ਵਿਸਕਾਨਸਿਨ ਯੂਨੀਵਰਸਿਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਅਕਾਦਮਿਕ ਸਮਝੌਤਾ

ਵਿਸਕਾਨਸਿਨ ਯੂਨੀਵਰਸਿਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਅਕਾਦਮਿਕ ਸਮਝੌਤਾ

ਸਮਝੌਤਾ ਸਹੀਬੰਦ ਕਰਨ ਮਗਰੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਰੱਖੜਾ ਤੇ ਹੋਰ ਸ਼ਖ਼ਸੀਅਤਾਂ।
ਪਟਿਆਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂਨੀਵਰਸਿਟੀ ਆਫ ਵਿਸਕਾਨਸਿਨ(ਅਮਰੀਕਾ) ਦਰਮਿਆਨ ਖ਼ਾਲਸਾ ਕਾਲਜ ਪਟਿਆਲਾ ਵਿਚ ਇਕ ਐੱਮਓਯੂ. ਸਾਈਨ ਕੀਤਾ ਗਿਆ ਹੈ। ਇਸ ਇਕਰਾਰਨਾਮੇ ਤਹਿਤ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚੋਂ ਹਰ ਸਾਲ 10 ਤੋਂ 20 ਵਿਦਿਆਰਥੀ ਉਚੇਰੀ ਸਿੱਖਿਆ ਲਈ ਯੂਨੀਵਰਸਿਟੀ ਆਫ ਵਿਸਕਾਨਸਿਨ, ਪਾਰਕਸਾਈਡ (ਅਮਰੀਕਾ) ਵਿਚ ਭੇਜੇ ਜਾਣਗੇ। ਇਸ ਸਮਝੌਤੇ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਯੂਨੀਵਰਸਿਟੀ ਆਫ ਵਿਸਕਾਨਸਿਨ ਦੇ ਅੰਤਰਾਸ਼ਟਰੀ ਮਾਮਲਿਆਂ ਦੇ ਡਾਇਰੈਕਟਰ ਡਾ. ਅਬੈ ਕੁਰੂਵਿਲਾ ਅਤੇ ਭਾਰਤੀ-ਅਮਰੀਕੀ ਰੱਖੜਾ ਪਰਿਵਾਰ ਦੇ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਸਹੀ ਪਾਈ ਗਈ।
ਇਸ ਮੌਕੇ ਭਾਈ ਲੌਂਗੋਵਾਲ ਨੇ ਇਸ ਸਮਝੌਤੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਮਰੀਕਾ ਤੋਂ ਆਏ ਰੱਖੜਾ ਪਰਿਵਾਰ ਦੇ ਮੁਖੀ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਡੇ ਸਕਾਲਰਸ਼ਿਪ ਪ੍ਰੋਗਰਾਮ ਦਾ ਮੰਤਵ ਇਹ ਹੈ ਕਿ ਆਪਣੀ ਜਨਮ ਭੂਮੀ ਦਾ ਕਰਜ਼ ਉਤਾਰਨ ਲਈ ਆਪਣੇ ਨੌਜਵਾਨਾਂ ਨੂੰ ਉੱਚ ਪੱਧਰੀ ਸਿਖਿਆ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਬੇਹਤਰ ਭਵਿੱਖ ਸਿਰਜਿਆ ਜਾਵੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਚੋਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿਚ ਗਠਿਤ ਕਮੇਟੀ ਵੱਲੋਂ ਕੀਤੀ ਜਾਇਆ ਕਰੇਗੀ। ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਅਬੈ ਕੁਰੁਵਿਲਾ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਤਿੰਨ ਧਿਰੀ ਸਮਝੌਤਾ ਇਕ ਨਿਵੇਕਲੀ ਕਿਸਮ ਦਾ ਸਮਝੌਤਾ ਹੈ। ਚਰਨਜੀਤ ਸਿੰਘ ਰੱਖੜਾ ਨੇ ਯੂਨੀਵਰਸਿਟੀ ਆਫ ਵਿਸਕਾਨਸਿਨ ਅਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਵੀ ਹਾਜ਼ਰ ਸਨ।