ਚੈਨਲ ‘ਤੇ ਪਾਬੰਦੀ ਨੇ ਐਮਰਜੈਂਸੀ ਦੇ ਕਾਲੇ ਦਿਨ ਚੇਤੇ ਕਰਵਾਏ: ਐਨਡੀਟੀਵੀ

ਚੈਨਲ ‘ਤੇ ਪਾਬੰਦੀ ਨੇ ਐਮਰਜੈਂਸੀ ਦੇ ਕਾਲੇ ਦਿਨ ਚੇਤੇ ਕਰਵਾਏ: ਐਨਡੀਟੀਵੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਐਨਡੀਟੀਵੀ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਆਪਣੇ ਹਿੰਦੀ ਨਿਊਜ਼ ਚੈਨਲ ‘ਤੇ ਪਾਬੰਦੀ ਲਾਉਣ ਨੂੰ ‘ਧੱਕਾ’ ਦੱਸਦਿਆਂ ਦੋਸ਼ ਲਾਇਆ ਕਿ ਉਸ ਨੂੰ ‘ਨਿਸ਼ਾਨਾ’ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ। ਇਸ ਗਰੁੱਪ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਾਰੇ ਬਦਲਾਂ ਦੀ ਘੋਖ ਕਰ ਰਿਹਾ ਹੈ।
ਗਰੁੱਪ ਨੇ ਆਪਣੀ ਵੈੱਬਸਾਈਟ ‘ਤੇ ਪਾਏ ਇਕ ਬਿਆਨ ਵਿੱਚ ਕਿਹਾ ਕਿ ”ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਹੁਕਮ ਮਿਲ ਗਿਆ ਹੈ। ਇਹ ਸਰਾਸਰ ਨਿਸ਼ਾਨਾ ਬਣਾ ਕੇ ਕੀਤੀ ਕਾਰਵਾਈ ਹੈ। ਹਰੇਕ ਚੈਨਲ ਤੇ ਅਖ਼ਬਾਰ ਨੇ ਪਠਾਨਕੋਟ ਹਮਲੇ ਦੀ ਇਕੋ ਤਰ੍ਹਾਂ ਦੀ ਕਵਰੇਜ ਕੀਤੀ। ਦਰਅਸਲ ਐਨਡੀਟੀਵੀ ਦੀ ਕਵਰੇਜ਼ ਤਾਂ ਖ਼ਾਸ ਤੌਰ ‘ਤੇ ਸੰਤੁਲਿਤ ਸੀ।” ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਐਨਡੀਟੀਵੀ ਖ਼ਿਲਾਫ਼ ਜਿਸ ਤਰੀਕੇ ਨਾਲ ਕਾਰਵਾਈ ਹੋਈ, ਉਸ ਨੇ ਪ੍ਰੈੱਸ ‘ਤੇ ਬੰਦਸ਼ਾਂ ਲਾਉਣ ਵਾਲੇ ਐਮਰਜੈਂਸੀ ਦੇ ਕਾਲੇ ਦਿਨ ਚੇਤੇ ਕਰਵਾ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮੰਤਰੀਆਂ ‘ਤੇ ਆਧਾਰਤ ਕਮੇਟੀ ਨੇ ਪਠਾਨਕੋਟ ਅਤਿਵਾਦੀ ਹਮਲੇ ਦੌਰਾਨ ‘ਯੁੱਧਨੀਤਿਕ ਪੱਖੋਂ ਸੰਵੇਦਨਸ਼ੀਲ’ ਜਾਣਕਾਰੀ ਨਸ਼ਰ ਕਰਨ ਉਤੇ ਐਨਡੀਟੀਵੀ ਇੰਡੀਆ ਦਾ ਪ੍ਰਸਾਰਨ 9 ਨਵੰਬਰ ਨੂੰ ਇਕ ਦਿਨ ਲਈ ਰੋਕਣ ਦੀ ਸਿਫ਼ਾਰਸ਼ ਕੀਤੀ, ਜਿਸ ਉਤੇ ਮੰਤਰਾਲੇ ਨੇ ਪ੍ਰਸਾਰਨ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਸ ਫੈਸਲੇ ਦੀ ਵਿਰੋਧੀ ਪਾਰਟੀਆਂ ਅਤੇ ਮੀਡੀਆ ਸੰਸਥਾਵਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਸ ਹੁਕਮ ਤੋਂ ਪਤਾ ਚਲਦਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਵਰਗੇ ਹਾਲਾਤ ਹਨ, ਜਦੋਂ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਧੱਕੇ ਵਾਲਾ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਜੀ ਦੇ ਭਾਰਤ ਵਿੱਚ ਟੀਵੀ ਚੈਨਲਾਂ ‘ਤੇ ਪਾਬੰਦੀ ਤੇ ਵਿਰੋਧੀ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਚੱਲ ਰਹੀ ਹੈ।
‘ਐਡੀਟਰਜ਼ ਗਿਲਡ ਆਫ ਇੰਡੀਆ’ ਨੇ ਕਿਹਾ ਕਿ ਇਹ ਪ੍ਰੈੱਸ ਦੀ ਆਜ਼ਾਦੀ ਦੀ ਸਿੱਧੀ ਉਲੰਘਣਾ ਹੈ, ਜਦੋਂ ਕਿ ‘ਬ੍ਰਾਡਕਾਸਟ ਐਡੀਟਰਜ਼ ਐਸੋਸੀਏਸ਼ਨ’ ਨੇ ਕਿਹਾ ਕਿ ਪਾਬੰਦੀ ਲਾਉਣਾ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਉਤੇ ਹਮਲਾ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਇਹ ਵਾਅਦੇ ਮੁਤਾਬਕ ‘ਅੱਛੇ ਦਿਨ’ ਹਨ?

ਰੋਸ ਵਜੋਂ ਸਾਰੇ ਚੈਨਲ ਤੇ ਅਖ਼ਬਾਰ ਬੰਦ ਰਹਿਣ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਸਾਰੇ ਅਖ਼ਬਾਰ ਤੇ ਚੈਨਲ ‘ਸਾਹਸ ਦਿਖਾਉਣ’ ਅਤੇ ਰੋਸ ਦਰਜ ਕਰਵਾਉਣ ਲਈ ਉਸੇ ਦਿਨ ਪ੍ਰੋਗਰਾਮ ਪ੍ਰਸਾਰਤ ਨਾ ਕਰਨ ਤੇ ਨਾ ਹੀ ਅਖ਼ਬਾਰ ਨਾ ਛਾਪਣ।  ਸ੍ਰੀ ਕੇਜਰੀਵਾਲ ਨੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਖੜ੍ਹਨ ਦੀ ਦਲੇਰੀ ਦਿਖਾਉਣ ‘ਤੇ ਐਡੀਟਰਜ਼ ਗਿਲਡ ਨੂੰ ਵਧਾਈ ਦਿੱਤੀ ਹੈ।