ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਬਣੀ

ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਿੱਖ ਫੌਜੀਆਂ ਦੀ ਯਾਦਗਾਰ ਬਣੀ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਨੇ ਵੱਖ-ਵੱਖ ਦੇਸ਼ਾਂ, ਧਰਮਾਂ ਤੇ ਜਾਤਾਂ ਦੇ ਉਨ੍ਹਾਂ ਫੌਜੀਆਂ ਦੀ ਯਾਦਗਾਰ ਸਥਾਪਤ ਕੀਤੀ ਹੈ, ਜੋ ਪਹਿਲੀ ਵਿਸ਼ਵ ਜੰਗ ਵਿਚ ਉਨ੍ਹਾਂ ਦੇ ਦੇਸ਼ ਲਈ ਲੜੇ ਸਨ। ਇਨ੍ਹਾਂ ਫੌਜੀਆਂ ਵਿਚ ਵੱਡੀ ਗਿਣਤੀ ਸਿੱਖਾਂ ਦੀ ਸੀ। ਇਸ ਤਹਿਤ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ‘ਚ ਸਮੈੱਥਵਿਕ ਸ਼ਹਿਰ ‘ਚ ਪਹਿਲੀ ਵਿਸ਼ਵ ਜੰਗ ਦੌਰਾਨ ਲੜਾਈ ਲੜਨ ਵਾਲੇ ਸਿੱਖ ਫ਼ੌਜੀਆਂ ਦੇ ਮਾਣ ‘ਚ ਇਕ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਗੁਰੂ ਨਾਨਕ ਗੁਰਦਵਾਰਾ ਸਮੈਥਵਿਕ ਨੇ ‘ਲਾਇਨਜ਼ ਆਫ਼ ਦ ਗ੍ਰੇਟ ਵਾਰ’ ਨਾਮਕ ਸਮਾਰਕ ਬਣਵਾਇਆ ਹੈ ਜਿਸ ‘ਚ ਇਕ ਸਿੱਖ ਫ਼ੌਜੀ ਦਿਸ ਰਿਹਾ ਹੈ। ਇਹ ਸਮਾਰਕ ਬਰਤਾਨੀਆਂ ਲਈ ਵਿਸ਼ਵ ਜੰਗ ਅਤੇ ਹੋਰ ਸੰਘਰਸ਼ਾਂ ‘ਚ ਬ੍ਰਿਟਿਸ਼ ਭਾਰਤੀ ਫ਼ੌਜ ਦਾ ਹਿੱਸਾ ਰਹੇ ਸਾਰੇ ਧਰਮਾਂ ਦੇ ਲੱਖਾਂ ਦਖਣੀ ਏਸ਼ੀਆਈ ਫ਼ੌਜੀਆਂ ਦੀ ਕੁਰਬਾਨੀ ਦੇ ਮਾਣ ‘ਚ ਬਣਾਇਆ ਗਿਆ ਹੈ।
ਗੁਰੂ ਨਾਨਕ ਗੁਰਦਵਾਰਾ ਸਮੈਥਵਿਕ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ,ਕਿ ”ਅਸੀਂ ਸਮੈਥਵਿਕ ਹਾਈ ਸਟ੍ਰੀਟ ‘ਤੇ ਕੁਰਬਾਨੀ ਦੇਣ ਵਾਲੇ ਉਨ੍ਹਾਂ ਸਾਰੇ ਬਹਾਦੁਰ ਵਿਅਕਤੀਆਂ ਦੇ ਮਾਣ ‘ਚ ਇਹ ਸਮਾਰਕ ਬਣਾ ਕੇ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਾਂ ਜਿਨ੍ਹਾਂ ਨੇ ਹਜ਼ਾਰਾਂ ਮੀਲਾਂ ਦੀ ਦੂਰੀ ਤੈਅ ਕਰ ਕੇ ਇਕ ਅਜਿਹੇ ਦੇਸ਼ ਲਈ ਲੜਾਈ ਕੀਤੀ ਜੋ ਉਨ੍ਹਾਂ ਦਾ ਅਪਣਾ ਦੇਸ਼ ਨਹੀਂ ਸੀ।” ਸਮੈਥਵਿਕ ਹਾਈ ਸਟ੍ਰੀਟ ‘ਤੇ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀਂ ਵਰ੍ਹੇਗੰਢ ਮੌਕੇ 10 ਫ਼ੁੱਟ ਦੀ ਤਾਂਬੇ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ। ਪਹਿਲੀ ਵਿਸ਼ਵ ਜੰਗ ਨੂੰ ਗ੍ਰੇਟ ਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜੰਗ ਨਵੰਬਰ -1918 ‘ਚ ਖ਼ਤਮ ਹੋਈ ਸੀ।