ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ

ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੇ ਘਰਾਂ ਤੇ ਛਾਪੇਮਾਰੀ

ਅੰਮ੍ਰਿਤਸਰ/ਬਿਊਰੋ ਨਿਊਜ਼ :

ਪੰਜਾਬ ਪੁਲਿਸ ਨੇ ਕਈ ਸਿੱਖ ਨੌਜਵਾਨਾਂ ਦੇ ਘਰਾਂ ਉੱਤੇ ਛਾਪੇ ਮਾਰੀ ਕੀਤੀ ਹੈ। ਇਸ ਦੌਰਾਨ ਘੱਟੋ-ਘੱਟ ਇਕ ਸਿੱਖ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਵੀ ਖਬਰ ਹੈ। ਪਤਾ ਲੱਗਾ ਹੈ ਕਿ ਸਿੱਖ ਯੂਥ ਆਫ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਸ. ਗੁਰਜੰਟ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰ ਕੇ ਹਿਰਾਸਤ ਵਿਚ ਲੈ ਲਿਆ ਹੈ।ਪੁਲਿਸ ਵੱਲੋਂ ਇਕ ਹੋਰ ਸਿੱਖ ਨੌਜਵਾਨ ਆਗੂ ਸ. ਪਰਮਜੀਤ ਸਿੰਘ ਮੰਡ ਦੇ ਘਰ ਵੀ ਛਾਪਾ ਮਾਰਿਆ ਗਿਆ ਪਰ ਉਹ ਘਰ ਨਹੀਂ ਮਿਲੇ।
ਇਸੇ ਤਰ੍ਹਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਸ. ਰਣਜੀਤ ਸਿੰਘ (ਦਮਦਮੀ ਟਕਸਾਲ) ਦੇ ਘਰ ਵੀ ਪੁਲਿਸ ਗਈ ਤੇ ਉਹਨਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਵਾਸਤੇ ਕਿਹਾ ਗਿਆ ਹੈ। ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਬਾਰੇ ਉਹਨਾਂ ਨੂੰ ਕਈ ਥਾਵਾਂ ਤੋਂ ਸੁਨੇਹੇ ਮਿਲ ਰਹੇ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਜਨਤਕ ਪਿੜ ਵਿਚ ਸਰਗਰਮੀ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਹੀ ਇਸ ਛਾਪੇਮਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਯੂਥ ਆਫ ਪੰਜਾਬ ਨਾਂ ਦੀ ਜਥੇਬੰਦੀ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿਚ ਸਰਗਰਮੀ ਕਰ ਰਹੀ ਹੈ ਅਤੇ ਇਸ ਵੱਲੋਂ ਨਸ਼ਿਆਂ ਦੀ ਅਲਾਮਤ, ਕਿਸਾਨਾਂ ਦੀਆਂ ਸਮੱਸਿਆਵਾਂ, ਪੰਜਾਬ ਦੇ ਖੇਤੀ ਸੰਕਟ, ਨੌਜਵਾਨਾਂ ਦੇ ਪਰਵਾਸ, ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਲੱਗ ਰਹੇ ਖੋਰੇ, ਪੰਜਾਬ ਦੇ ਪਾਣੀਆਂ ਦੇ ਹੱਕ ਤੇ ਸਵੈ ਨਿਰਣੇ ਦੇ ਹੱਕ ਬਾਰੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਕਨਵੈਨਸ਼ਨਾਂ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸਿੱਖ ਨਸਲਕੁਸ਼ੀ ਦੀ ਸਲਾਨਾ ਯਾਦ ਵਿਚ ਮਾਰਚ ਵੀ ਕੀਤੇ ਜਾਂਦੇ ਹਨ।
ਇਹ ਛਾਪੇਮਾਰੀ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਬਾਰੇ ਪੁੱਛਗਿੱਛ ਕਰਨ ਦੇ ਨਾਮ ‘ਤੇ ਹੋ ਰਹੀ ਦੱਸੀ ਜਾ ਰਹੀ ਹੈ।