ਮੁੜ ਹੋ ਸਕਦਾ ਹੈ ਪੰਥ ਦੋਖੀ ਬਾਦਲਕਿਆਂ ਨੂੰ ਮਾਫੀ ਦੇਣ ਵਾਲਾ ਡਰਾਮਾ : ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ

ਮੁੜ ਹੋ ਸਕਦਾ ਹੈ ਪੰਥ ਦੋਖੀ ਬਾਦਲਕਿਆਂ ਨੂੰ ਮਾਫੀ ਦੇਣ ਵਾਲਾ ਡਰਾਮਾ : ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ :
ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਾਏ ਗਏ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਦਾ ਰਾਹ ਵੀ ਸੁਖਾਲਾ ਨਹੀਂ ਹੈ, ਸਭ ਤੋਂ ਵੱਡੀ ਚੁਣੌਤੀ ਆਮ ਸਿੱਖਾਂ ਤੇ ਪੰਥਕ ਲੋਕਾਂ ਦੇ ਮਨਾਂ ‘ਚ ਬਾਦਲਕਿਆਂ ਪ੍ਰਤੀ ਪੈਦਾ ਹੋਏ ਰੋਹ ਤੇ ਰੋਸ ਨਾਲ ਸਿੱਝਣ ਦੀ ਹੈ। ਟਕਸਾਲੀ ਅਕਾਲੀ ਆਗੂਆਂ ਤੋਂ ਬਾਅਦ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਾਦਲਕਿਆਂ ਨੇ ਜਿਵੇਂ ਲਾਂਭੇ ਕੀਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਸੌਦਾ ਸਾਧ ਨੂੰ ਮਾਫ਼ੀ ਦਿਵਾਈ ਸੀ ਉਸੇ ਤਰ੍ਹਾਂ ਹੁਣ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਕੋਲੋਂ ਬਾਦਲ ਪਰਿਵਾਰ ਨੂੰ ਮਾਫ਼ੀ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਿਰਾ ਡਰਾਮਾ ਹੀ ਹੈ ਕਿ ਪਹਿਲਾਂ ਹੀ ਇਕ ਤਖ਼ਤ ਦੇ ਜਥੇਦਾਰ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਭਾਰ ਕਾਰਜਕਾਰੀ ਤੌਰ ਉਤੇ ਦਿਤਾ ਗਿਆ ਹੈ। ਉਹ ਪਹਿਲਾਂ ਹੀ ਇਕ ਤਖਤ ਦਾ ਜਥੇਦਾਰ ਹੈ, ਫੇਰ ਉਹਦੀ ਦੁਬਾਰਾ ਤਾਜਪੋਸ਼ੀ ਦੀ ਕੋਈ ਤੁਕ ਨਹੀਂ ਸੀ ਬਣਦੀ। ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇ ਬਾਦਲ ਪਰਿਵਾਰ ਉਤੇ ਛਾਏ ਸਿਆਸੀ ਤੇ ਪੰਥਕ ਸੰਕਟ ਤੋਂ ਉਹਨਾਂ ਨੂੰ ਨਿਜਾਤ ਦਿਵਾਉਣ ਦੀ ਕੋਸ਼ਿਸ਼ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੀਆਂ ਘਟਨਾਵਾਂ ਲਈ ਹੁਣ ਛੇਤੀ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਰਿਵਾਰ ਅਕਾਲ ਤਖ਼ਤ ‘ਤੇ ਪੇਸ਼ ਹੋ ‘ਨਿਮਾਣੇ ਸਿੱਖ’ ਦਾ ਪ੍ਰਭਾਵ ਦੇ ਕੇ ‘ਜਾਣੇ-ਅਣਜਾਣੇ’ ਵਿਚ ਹੋਈ ‘ਭੁੱਲ’ ਲਈ ਖ਼ਿਮਾ ਯਾਚਨਾ ਕਰਨਗੇ। ਫਿਰ ਉਨ੍ਹਾਂ ਨੂੰ ਮਾਮੂਲੀ ਤਨਖ਼ਾਹ (ਧਾਰਮਿਕ ਸਜ਼ਾ) ਲਗਾਈ ਜਾਵੇਗੀ। ਫਿਰ ਉਥੇ ਅਖੰਡ ਪਾਠ ਸਾਹਿਬ ਦੇ ਭੋਗ ਪਾ ‘ਗੁਰੂ ਰਾਮਦਾਸ ਦੇ ਖ਼ਜ਼ਾਨੇ’ ਵਿਚੋਂ 20-30 ਲੱਖ ਰੁਪਿਆ ਖ਼ਰਚਿਆ ਜਾਵੇਗਾ ਤੇ ਅਕਾਲੀ ਜਲੇਬੀਆਂ ਦੇ ਲੰਗਰ ਲਾਉਣਗੇ ਅਤੇ ਬਾਦਲਾਂ ਦੇ ਪਾਪ ਧੋਤੇ ਹੋਣ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਅਕਾਲ ਤਖ਼ਤ ਦੇ ਵੱਕਾਰ ਨੂੰ ਢਾਅ ਲਾ ਜਥੇਦਾਰਾਂ ਨੂੰ ਕਠਪੁਤਲੀਆਂ ਦੀ ਤਰ੍ਹਾਂ ਵਰਤਣ ਦੇ ਆਦੀ ਹੋ ਚੁਕੇ ਹਨ। ਪਰ ਹੁਣ ਸਿੱਖ ਪੰਥ ਦੀ ਜ਼ਮੀਰ ਜਾਗ ਚੁਕੀ ਹੈ ਤੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਦਾ ਬਾਦਲਾਂ ਦਾ ਦਾਅ ਹੁਣ ਪੁਠਾ ਪਵੇਗਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਪੰਥ ਰਤਨ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਅਕਾਲੀਆਂ ਦੇ ਨਾਲ-ਨਾਲ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਦੇ ਹੱਕ ਵਿਚ ਹੀ ਡਟ ਗਏ। ਉਨ੍ਹਾਂ ਇਥੋਂ ਤੱਕ ਆਖ ਦਿੱਤਾ ਕਿ ”ਮੰਨਿਆ ਕਿ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਹਨ ਪਰ ਇਤਿਹਾਸ ਵਿਚ ਉਹ ਇਕ ਅਸਫ਼ਲ ਸਿਆਸਤਦਾਨ ਵਜੋਂ ਜਾਣੇ ਜਾਣਗੇ ਕਿਉਂਕਿ ਉਨ੍ਹਾਂ ਦੀ ਸਰਪ੍ਰਸਤੀ ਹੇਠ ਸੌ ਸਾਲ ਪੁਰਾਣਾ ਅਕਾਲੀ ਦਲ ਅੱਜ ਪੰਜਾਬ ਵਿਧਾਨ ਸਭਾ ਵਿਚ ਫਾਡੀ ਰਹਿ ਗਿਆ। ਨਿਰੰਕਾਰੀ ਸੰਪਰਦਾ ਦੇ ਵੇਲੇ ਦੇ ਮੁਖੀ ਗੁਰਬਚਨ ਸਿੰਘ ਦੀ ਹਤਿਆ ਕੇਸ ਵਿਚ ਸਜ਼ਾ ਯਾਫ਼ਤਾ ਭਾਈ ਰਣਜੀਤ ਸਿੰਘ ਨੇ ਨਿਆਂਪਾਲਿਕਾ ‘ਚ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਸੌਦਾ ਸਾਧ ਵਰਗਿਆਂ ਨੂੰ ਸੋਧਾ ਲਾਉਣ ਲਈ ਹਥਿਆਰਬੰਦ ਢੰਗ ਤਰੀਕੇ ਅਪਨਾਉਣ ਦੀ ਲੋੜ ਨਹੀ, ਇਹਨਾਂ ਨੂੰ ਅਦਾਲਤਾਂ ਸਜ਼ਾ ਦੇਣ ਲੱਗ ਪਈਆਂ ਹਨ।