ਏਸ਼ਿਆਈ ਕੁਸ਼ਤੀਆਂ ਵਿਚ ਅਨਿਲ ਤੇ ਜੋਤੀ ਨੇ ਕਾਂਸੀ ਦੇ ਤਗ਼ਮੇ ਜਿੱਤੇ

ਏਸ਼ਿਆਈ ਕੁਸ਼ਤੀਆਂ ਵਿਚ ਅਨਿਲ ਤੇ ਜੋਤੀ ਨੇ ਕਾਂਸੀ ਦੇ ਤਗ਼ਮੇ ਜਿੱਤੇ
ਕੈਪਸ਼ਨ-ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਮੁੱਛ ਨੂੰ ਗੇੜਾ ਦਿੰਦਾ ਹੋਇਆ ਭਾਰਤੀ ਪਹਿਲਵਾਨ ਅਨਿਲ ਕੁਮਾਰ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਪਹਿਲਵਾਨ ਅਨਿਲ ਕੁਮਾਰ ਤੇ ਜੋਤੀ ਨੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਥੇ ਆਪਣੇ ਆਪਣੇ ਭਾਰ ਵਰਗਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਅਨਿਲ ਨੇ ਇੱਥੇ ਗਰੀਕੋ ਰੋਮਨ ਦੇ 85 ਕਿਲੋ ਭਾਰ ਵਰਗ ਵਿੱਚ ਉਜ਼ਬੇਕਿਸਤਾਨ ਦੇ ਮੁਹੰਮਦਾਲੀ ਸ਼ਮਸਿਦਿਨੋਵ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 7-6 ਨਾਲ ਜਿੱਤ ਹਾਸਲ ਕਰ ਕੇ ਕਾਂਸੀ ਤਗ਼ਮਾ ਜਿੱਤਿਆ। ਉਧਰ ਜੋਤੀ ਨੂੰ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਜਪਾਨ ਦੀ ਮਸਾਕੋ ਫੁਰੂਚੀ ਤੋਂ ਹਾਰ ਕੇ ਕਾਂਸੀ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਪਹਿਲਵਾਲ ਦੀਪਕ ਕਾਂਸੀ ਤਗ਼ਮਾ ਜਿੱਤਣ ਵਿੱਚ ਅਸਫ਼ਲ ਰਿਹਾ। ਉਹ ਕਿਰਗਿਸਤਾਨ ਦੇ ਨੁਰਗੇਜੀ ਅਸਨਗੁਲੋਵ ਤੋਂ 1-8 ਨਾਲ ਹਾਰ ਗਿਆ।
ਇਸ ਤੋਂ ਪਹਿਲਾ ਇੱਥੇ ਭਾਰਤ ਦੇ ਗਰੀਕੋ ਰੋਮਨ ਪਹਿਲਵਾਨ ਦੀਪਕ ਅਤੇ ਅਨਿਲ ਕੁਮਾਰ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੇ ਵਜ਼ਨ ਵਰਗ ਵਿੱਚ ਕਾਂਸੀ ਤਗ਼ਮਾ ਗੇੜ ਵਿੱਚ ਥਾਂ ਬਣਾਈ। ਜਦਕਿ ਮਹਿਲਾ ਵਰਗ ਵਿੱਚ ਰਿਤੂ ਨੇ 63 ਕਿਲੋ ਭਾਰ ਵਰਗ ਵਿੱਚ ਕੱਟ ਵਿੱਚ ਥਾਂ ਬਣਾਈ। ਦੀਪਕ 71 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਇਰਾਨ ਦੇ ਅਫਸ਼ਿਨ ਨੇਮਾਤ ਤੋਂ ਹਾਰ ਗਿਆ ਸੀ, ਪਰ ਫੇਰ ਵੀ ਉਸ ਨੇ ਕਾਂਸੀ ਤਗ਼ਮੇ ਲਈ ਪਲੇਅ ਔਫ ਵਿੱਚ ਥਾਂ ਪੱਕੀ ਕੀਤੀ ਕਿਉਂਕਿ ਇਰਾਨੀ ਖਿਡਾਰੀ ਸੋਨ ਤਗ਼ਮਾ ਗੇੜ ਵਿੱਚ ਪੁੱਜ ਗਿਆ ਸੀ। ਅਨਿਲ ਕੁਮਾਰ ਨੂੰ ਵੀ 85 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਸ ਨੂੰ ਜਪਾਨ ਦੇ ਅਤਸੁਸ਼ੀ ਮਾਸੁਮੋਤੋ ਨੇ 7-0 ਨਾਲ ਹਰਾਇਆ ਸੀ। ਅਨਿਲ ਵੀ ਕਾਂਸੀ ਤਗ਼ਮੇ ਦੇ ਪਲੇਅ ਔਫ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਿਹਾ ਕਿਉਂਕਿ ਜਪਾਨੀ ਪਹਿਲਵਾਨ ਨੇ ਸੋਨ ਤਗ਼ਮਾ ਗੇੜ ਵਿੱਚ ਥਾਂ ਪੱਕੀ ਕਰ ਲਈ। ਮਹਿਲਾਵਾਂ ਦੇ 63 ਕਿਲੋ ਭਾਰ ਵਰਗ ਵਿੱਚ ਭਾਰਤੀ ਪਹਿਲਵਾਨ ਰਿਤੂ ਨੇ ਤੇਪੱਈ ਦੀ ਮਿਨ ਵੇਨ ਹੋ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ, ਪਰ ਉਹ ਮੰਗੋਲੀਆ ਦੀ ਬੈਟਸੇਟਸੇਗ ਸੋਰੋਨਜੋਨਬੋਲਡ ਤੋਂ 2-12 ਨਾਲ ਹਾਰ ਗਈ।