ਸਿੱਖ ਪੰਥ ਵਿਚ ਏਕਤਾ ਤੇ ਤਖਤ ਸਾਹਿਬਾਨ ਦੀ ਸ਼ਾਨ ਬਹਾਲੀ ਹੀ ਮੇਰਾ ਏਜੰਡਾ : ਗਿਆਨੀ ਹਰਪ੍ਰੀਤ ਸਿੰਘ

ਸਿੱਖ ਪੰਥ ਵਿਚ ਏਕਤਾ ਤੇ ਤਖਤ ਸਾਹਿਬਾਨ ਦੀ ਸ਼ਾਨ ਬਹਾਲੀ ਹੀ ਮੇਰਾ ਏਜੰਡਾ : ਗਿਆਨੀ ਹਰਪ੍ਰੀਤ ਸਿੰਘ

ਬਠਿੰਡਾ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖ਼ਤ ਦੇ ਨਵੇਂ ਬਣੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੀ ਮੁਕੰਮਲ ਏਕਤਾ ਅਤੇ ਪਿਛਲੇ ਸਮੇਂ ਦੌਰਾਨ ਤਖ਼ਤਾਂ ਦੇ ਮਾਣ-ਸਨਮਾਨ ਨੂੰ ਪਹੁੰਚੀ ਠੇਸ ਦਾ ਮਾਮਲਾ ਚੁੱਕਿਆ ਹੈ।  ਮੀਡੀਆ ਨੂੰ ਆਪਣੀ ਪਹਿਲੇ ਬਿਆਨ ਵਿਚ ਉਨ੍ਹਾਂ ਪੰਥਕ ਏਕਤਾ ਦੀ ਬਹਾਲੀ ਨੂੰ ਆਪਣਾ ਪ੍ਰਮੁੱਖ ਏਜੰਡਾ ਦੱਸਿਆ ਹੈ। ਨਾਲ ਹੀ ਉਨ੍ਹਾਂ ਸਿਆਸੀ ਮੁੱਦਿਆਂ ‘ਤੇ ਫ਼ਿਲਹਾਲ ਚੁੱਪ ਧਾਰਨ ਕਰਨ ਨੂੰ ਹੀ ਚੰਗਾ ਦੱਸਿਆ ਹੈ ਜਦਕਿ ਪੰਥਕ ਏਕਤਾ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਧਰਮਾਂ ਦੇ ਤੁਲਨਾਤਮਿਕ ਅਧਿਐਨ ਵਿਸ਼ੇ ‘ਤੇ ਪੋਸਟ ਗਰੈਜੂਏਟ ਅਤੇ ਹਾਲ ਦੀ ਘੜੀ ਪੀਐੱਚਡੀ ਕਰ ਰਹੇ ਗਿਆਨੀ ਹਰਪ੍ਰੀਤ ਸਿੰਘ ਜ਼ਿਲ੍ਹਾ ਮੁਕਤਸਰ ਦੇ ਕਸਬਾ ਗਿੱਦੜਬਾਹਾ ਦੇ ਰਹਿਣ ਵਾਲੇ ਹਨ। ਜਦੋਂ  ਉਹ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ ਗਏ ਸਨ ਤਾਂ ਉਸ ਵੇਲੇ ਚਰਚਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਕ ਓਐੱਸਡੀ ਨੇ ਉਨ੍ਹਾਂ ਨੂੰ ਜਥੇਦਾਰ ਬਣਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਉਂਝ ਗਿਆਨੀ ਹਰਪ੍ਰੀਤ ਸਿੰਘ ਸਾਫ਼ ਅਕਸ ਵਾਲੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ।
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਵੇਂ ਪਿਛਲੇ ਸਮੇਂ ਦੌਰਾਨ ਤਖ਼ਤਾਂ ਦੇ ਮਾਣ-ਸਨਮਾਨ ਅਤੇ ਜਥੇਦਾਰ ਦੇ ਰੁਤਬੇ ‘ਤੇ ਉਂਗਲ ਉੱਠੀ ਹੈ ਅਤੇ ਪੰਥਕ ਏਕਤਾ ਅਤੇ ਪੰਥਕ ਮਤਭੇਦ ਵੀ ਕਾਫ਼ੀ ਬਣੇ ਹੋਏ ਹਨ, ਇਸ ਤੋਂ ਸਾਫ਼ ਹੈ ਕਿ ਚੁਣੌਤੀਆਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖ ਸੰਪਰਦਾਵਾਂ, ਸਿੱਖ ਵਿਦਵਾਨਾਂ ਤੋਂ ਇਲਾਵਾ ਸਾਰੀਆਂ ਪੰਥਕ ਧਿਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਸੁਝਾਅ ਲਏ ਜਾਣਗੇ। ਉਨ੍ਹਾਂ ਕਿਹਾ ਕਿ ਵਖ਼ਰੇਵੇਂ ਤਾਂ ਪਰਿਵਾਰਾਂ ਵਿਚ ਵੀ ਹੋ ਜਾਂਦੇ ਹਨ, ਪਰ ਸੁਲਝਾ ਲਏ ਜਾਂਦੇ ਹਨ।
ਜਥੇਦਾਰ ਨੇ ਬਰਗਾੜੀ ਇਨਸਾਫ਼ ਮੋਰਚਾ ਦੀਆਂ ਮੰਗਾਂ ਨੂੰ ਦਰੁਸਤ ਤੇ ਜਾਇਜ਼ ਦੱਸਿਆ। ਹਾਲਾਂਕਿ ਜਥੇਦਾਰ ਨੇ ਇਸ ਗੱਲ ‘ਤੇ ਟਿੱਪਣੀ ਕਰਨ ਤੋਂ ਪਾਸਾ ਵੱਟਿਆ ਕਿ ਬਰਗਾੜੀ ਮੋਰਚੇ ਦਾ ਮੰਗਾਂ ਮਨਵਾਉਣ ਦਾ ਤਰੀਕਾ ਠੀਕ ਹੈ ਜਾਂ ਗ਼ਲਤ। ਉਨ੍ਹਾਂ ਕਿਹਾ ਕਿ ਜੋ ਬਰਗਾੜੀ ਮੋਰਚੇ ਦੀਆਂ ਮੰਗਾਂ ਹਨ, ਇਹ ਦੇਸ-ਵਿਦੇਸ਼ ਵੱਸਦੇ ਹਰ ਸਿੱਖ ਦੀ ਵੀ ਮੰਗ ਹੈ ਤੇ ਬੇਅਦਬੀ ਕਰਨ ਵਾਲੇ ਸਜ਼ਾ ਦੇ ਹੱਕਦਾਰ ਹਨ। ਜਥੇਦਾਰ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਨ੍ਹਾਂ ਹਾਲੇ ਪੜ੍ਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਵਿਚ ਉੱਠੀਆਂ ਬਾਗ਼ੀ ਸੁਰਾਂ ਬਾਰੇ ਵੀ ਉਨ੍ਹਾਂ ਕੋਈ ਟਿੱਪਣੀ ਨਾ ਕੀਤੀ।
ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ 20 ਅਪਰੈਲ 2017 ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਇਨਾਤੀ ਹੋਈ ਸੀ। ਕਰੀਬ ਡੇਢ ਵਰ੍ਹੇ ਮਗਰੋਂ ਹੁਣ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਧਰ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ (ਰਾਮਪੁਰਾ) ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਉਂਗਲ ਉਠਾਈ ਹੈ। ਮੈਂਬਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿਚ ਜ਼ਾਂਬੀਆ (ਦੱਖਣੀ ਅਫ਼ਰੀਕਾ) ‘ਚ ਸਿੱਖ ਲੜਕੇ ਹਰਪ੍ਰੀਤ ਸਿੰਘ ਨੂੰ ਦਸਤਾਰ ਨਾ ਉਤਾਰਨ ਕਰਕੇ ਪਰਮਿਟ ਨਾ ਦਿੱਤੇ ਜਾਣ ਦਾ ਮਾਮਲਾ ਲਿਆਂਦਾ ਗਿਆ ਸੀ, ਪਰ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਜਥੇਦਾਰ ਦਸਤਾਰ ਦਾ ਮਸਲਾ ਨਹੀਂ ਚੁੱਕ ਸਕਦਾ, ਉਹ ਹੋਰ ਕੌਮੀ ਮਸਲੇ ਉਠਾਉਣ ਲਈ ਕਿਵੇਂ ਯੋਗ ਹੋਵੇਗਾ।