‘ਪਾਣੀ ਬਚਾਓ-ਪੰਜਾਬ ਬਚਾਓ’ ਰੈਲੀ ਦੇ ਬਹਾਨੇ ਬਾਦਲ ਸਰਕਾਰ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਕੈਪਸ਼ਨ-ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਕੀਤੀ ਰੈਲੀ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਂਦੇ ਹੋਏ।
ਪਾਣੀ ‘ਤੇ ਸਿਰਫ਼ ਪੰਜ ਮਿੰਟ ਬੋਲੇ, ਬਾਕੀ ਸਮਾਂ ਵਿਰੋਧੀਆਂ ‘ਤੇ ਵਰ੍ਹਦੇ ਰਹੇ
ਕਿੱਲੀ ਚਾਹਲਾਂ (ਮੋਗਾ)/ਬਿਊਰੋ ਨਿਊਜ਼ :
ਅਕਾਲੀ-ਭਾਜਪਾ ਸਰਕਾਰ ਨੇ 2017 ਦੀਆਂ ਚੋਣਾਂ ਦੀ ਨੀਂਹ ਪਾਣੀ ‘ਤੇ ਰੱਖੀ। ਪੰਜਾਬ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਵਸ ਮੌਕੇ ਕੀਤੀ ‘ਪਾਣੀ ਬਚਾਓ-ਪੰਜਾਬ ਬਚਾਓ’ ਰੈਲੀ ਦੌਰਾਨ ਅਕਾਲੀ ਆਗੂਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ 89ਵੇਂ ਜਨਮ ਦਿਨ ‘ਤੇ ਹੋਈ ਇਸ ਵੱਡੀ ਰੈਲੀ ਦੇ ਬਹਾਨੇ ਸਰਕਾਰ ਨੇ ਸ਼ਕਤੀ ਪ੍ਰਦਰਸ਼ਨ ਤਾਂ ਕੀਤਾ ਹੀ, ਆਪਣੀਆਂ ਪ੍ਰਾਪਤੀਆਂ ਵੀ ਗਿਣਾਈਆਂ। ਬਾਦਲ ਨੇ ਅੱਧੇ ਘੰਟੇ ਦੇ ਭਾਸ਼ਣ ਵਿਚ ਪਾਣੀ ‘ਤੇ ਸਿਰਫ਼ ਪੰਜ ਮਿੰਟ ਗੱਲ ਕੀਤੀ, ਬਾਕੀ ਸਮਾਂ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਰੱਖਿਆ। ਜ਼ਿਕਰਯੋਗ ਹੈ ਕਿ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਨੂੰ ਮੁੱਖ ਮੁੱਦਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ-ਭਾਜਪਾ ਦੇ ਚਿਹਰੇ ਵਜੋਂ ਉਭਾਰਦਿਆਂ ਆਗੂਆਂ ਨੇ ਰਵਾਇਤੀ ਕਿਸਾਨੀ ਵੋਟ ਬੈਂਕ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਐਸਵਾਈਐਲ ਵਾਲੀ ਜ਼ਮੀਨ ਸਬੰਧਤ ਕਿਸਾਨਾਂ ਨੂੰ ਸੌਂਪ ਕੇ ਨਹਿਰ ਬਣਾਉਣ ਦਾ ਮੁੱਦਾ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਰੈਲੀ ਵਿੱਚ ਸ਼ਾਮਲ ਲੋਕਾਂ ਤੋਂ ਪਾਣੀ ਦੀ ਇੱਕ ਵੀ ਬੂੰਦ ਸੂਬੇ ਤੋਂ ਬਾਹਰ ਨਾ ਜਾਣ ਦੇਣ ਲਈ ਹਰ ਕੁਰਬਾਨੀ ਕਰਨ ਦਾ ਅਹਿਦ ਵੀ ਲਿਆ। ਉਂਜ, ਬੁਲਾਰਿਆਂ ਨੇ ਪਾਣੀ ਦੇ ਮੁੱਦੇ ਨੂੰ ਤੱਥਾਂ ਅਤੇ ਦਲੀਲਾਂ ਸਹਿਤ ਵਿਸਥਾਰਤ ਜਾਣਕਾਰੀ ਦੇਣ ਤੋਂ ਦੂਰੀ ਹੀ ਬਣਾਈ ਰੱਖੀ।
ਗਿਣਤੀ ਪੱਖੋਂ ਪ੍ਰਭਾਵਸ਼ਾਲੀ ਪਰ ਆਗੂਆਂ ਦੇ ਭਾਸ਼ਣਾਂ ਪ੍ਰਤੀ ਮੱਠੇ ਹੁੰਗਾਰੇ ਵਾਲੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ, ”ਪਾਣੀ ਪੰਜਾਬ ਦੀ ਜਿੰਦ ਜਾਨ ਹੈ ਅਤੇ ਕਿਸੇ ਵੀ ਕੀਮਤ ਉੱਤੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇ ਕੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਵਰਗਾ ਕੰਮ ਕਰ ਰਹੇ ਹਨ।” ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਜਾਂ ‘ਆਪ’ ਦੀ ਸਰਕਾਰ ਬਣੀ ਤਾਂ ਉਨ੍ਹਾਂ ਵੱਲੋਂ ਜਾਰੀ ਕੀਤੀਆਂ ਕਿਸਾਨਾਂ ਨੂੰ ਮੁਫ਼ਤ ਬਿਜਲੀ, ਗਰੀਬਾਂ ਨੂੰ 200 ਯੁਨਿਟ ਮੁਫ਼ਤ ਬਿਜਲੀ ਸਮੇਤ ਤਮਾਮ ਸਕੀਮਾਂ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੇ ਸਾਲਾਂ ਦੌਰਾਨ ਸਕੂਲ ਸਿੱਖਿਆ ਅਤੇ ਸਿਹਤ ਉੱਤੋ ਜ਼ੋਰ ਦਿੱਤਾ ਜਾਵੇਗਾ।
ਮੋਗੇ ਦੀ ਰੈਲੀ ਨੂੰ ਅਕਾਲੀ ਦਲ ਲਈ ਸ਼ੁਭ ਕਰਾਰ ਦਿੰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਜਦੋਂ ਵੀ ਮੋਗੇ ਦੀ ਧਰਤੀ ਤੋਂ ਰੈਲੀ ਕਰ ਕੇ ਚੋਣ ਜੰਗ ਦੀ ਸ਼ੁਰੂਆਤ ਕੀਤੀ ਹੈ ਤਾਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਅਕਾਲੀ ਦਲ ਦੇ ਕਾਰਕੁਨ ਪਾਣੀ ਦੇ ਮੁੱਦੇ ਉੱਤੇ ਆਪਣੀ ਜਾਨ ਦੇਣ ਦੀ ਵੀ ਪ੍ਰਵਾਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ 20 ਲੱਖ ਦਸਤਖ਼ਤ ਅਤੇ ਇਸ ਇਕੱਠ ਦੀ ਵੀਡੀਓ ਰਾਸਟਰਪਤੀ ਨੂੰ ਭੇਜੀ ਜਾਵੇਗੀ। ਸ੍ਰੀ ਸੁਖਬੀਰ ਬਾਦਲ ਨੇ ਕਿਹਾ, ”ਇਕੱਠ ਦੇਖ ਕੇ ਕਾਂਗਰਸ ਨੇ ਤਾਂ ਉਮੀਦਵਾਰ ਹੀ ਖੜ੍ਹੇ ਨਹੀਂ ਕਰਨੇ।” ਕਾਂਗਰਸ ਅਤੇ ਟੋਪੀ ਵਾਲੇ ਭਜਾਓ, ਪੰਜਾਬ ਬਚਾਓ ਦਾ ਨਾਅਰਾ ਦਿੰਦਿਆਂ ਉਪ ਮੁੱਖ ਮੰਤਰੀ ਨੇ ਜ਼ਿਆਦਾ ਜ਼ੋਰ ਵਿਕਾਸ ਕੰਮਾਂ ਨੂੰ ਦੁਹਰਾਉਣ ਉੱਤੇ ਹੀ ਦਿੱਤਾ। ਪਹਿਲਾ ਚੋਣ ਮਨੋਰਥ ਪੱਤਰ ਮੁਕੰਮਲ ਰੂਪ ਵਿੱਚ ਲਾਗੂ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਅਗਲੇ ਪੰਜ ਸਾਲਾਂ ਦੌਰਾਨ ਸਰਕਾਰ ਬਣਨ ਉੱਤੇ ਸਾਰੇ ਪਿੰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਹੱਲ ਕਰਨ, ਸੂਰਜੀ ਲਾਈਟਾਂ ਲਗਾਉਣ, ਕਿਸਾਨਾਂ ਦੇ ਖਾਲ ਪੱਕੇ ਕਰਨ, ਗਰੀਬਾਂ ਲਈ ਅਲੱਗ ਕਲੋਨੀਆਂ ਬਣਾ ਕੇ ਬੇਘਰਿਆਂ ਵਾਸਤੇ 5 ਲੱਖ ਘਰ ਬਣਾਉਣ, ਡੇਢ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਅਤੇ ਕੁਸ਼ਲਤਾ ਵਿਕਾਸ ਵਾਸਤੇ ਪਿੰਡਾਂ ਵਿੱਚ ਇੱਕ ਹਜ਼ਾਰ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ। ਵੱਖ ਵੱਖ ਧਰਮਾਂ ਦੀਆਂ ਯਾਦਗਾਰਾਂ ਅਤੇ ਯਾਤਰਾਵਾਂ ਰਾਹੀਂ ਔਰਤ ਵੋਟਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਵਜੋਂ ਉਨ੍ਹਾਂ ਕਿਹਾ ਕਿ ਮਾਈਆਂ ਉਨ੍ਹਾਂ ਦੇ ਸਿਰ ਉੱਤੇ ਹੱਥ ਰੱਖ ਕੇ ਕਹਿੰਦੀਆਂ ਹਨ ਕਿ ਹਜ਼ੂਰ ਸਾਹਿਬ ਜਾਣ ਦਾ ਸੁਪਨਾ ਪੂਰਾ ਹੋਇਆ ਹੈ। ਇਹ ਅਲੱਗ ਗੱਲ ਹੈ ਕਿ ਪੰਜਾਬ ਦੀਆਂ ਹੋਰਾਂ ਸਾਰੀਆਂ ਰੈਲੀਆਂ ਦੀ ਤਰ੍ਹਾਂ ਅਕਾਲੀ ਦਲ ਦੀ ਰੈਲੀ ਵਿੱਚ ਵੀ ਔਰਤਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰ ਕੇ ਔਰਤਾਂ ਦੀ ਹਾਜ਼ਰੀ ਲਗਵਾਈ।
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਸੂਬਾ ਦੇਸ਼ ਦੇ ਹਿੱਤ ਲਈ ਪਾਣੀ ਮੰਗਦਾ ਹੈ। ਪੰਜਾਬ ਨੇ ਇਨ੍ਹਾਂ ਪਾਣੀਆਂ ਦੀ ਵਰਤੋਂ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਕੀਤੀ ਹੈ। ਹੁਣ ਜੇਕਰ ਪੰਜਾਬ ਦਾ ਨੁਕਸਾਨ ਹੁੰਦਾ ਹੈ ਤਾਂ ਦੇਸ਼ ਦਾ ਨੁਕਸਾਨ ਹੋਵੇਗਾ। ਸ੍ਰੀ ਜਿਆਣੀ ਨੇ ਕਿਹਾ ਕਿ ਰਾਜਸਥਾਨ ਵਿੱਚ ਪੰਜਾਬੀਆਂ ਦੇ ਜ਼ਮੀਨ ਖ਼ਰੀਦਣ ਉੱਤੇ ਪਾਬੰਦੀ ਵੱਡਾ ਧੋਖਾ ਹੈ।
ਸਟੇਜ ਸਕੱਤਰ ਦਾ ਫਰਜ਼ ਨਿਭਾਉਂਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਮੁੜ ਮੁੜ ਝੰਡੇ ਉਪਰ ਚੁਕਵਾ ਕੇ ਜੈਕਾਰੇ ਲਗਵਾਏ। ਰੈਲੀ ਨੂੰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਵੀ ਸੰਬੋਧਤ ਕੀਤਾ।
ਪੰਡਾਲ ਵਿੱਚ ਵੱਡੇ ਵੱਡੇ ਕੇਸਰੀ ਝੰਡਿਆਂ, ਬਾਦਲ ਦੇ ਕੱਟਆਊਟਾਂ ਤੇ ਤਖ਼ਤੀਆਂ ਉੱਤੇ ਐਸਵਾਈਐਲ ਅਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਰੈਲੀ ਨੂੰ ਅਕਾਲੀ ਰੰਗ ਵਿੱਚ ਰੰਗਣ ਦੀ ਰਣਨੀਤੀ ਦਾ ਹਿੱਸਾ ਸਨ। ਸਟੇਜ ਤੋਂ ਪੰਥਕ ਮੁਹਾਵਰੇ ਵਿੱਚ ਗੱਲ ਕਰਨ ਵਾਲੇ ਢਾਡੀ ਅਤੇ ਕਵੀਸ਼ਰੀਆਂ ਦੀ ਜਗ੍ਹਾ ਕੇ ਐਸ ਮੱਖਣ ਅਤੇ ਲਖਵਿੰਦਰ ਵਡਾਲੀ ਵਰਗੇ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕਰਨ ਦੀ ਜ਼ਿੰਮੇਵਾਰੀ ਨਿਭਾਈ। ਭਾਜਪਾ ਦਾ ਕੋਈ ਝੰਡਾ ਜਾਂ ਬੈਨਰ ਦੇਖਣ ਨੂੰ ਨਹੀਂ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੋਟੋ ਲਗਾਉਣ ਤੋਂ ਵੀ ਗੁਰੇਜ਼ ਕੀਤਾ ਗਿਆ। ਪੰਡਾਲ ਦੇ ਨਾਲ ਯੋਜਨਾਬੱਧ ਤਰੀਕੇ ਨਾਲ ਬੱਸਾਂ ਲਗਾ ਕੇ ਉਨ੍ਹਾਂ ਉੱਤੇ ਕਾਰਕੁਨਾਂ ਨੂੰ ਸਮੇਂ ਸਮੇਂ ਨਾਅਰੇਬਾਜ਼ੀ ਕਰ ਕੇ ਮਾਹੌਲ ਗਰਮਾਉਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ।
ਇਮਤਿਹਾਨਾਂ ਦੇ ਦਿਨ, ਬੱਸਾਂ ਰੈਲੀ ‘ਚ-21 ਸਕੂਲਾਂ ਵਿਚ ਛੁੱਟੀ :
ਬਰਨਾਲਾ/ਲੁਧਿਆਣਾ- ਰੈਲੀ ਕਾਰਨ 21 ਸਕੂਲਾਂ ਦੇ ਬੱਚੇ ਸਕੂਲ ਨਹੀਂ ਜਾ ਸਕੇ। ਸਕੂਲ ਬੱਸਾਂ ਰੈਲੀ ਲਈ ਲੈ ਗਈਆਂ ਸਨ। ਛੁੱਟੀ ਸਰਕਾਰੀ ਨਹੀਂ ਸੀ, ਪਰ ਹੁਕਮ ਸਰਕਾਰੀ ਸੀ। ਬਰਨਾਲਾ ਦੇ 12 ਅਤੇ ਲੁਧਿਆਣਾ ਦੇ 9 ਸਕੂਲਾਂ ਦੇ ਬੱਚੇ ਘਰ ਰਹੇ। ਡੀ.ਸੀ. ਨਾਲ ਮੀਟਿੰਗ ਦਾ ਹਵਾਲਾ ਦਿੰਦਿਆਂ 9 ਸਕੂਲਾਂ ਨੂੰ ਛੁੱਟੀ ਦਾ ਬਾਕਾਇਦਾ ਹੁਕਮ ਕੀਤਾ ਗਿਆਸੀ। ਬਾਵਜੂਦ ਇਸ ਦੇ ਲੁਧਿਆਣਾ ਤੋਂ ਕਈ ਬੱਸਾਂ ਖਾਲੀ ਹੀ ਗਈਆਂ।
ਪੰਜ ਹਜ਼ਾਰ ਕੁੱਲ ਗੱਡੀਆਂ…
200 ਬੱਸਾਂ ਪੀ.ਆਰ.ਟੀ.ਸੀ. ਤੇ ਰੋਡਵੇਜ਼ ਦੀਆਂ, 1200 ਬੱਸਾਂ ਨਿੱਜੀ ਸਨ। 3600 ਛੋਟੀਆਂ-ਵੱਡੀਆਂ ਸਕੂਲ ਬੱਸਾਂ ਲਈਆਂ ਗਈਆਂ ਸਨ।
ਕਰੀਬ ਤਿੰਨ ਕਰੋੜ ਦਾ ਖ਼ਰਚ…
50 ਲੱਖ ਰੁਪਏ ਦੋ ਸੌ ਏਕੜ ਜ਼ਮੀਨ ਦੇ ਚੁਕਾਏ ਜਾਣੇ ਹਨ, ਜਿੱਥੇ ਰੈਲੀ ਹੋਈ।
50 ਲੱਖ ਰੁਪਏ ਟੈਂਟ ਲਗਾਉਣ ਤੇ ਸਟੇਜ ਬਣਾਉਣ ‘ਤੇ, ਘੱਟੋ-ਘੱਟ ਕਿਰਾਇਆ ਲਿਆ ਤਾਂ ਵੀ।
150 ਕਰੋੜ ਰੁਪਏ 5000 ਗੱਡੀਆਂ ਦੇ ਕਿਰਾਏ-ਪੈਟਰੋਲ-ਡੀਜ਼ਲ ‘ਤੇ।
ਇਕ ਲੱਖ ਰੁਪਏ ਤਿੰਨ ਦਿਨ ਤਕ ਪ੍ਰਬੰਧਕਾਂ ਦੇ ਠਹਿਰਣ ਤੇ ਖਾਣ-ਪੀਣ ਦਾ ਖ਼ਰਚ।
ਇਸ ਵਿਚ ਪ੍ਰਚਾਰ ਤੇ ਇਸ਼ਤਿਹਾਰ ਦਾ ਖ਼ਰਚਾ ਸ਼ਾਮਲ ਨਹੀਂ ਹੈ।
ਕੈਪਟਨ ਬੋਲੇ-‘ਪਾਣੀ ਬਚਾਓ ਨਹੀਂ, ਬਾਦਲ ਬਚਾਓ’ ਰੈਲੀ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਮੋਗਾ ਰੈਲੀ ਨੂੰ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਵਜੋਂ ਖਾਰਜ ਕਰਦਿਆਂ ਇਸ ਨੂੰ ਬਾਦਲ ਬਚਾਓ ਰੈਲੀ ਕਰਾਰ ਦਿੱਤਾ ਹੈ। ਜਿਸ ਰਾਹੀਂ ਪਾਰਟੀ ਬੀਤੇ ਦਸ ਸਾਲ ਦੇ ਕੁਸ਼ਾਸਨ ਕਾਰਨ ਸੂਬੇ ਵਿਚ ਖੋ ਚੁੱਕੀ ਭਰੋਸੇਯੋਗਤਾ ਨੂੰ ਲੈ ਕੇ ਰੋ ਰਹੀ ਸੀ। ਉਨ੍ਹਾਂ ਕਿਹਾ, ਰੈਲੀ ਸਥਾਨ ‘ਤੇ ਲਲਚਾ ਦੇ ਕੇ ਤੇ ਧਮਕਾ ਕੇ ਕਿਰਾਏ ‘ਤੇ ਵਰਕਰਾਂ ਤੇ ਭੀੜ ਨੂੰ ਲਿਆਉਣਾ ਸਿੱਧ ਕਰਦਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਮੁੱਦਾ ਤੋਂ ਕੋਰੀ ਹੈ ਤੇ ਸਾਫ਼ ਤੌਰ ‘ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਰੀ ਹਾਰ ਸਾਹਮਣੇ ਦੇਖ ਕੇ ਖੁਦ ਨੂੰ ਬਚਾਉਣ ਦੀ ਮੁਦਰਾ ਵਿਚ ਪਹੁੰਚ ਚੁੱਕੀ ਹੈ। ਕੈਪਟਨ ਨੇ ਕਿਹਾ, ‘ਬਾਦਲ ਖੁੱਲ੍ਹੇਆਮ ਪ੍ਰਸ਼ਾਸਨਿਕ ਮਸ਼ੀਨਰੀ ਤੇ ਸਰਕਾਰੀ ਫੰਡਾਂ ਦੀ ਵਰਤੋਂ ਕਰਦੇ ਹੋਏ ਇਸਰੈਲੀ ਰਾਹੀਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਸਨ।
Comments (0)