸ਼ਹਿਰ ਲਗਸਿਪੀ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤ ਅਜੇ ਕੁਆਰਾ ਹੀ ਸੀ ਅਤੇ ਮਨੀਲਾ ‘ਚ ਫ਼ਾਇਨਾਂਸ ਦਾ ਕਾਰੋਬਾਰ ਕਰਦਾ ਸੀ। ਉਹ ਆਪਣੇ ਕਾਰੋਬਾਰ ਲਈ ਜਾ ਰਿਹਾ ਸੀ ਤਾਂ ਨਕਾਬਪੋਸ਼ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਪੰਜ ਗੋਲੀਆਂ ਮਾਰੀਆਂ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਕੋਲ ਮਨੀਲਾ ਕਰੰਸੀ ਦੇ 43 ਪੀਸੋ ਸਨ ਪਰ ਹਮਲਾਵਰਾਂ ਨੇ ਇਹ ਰਾਸ਼ੀ ਨਹੀਂ ਲੁੱਟੀ। ਮ੍ਰਿਤਕ ਦੇ ਵੱਡੇ ਭਰਾ ਗੁਰਜੀਤ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਕਾਰੋਬਾਰੀ ਰੰਜਿਸ਼ ਤਹਿਤ ਜੱਸੇ ਦਾ ਕਤਲ ਕਰਵਾਇਆ ਗਿਆ ਹੈ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਮਨੀਲਾ ਵਿਚ ਪੰਜਾਬੀ ਨੌਜਵਾਨਾਂ ਦੇ ਹੋ ਰਹੇ ਕਤਲਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਅਤੇ ਫਿਲਪੀਨਜ਼ ਸਰਕਾਰ ਨੂੰ ਇਨ੍ਹਾਂ ਕਤਲਾਂ ਦੇ ਸਬੰਧ ਵਿਚ ਜਵਾਬਦੇਹ ਬਣਾਇਆ ਜਾਵੇ, ਤਾਂ ਜੋ ਬਾਕੀ ਪੰਜਾਬੀ ਨੌਜਵਾਨਾਂ ਦਾ ਜੀਵਨ ਖਤਰੇ ਵਿਚ ਨਾ ਰਹੇ।
ਜ਼ਿਕਰਯੋਗ ਹੈ ਕਿ ਮਨੀਲਾ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਸਾਰੇ ਪੰਜਾਬੀ ਮਾਰੇ ਜਾ ਚੁੱਕੇ ਹਨ। ਇਕੱਲੇ ਮੋਗਾ ਜ਼ਿਲੇ ਦੇ 15 ਤੋਂ ਵੱਧ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਲੰਘੀ 14 ਅਕਤੂਬਰ ਨੂੰ ਵੀ ਮਨੀਲਾ ਵਸਦੇ ਪਿੰਡ ਮਾਣੂੰਕੇ ਗਿੱਲ ਦੇ ਕੁਲਦੀਪ ਸਿੰਘ (32 ਸਾਲ ) ਦਾ ਕਤਲ ਕਰ ਦਿੱਤਾ ਗਿਆ ਸੀ।