‘ਆਪ’ ਵੱਲੋਂ ਪੰਜਾਬ ‘ਚ ਅਗਾਮੀ ਲੋਕ ਸਭਾ ਲਈ ਪੰਜ ਉਮੀਦਵਾਰਾਂ ਦੀ ਚੋਣ

‘ਆਪ’ ਵੱਲੋਂ ਪੰਜਾਬ ‘ਚ ਅਗਾਮੀ ਲੋਕ ਸਭਾ ਲਈ ਪੰਜ ਉਮੀਦਵਾਰਾਂ ਦੀ ਚੋਣ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਸਭ ਤੋਂ ਪਹਿਲਾਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਬਣੀ 22 ਮੈਂਬਰੀ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਕੁੱਲ 13 ਸੀਟਾਂ ਵਿੱਚੋਂ 5 ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਕਰ ਲਈ ਹੈ ਜਿਸ ਉਪਰ ਕੇਂਦਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਰਸਮੀ ਮੋਹਰ ਲੁਆ ਕੇ ਬਕਾਇਦਾ ਐਲਾਨ ਕੀਤਾ ਜਾਵੇਗਾ।
ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਤੇ ਪਾਰਟੀ ਦੇ ਮੁੱਖ ਆਗੂ ਭਗਵੰਤ ਮਾਨ ਨੂੰ ਮੁੜ ਸੰਗਰੂਰ ਹਲਕੇ ਤੋਂ ਅਤੇ  ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ ਮੁੜ ਫਰੀਦਕੋਟ ਹਲਕੇ ਤੋਂ ਹੀ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ। ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ, ਪਾਰਟੀ ਦੇ ਜਨਰਲ ਸਕੱਤਰ ਤੇ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਡਾਕਟਰ ਰਵਜੋਤ ਨੂੰ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੀ ਕੋਰ ਕਮੇਟੀ ਦੀ ਪਿਛਲੇ ਦਿਨੀਂ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਲਈ ਵੀ ਉਮੀਦਵਾਰ ਚੁਣਨ ਦਾ ਫੈਸਲਾ ਲਿਆ ਸੀ ਪਰ ਫਿਲਹਾਲ ਇਸ ਹਲਕੇ ਲਈ ਉਮੀਦਵਾਰ ਦੇ ਨਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ। ਸੂਤਰਾਂ ਅਨੁਸਾਰ ਕੋਰ ਕਮੇਟੀ ਨੇ ਹਰੇਕ ਹਲਕੇ ਲਈ ਉਮੀਦਵਾਰ ਵਾਸਤੇ 2 ਜਾਂ 3 ਨਾਵਾਂ ਦੀ ਸਿਫਾਰਸ਼ ਕੇਂਦਰੀ ਪੀਏਸੀਪੀ ਨੂੰ ਕੀਤੀ ਸੀ ਅਤੇ ਕੇਂਦਰੀ ਮੁੱਖ ਲੀਡਰਸ਼ਿਪ ਨੇ ਪੰਜਾਬ ਦੇ ਮੁੱਖ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਫ ਕਰ ਦਿੱਤਾ ਸੀ ਕਿ ਸਿਫਾਰਸ਼ ਕੀਤੇ ਨਾਵਾਂ ਵਿੱਚੋਂ ਹੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਪੀਏਸੀਪੀ ਵੱਲੋਂ ਸਿਫਾਰਸ਼ ਕੀਤੇ ਨਾਵਾਂ ਵਿੱਚੋਂ ਹੀ ਉਮੀਦਵਾਰ ਚੁਣੇ ਜਾਣਗੇ ਅਤੇ ਇਨ੍ਹਾਂ ਨਾਵਾਂ ਤੋਂ ਇਲਾਵਾ ਆਪਣੇ ਪੱਧਰ ‘ਤੇ ਕਿਸੇ ਬਾਹਰੀ ਵਿਅਕਤੀ ਨੂੰ ਉਮੀਦਵਾਰ ਨਹੀਂ ਚੁਣਿਆ ਜਾਵੇਗਾ।