ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਣ ਬਾਅਦ ਰਿਹਾਈ

ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਣ ਬਾਅਦ ਰਿਹਾਈ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਰਵਾਸੀ ਭਾਰਤੀ ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਪੁਲੀਸ ਨੇ ਉਨ੍ਹਾਂ ਨੂੰ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਤੋਂ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਸਿੱਖ ਆਗੂ ਰੇਸ਼ਮ ਸਿੰਘ ਦੀ ਰਿਹਾਈ ਦੇ ਹੁਕਮ ਜਸਟਿਸ ਐਮ.ਐਮ.ਐਸ. ਬੇਦੀ ਨੇ ਪਟੀਸ਼ਨ ਉੱਤੇ ਸੁਣਵਾਈ ਮੌਕੇ ਸੁਣਾਏ।
ਜ਼ਿਕਰਯੋਗ ਹੈ ਕਿ  ਭਾਈ ਰੇਸ਼ਮ ਸਿੰਘ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਚੱਬਾ ਪਿੰਡ ਵਿਚ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੇ ਸਬੰਧ ਵਿਚ ਪੰਜਾਬ ਪੁਲੀਸ ਨੇ ਕੇਸ ਦਰਜ ਕੀਤਾ ਸੀ। ਇਹ ਕੇਸ ਚਾਟੀਵਿੰਡ ਪੁਲੀਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਭਾਈ ਰੇਸ਼ਮ ਸਿੰਘ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਦਾ ਕੈਲੀਫੋਰਨੀਆ ਤੋਂ ਸੀਨੀਅਰ ਆਗੂ ਹੈ। ਉਹ ਸਰਬੱਤ ਖ਼ਾਲਸਾ ਵਿਚ ਸ਼ਿਰਕਤ ਕਰਨ ਲਈ 4 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਪੁੱਜੇ ਸਨ।
ਪੰਜਾਬ ਸਰਕਾਰ ਨੇ ਦੋ ਵਾਰ ਸਰਬਤ ਖਾਲਸਾ ਦੇ ਇਸ ਪ੍ਰੋਗਰਾਮ ਵਿਚ ਵਿਘਨ ਪਾਇਆ। ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ ਇਹ ਪ੍ਰੋਗਰਾਮ ਰੱਦ ਕਰਵਾਏ ਜਾਣ ਮਗਰੋਂ, ਇਹ ਦੁਬਾਰਾ 8 ਦਸੰਬਰ ਨੂੰ ਸੱਦਿਆ ਗਿਆ ਸੀ ਪਰ ਇਸ ਮੌਕੇ ਫੇਰ ਪੰਜਾਬ ਸਰਕਾਰ ਨੇ ਕਾਨੂੰਨ ਦਾ ਹਵਾਲਾ ਦਿੰਦਿਆਂ ਇਸ ਪ੍ਰੋਗਰਾਮ ਵਿਚ ਅੜਿੱਕੇ ਡਾਹੁਣ ਦੀ ਪੂਰੀ ਕੋਸ਼ਿਸ਼ ਕੀਤੀ।
ਇਥੇ ਜ਼ਿਕਰਯੋਗ ਹੈ ਕਿ ‘ਵਾਇਸ ਫਾਰ ਫਰੀਡਮ’ ਦੀ ਅਮਰੀਕਨ ਇਕਾਈ ਨੇ ਵ੍ਹਾਈਟ ਹਾਊਸ ਵਿਖੇ ਪਟੀਸ਼ਨ ਦਾਇਰ ਕੀਤੀ ਸੀ ਕਿ ਕਿਸੇ ਵੀ ਅਮਰੀਕੀ ਨਾਗਰਿਕ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਹੈ।  ਸਰਬੱਤ ਖ਼ਾਲਸਾ ਦੇ ਸਬੰਧ ਵਿਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਦੀ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਆਲੋਚਨਾ ਕੀਤੀ ਸੀ।

ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਉੱਤੇ ਰਿਹਾਈ ਦਾ ਸਵਾਗਤ
ਨਿਊਯਾਰਕ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦੀ ਅਮਰੀਕਾ ਇਕਾਈ ਨੇ ਭਾਰਤ ਵਿੱਚ ਸਿੱਖਾਂ ਨਾਲ ਵਧੀਕੀਆਂ ਜਾਰੀ ਰਹਿਣ ਦੀ ਕਰੜੀ ਨਿਖੇਧੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਭਾਈ ਰੇਸ਼ਮ ਸਿੰਘ ਦੀ ਜ਼ਮਾਤਨ ਉੱਤੇ ਰਿਹਾਈ ਦਾ ਸਵਾਗਤ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਵਲੋਂ ਇੱਥੇ ਜਾਰੀ ਕੀਤੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕੀ ਸਿੱਖਾਂ ਵਲੋਂ ਆਪਣੇ ਧਾਰਮਿਕ ਸਮਾਗਮਾਂ ‘ਚ ਹਿੱਸਾ ਲੈਣਾ ਦੇਸ਼ ਧ੍ਰੋਹ ਹੈ। ਇਸਦੇ ਨਾਲ ਹੀ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਸਿੱਖਾਂ ਦੀਆਂ ਲਾਸ਼ਾਂ ‘ਤੇ ਰਾਜਭਾਗ ਕਰਨ ਵਾਲੇ ਕੌਮ ਦੇ ਅਕ੍ਰਿਤਘਣ ਡੋਗਰਿਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਕੌਮ ਨਾਲ ਏਨਾ ਵੱਡਾ ਧ੍ਰੋਹ ਨਾ ਕਰੋ।
ਪਾਰਟੀ ਵਲੋਂ ਭਾਈ ਰੇਸ਼ਮ ਸਿੰਘ ਦੀ ਨਜਾਇਜ਼ ਨਜ਼ਰਬੰਦੀ ਅਤੇ ਤੁਰੰਤ ਬਿਨਾਂ ਸ਼ਰਤ ਲਈ ਵਿਸ਼ਵ ਪੱਧਰ ਉੱਤੇ ਮਸਲਾ ਉਭਾਰਨ ਵਾਸਤੇ ਇੱਕ ਪਟੀਸ਼ਨ ਤਿਆਰ ਕੀਤੀ ਗਈ ।ਜਿਸ ਰਾਹੀਂ  ਸਭਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਉ ਅਮਰੀਕਨ ਸਿੱਖ ਆਗੂ ਅਤੇ ਖ਼ਾਲਸਾ ਪੰਥ ਦੇ ਨਿਸ਼ਕਾਮ ਸੇਵਕ ਭਾਈ ਰੇਸ਼ਮ ਸਿੰਘ ਦੀ ਰਿਹਾਈ ਲਈ ਪਟੀਸ਼ਨ ਸਾਈਨ ਕਰੀਏ।
ਪਟੀਸ਼ਨ ਸਬੰਧੀ ਵੈਬਸਾਈਟ https://wh.gov/iehtx
ਬਿਆਨ ਜਾਰੀ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਬੂਟਾ ਸਿੰਘ ਖੜੌਦ, ਜੀਤ ਸਿੰਘ ਆਲੋਅਰਖ, ਸੁਰਜੀਤ ਸਿੰਘ ਕੁਲਾਰ, ਰੁਪਿੰਦਰ ਸਿੰਘ ਬਾਠ, ਮੱਖਣ ਸਿੰਘ ਕਲੇਰ, ਅਮਨਦੀਪ ਸਿੰਘ ਸਮੇਤ ਸਮੂਹ ਪੰਥਕ ਜਥੇਬੰਦੀਆਂ ਅਤੇ ਅਮਰੀਕਾ ਦੇ ਵੱਖ ਵੱਖ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸ਼ਾਮਲ ਹਨ।
ਹੋਰ ਜਾਣਕਾਰੀ ਲਈ ਸੰਪਰਕ ਕਰੋ : 630-827-9752