ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ”ਬੰਦੀ-ਛੋੜ” ਦਿਵਸ ਧੂਮਧਾਮ ਨਾਲ ਮਨਾਇਆ

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ”ਬੰਦੀ-ਛੋੜ” ਦਿਵਸ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਕੌਮ ਦੇ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਸ਼ਾਨਦਾਰ ਢੰਗ ਨਾਲ ਰੁਸ਼ਨਾਇਆ ਗਿਆ ਸੀ। ਦੀਪਮਾਲਾ ਤੋਂ ਇਲਾਵਾ ਪਰਿਕਰਮਾ ਵਿਚ ਲੋਕਾਂ ਵੱਲੋਂ ਦੀਵੇ ਅਤੇ ਮੋਮਬੱਤੀਆਂ ਵੀ ਜਗਾਈਆਂ ਗਈਆਂ। ਰਾਤ ਨੂੰ ਆਤਿਸ਼ਬਾਜ਼ੀ ਵੀ ਚਲਾਈ ਗਈ। ਸਵੇਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਚ ਸੰਗਤ ਦੀ ਭਾਰੀ ਆਮਦ ਰਹੀ। ਆਤਿਸ਼ਬਾਜ਼ੀ ਬਾਰੇ ਦੁਚਿੱਤੀ ਵਾਲੀ ਸਥਿਤੀ ਹੋਣ ਕਾਰਨ ਸ਼ਹਿਰੀ ਸੰਗਤ ਪਹਿਲਾਂ ਨਾਲੋਂ ਘੱਟ ਗਿਣਤੀ ਵਿਚ ਪੁੱਜੀ ਸੀ। ਇਥੇ ਦੱਸਣਯੋਗ ਹੈ ਕਿ ਰੇਲ ਹਾਦਸੇ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੋਗ ਵਜੋਂ ਆਤਿਸ਼ਬਾਜ਼ੀ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਜਗਤ ਨੂੰ ਗੁਰ-ਇਤਿਹਾਸ ਨੂੰ ਵਿਗਾੜਨ ਦੀਆਂ ਪੰਥ ਵਿਰੋਧੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ ਨੂੰ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਲੌਂਗੋਵਾਲ ਨੇ ਇਸ ਦਿਹਾੜੇ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਾਉਂਦਿਆਂ ਆਖਿਆ ਕਿ ਇਹ ਦਿਨ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਤੋਂ ਸਤਾਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਣਾ ਦਿੰਦਾ ਹੈ।