ਓਬਾਮਾ ਤੇ ਹਿਲੇਰੀ ਦੇ ਪਤੇ ‘ਤੇ ਡਾਕ ਰਾਹੀਂ ਭੇਜੇ ਜਾ ਰਹੇ ਸਨ ਵਿਸਫੋਟਕ
ਵਾਸ਼ਿੰਗਟਨ/ਬਿਊਰੋ ਨਿਊਜ਼ :
ਵਾਸ਼ਿੰਗਟਨ ‘ਚ ਓਬਾਮਾ ਦੇ ਘਰ ਦੇ ਪਤੇ ‘ਤੇ ਭੇਜਿਆ ਗਿਆ ਬਾਰੂਦ ਵਾਲਾ ਪੈਕੇਟ ਫੜਿਆ ਗਿਆ ਹੈ। ਇਸ ਤਰ੍ਹਾਂ ਦਾ ਹੀ ਇਕ ਹੋਰ ਪੈਕੇਟ ਮੈਨਹਟਨ ਦੇ ਉਪ-ਨਗਰ ਵੈਸਟਚੇਸਟਰ ‘ਚ ਹਿਲੇਰੀ ਕਲਿੰਟਨ ਦੇ ਘਰ ਦੇ ਪਤੇ ‘ਤੇ ਭੇਜਿਆ ਗਿਆ ਸੀ, ਜੋ ਫੜਿਆ ਗਿਆ। ਅਮਰੀਕੀ ਖ਼ੁਫ਼ੀਆ ਸੇਵਾ ‘ਸੀਕ੍ਰੇਟ ਸਰਵਿਸ’ ਨੇ ਵੀ ਇਸ ਦਾ ਖੁਲਾਸਾ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਘਰਾਂ ਦੇ ਪਤਿਆਂ ‘ਤੇ ਭੇਜੀ ਗਈ ਵਿਸਫ਼ੋਟਕ ਸਮੱਗਰੀ ਫੜੀ ਗਈ ਹੈ।
ਸੀਕ੍ਰੇਟ ਸਰਵਿਸ ਨੇ ਕਿਹਾ ਕਿ ਇਹ ਪੈਕੇਟ ਓਬਾਮਾ ਜਾ ਹਿਲੇਰੀ ‘ਚੋਂ ਕਿਸੇ ਨੇ ਹਾਸਲ ਨਹੀਂ ਕੀਤੇ ਅਤੇ ਨਾ ਹੀ ਅਜਿਹਾ ਕੋਈ ਖ਼ਤਰਾ ਸੀ ਕਿ ਇਹ ਪੈਕੇਟ ਸਿੱਧੇ ਉਨ੍ਹਾਂ ਤੱਕ ਪਹੁੰਚ ਜਾਂਦੇ। ਨਿਯਮਿਤ ਡਾਕ ਜਾਂਚ ਪ੍ਰਕਿਰਿਆ ਦੌਰਾਨ ਇਨ੍ਹਾਂ ਪੈਕੇਟਾਂ ਦੀ ਤਤਕਾਲ ਸੰਭਾਵਿਤ ਵਿਸਫ਼ੋਟਕ ਉਪਕਰਨਾਂ ਦੇ ਰੂਪ ‘ਚ ਪਹਿਚਾਣ ਕਰ ਲਈ ਗਈ ਅਤੇ ਉੱਚਿਤ ਤਰੀਕੇ ਨਾਲ ਉਨ੍ਹਾਂ ਨਾਲ ਨਜਿੱਠਿਆ ਗਿਆ। ਅਧਿਕਾਰੀਆਂ ਨੇ ਪੂਰੀ ਸਰਗਰਮੀ ਨਾਲ ਵਿਸਫ਼ੋਟਕ ਸਮੱਗਰੀ ਨੂੰ ਨਸ਼ਟ ਕਰ ਦਿੱਤਾ ਅਤੇ ਦੱਸਿਆ ਕਿ ਇਸ ‘ਚ ਵਿਸਫ਼ੋਟਕ ਪਾਊਡਰ ਸੀ ਅਤੇ ਬੰਬ ਦੇ ਕੁਝ ਅੰਸ਼ ਸਨ।
ਐਫ਼ਬੀਆਈ. ਨੇ ਕਿਹਾ ਕਿ ਕਲਿੰਟਨ ਨੂੰ ਭੇਜਿਆ ਗਿਆ ਪੈਕੇਟ ਨਿਊਯਾਰਕ ਦੇ ਚਾਪਾਕੁਆ ‘ਚ ਉਨ੍ਹਾਂ ਦੇ ਨਿਵਾਸ ਦੇ ਨੇੜਲੇ ਖ਼ੇਤਰ ‘ਚ ਮਿਲਿਆ। ਉਧਰ ਅਮਰੀਕੀ ਸਮਾਚਾਰ ਨੈੱਟਵਰਕ ਸੀਐਨਐਨ. ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇਕ ਸ਼ੱਕੀ ਪੈਕੇਟ ਮਿਲਣ ਕਰਕੇ ਆਪਣਾ ਨਿਊਯਾਰਕ ਬਿਊਰੋ ਖ਼ਾਲੀ ਕਰ ਦਿੱਤਾ ਹੈ। ਇਕ ਪੈਕੇਟ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦੇ ਹਿਲੇਰੀ ਕਲਿੰਟਨ ਤੇ ਬਰਾਕ ਓਬਾਮਾ ਨੂੰ ਭੇਜੇ ਗਏ ਸੀ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਘਟਨਾ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ। ਵਾਈਟ ਹਾਊਸ ਸਥਿਤੀ ਨੂੰ ਬਹੁਤ ਗੰਭੀਰਤਾ ਵਜੋਂ ਵੇਖ ਰਿਹਾ ਹੈ। ਇਸੇ ਹਫ਼ਤੇ ਅਰਬਪਤੀ ਜਾਰਜ ਸੋਰੋਸ ਦੇ ਘਰ ਤੋਂ ਵਿਸਫ਼ੋਟਕ ਮਿਲਣ ਦੇ ਬਾਅਦ ਇਹ ਮਾਮਲੇ ਸਾਹਮਣੇ ਆਏ ਹਨ।
Comments (0)