ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ : ਅੱਡਾ ਟਾਹਲੀ ਸਾਹਿਬ ਦੇ ਸਕੇ ਭੈਣ-ਭਰਾ ਨੇ ਫੁੰਡੇ ਤਗ਼ਮੇ

ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ : ਅੱਡਾ ਟਾਹਲੀ ਸਾਹਿਬ ਦੇ ਸਕੇ ਭੈਣ-ਭਰਾ ਨੇ ਫੁੰਡੇ ਤਗ਼ਮੇ

ਕੈਪਸ਼ਨ-ਗੁਰਸੇਵਕ ਸਿੰਘ ਤੇ ਮੁਸਕਾਨਪ੍ਰੀਤ ਕੌਰ ਦਾ ਸਨਮਾਨ ਕਰਦੇ ਹੋਏ ਬਾਬਾ ਸੁਭਾਸ਼ ਚੰਦਰ।
ਜੈਂਤੀਪੁਰ/ਬਿਊਰੋ ਨਿਊਜ਼ :
ਮਲੇਸ਼ੀਆ ਵਿੱਚ ਹੋਈ 18ਵੀਂ ਮਾਈਲੋ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਅੱਡਾ ਟਾਹਲੀ ਸਾਹਿਬ ਦੇ ਵਸਨੀਕ ਦੋਵੇਂ ਸਕੇ ਭੈਣ-ਭਰਾ ਗੁਰਸੇਵਕ ਸਿੰਘ ਤੇ ਮੁਸਕਾਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ, ਆਪਣੇ ਸਕੂਲ ਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਬੱਚੇ ਰਾਧਾ ਸੁਆਮੀ ਡੇਰਾ ਬਾਬਾ ਤੇਜਾ ਸਿੰਘ ਸੈਦਪੁਰ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਤੇਜ ਰਸੀਲਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਨ। ਇਹ ਬੱਚਾ ਭਾਰਤ ਪਰਤਣ ‘ਤੇ ਆਪਣੇ ਪਿਤਾ ਬਲਿਹਾਰ ਸਿੰਘ, ਮਾਤਾ ਜਸਪ੍ਰੀਤ ਕੌਰ, ਕੋਚ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਸਕੂਲ ਪਹੁੰਚੇ ਜਿੱਥੇ ਰਾਧਾ ਸੁਆਮੀ ਡੇਰਾ ਸੈਦਪੁਰ ਦੇ ਮੁਖੀ ਬਾਬਾ ਸੁਭਾਸ਼ ਚੰਦਰ ਸਿੰਘ, ਪ੍ਰਿੰਸੀਪਲ ਦਵਿੰਦਰ ਕੌਰ, ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਬੱਚਿਆਂ ਦਾ ਸਵਾਗਤ ਕੀਤਾ ਗਿਆ। ਸ੍ਰੀ ਸੁਭਾਸ਼ ਚੰਦਰ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿੱਚ 13-14 ਮਈ ਨੂੰ ਹੋਈ ਸੀ ਜਿਸ ਵਿੱਚ 20 ਏਸ਼ਿਆਈ ਦੇਸ਼ਾਂ ਨੇ ਭਾਗ ਲਿਆ ਸੀ। ਇਨ੍ਹਾਂ ਮੁਕਾਬਲਿਆਂ ਵਿੱਚ 30 ਕਿੱਲੋ ਭਾਰ ਵਰਗ ਵਿੱਚ ਗੁਰਸੇਵਕ ਸਿੰਘ ਨੇ ਤੀਜਾ ਸਥਾਨ ਅਤੇ ਮੁਸਕਾਨਪ੍ਰੀਤ ਕੌਰ ਨੇ ਵੀ ਆਪਣੇ ਭਾਰ ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਭੈਣ-ਭਰਾ ਨੇ ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ ਹਨ।