ਕਸ਼ਮੀਰੀ ਖਾੜਕੂਆਂ ਦੇ ਪੰਜਾਬ ‘ਚ ਦਾਖ਼ਲੇ ਦੀ ਸੂਚਨਾ ਕਾਰਨ ਭਾਰੀ ਚੌਕਸੀ

ਕਸ਼ਮੀਰੀ ਖਾੜਕੂਆਂ ਦੇ ਪੰਜਾਬ ‘ਚ ਦਾਖ਼ਲੇ ਦੀ ਸੂਚਨਾ ਕਾਰਨ ਭਾਰੀ ਚੌਕਸੀ

ਰੈਡ-ਅਲਰਟ ਤਹਿਤ ਸੁਰੱਖਿਆ ਮੁਲਾਜ਼ਮ ਇਕ ਕਾਰ ਦੀ ਤਲਾਸ਼ੀ ਲੈਂਦੇ ਹੋਏ।

ਪਟਿਆਲਾ/ਬਿਊਰੋ ਨਿਊਜ਼ :

ਕਸ਼ਮੀਰੀ ਖਾੜਕੂਆਂ ਦੇ ਲਖਨਪੁਰ ਬਾਰਡਰ ਰਾਹੀਂ ਪੰਜਾਬ ‘ਚ ਦਾਖ਼ਲੇ ਦੀ ਖੂਫੀਆ ਸੂਚਨਾ ਮਿਲਣ ਕਾਰਨ ਪੁਲਿਸ ਫੋਰਸ ਵੱਲੋਂ ਭਾਰੀ ਚੌਕਸੀ ਕੀਤੀ ਗਈ ਹੈ। ਫੌਜੀ ਵਰਦੀ ਵਿਚ ਆਏ ਕੁਝ ਸ਼ੱਕੀਆਂ ਨੇ ਜੰਮੂ ਤੋਂ ਪਠਾਨਕੋਟ ਲਈ ਕਿਰਾਏ ਉਤੇ ਲਿਆਂਦੀ ਇਨੋਵਾ ਕਾਰ ਨੂੰ ਰਾਹ ਵਿਚ ਹੀ ਡਰਾਇਵਰ ਕੋਲੋਂ ਖੋਹ ਲਿਆ, ਜੋ ਹਾਲਾਂ ਤਕ ਲਾਪਤਾ ਹੈ।
ਪੰਜਾਬ ਪੁਲਿਸ ਵੱਲੋਂ ‘ਜੈਸ਼-ਏ-ਮੁਹੰਮਦ’ ਦੇ ਅੱਧੀ ਦਰਜਨ ਖਾੜਕੂਆਂ ਦੇ ਪੰਜਾਬ ਵਿਚ ਹੋਣ ਦੀਆਂ ਰਿਪੋਰਟਾਂ ਦਰਮਿਆਨ ਪੂਰੇ ਸੂਬੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਇਸ ਸੂਚਨਾ ਦੇ ਆਧਾਰ ‘ਤੇ ਡੀਜੀਪੀ (ਇੰਟੈਲੀਜੈਂਸ) ਪੰਜਾਬ ਨੇ ਰਾਜ ਦੇ ਉਚ ਪੁਲੀਸ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਆਪੋ-ਆਪਣੇ ਇਲਾਕਿਆਂ ਵਿਚ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਇਹਤਿਆਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਵੀ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਜਾਰੀ ਕੀਤੇ ਇਸ ਪੱਤਰ ਦੀ ਕਾਪੀ ਡੀਜੀਪੀ (ਲਾਅ ਐਂਡ ਆਰਡਰ), ਏਡੀਜੀਪੀ (ਰੇਲਵੇ), ਏਡੀਸੀਪੀ (ਸਕਿਓਰਿਟੀ), ਸਮੂਹ ਆਈਜੀ./ਡੀਆਈਜੀ ਅਤੇ ਪੰਜਾਬ ਦੇ ਸਮੂਹ ਆਈਜੀ (ਜ਼ੋਨਲ ਸੀਆਈਡੀ ਅਤੇ ਕਾਊਂਟਰ ਇੰਟੈਂਲੀਜੈਂਸੀ) ਨੂੰ ਵੀ ਭੇਜੀ ਗਈ ਹੈ। ਪੱਤਰ ਵਿੱਚ ਪੰਜਾਬ ‘ਚ ‘ਜੈਸ਼-ਏ-ਮੁਹੰਮਦ’ ਦੇ 6-7 ਅਤਿਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ, ਉਨ੍ਹਾਂ ਦੇ ਦਿੱਲੀ ਲੰਘਣ ਦੇ ਮਨਸੂਬੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹਾਲ ਹੀ ਵਿਚ ਪਠਾਨਕੋਟ ਤੋਂ ਇਨੋਵਾ ਗੱਡੀ ਖੋਹਣ ਦੀ ਘਟਨਾ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੱਤਰ ਵਿਚ ਦਿੱਤੀਆਂ ਗਈਆਂ ਕੁਝ ਹੋਰ ਜਾਣਕਾਰੀਆਂ ਸਮੇਤ ਇਨ੍ਹਾਂ ਸਮੂਹ ਪੁਲੀਸ ਅਧਿਕਾਰੀਆਂ ਨੂੰ ਆਪੋ ਆਪਣੇ ਇਲਾਕਿਆਂ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੀ ਤਾਕੀਦ ਕੀਤੀ ਗਈ ਹੈ। ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਨੇ ਸ਼ਹਿਰ ਅਤੇ ਇਲਾਕੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।