ਬੇਬੇ ਮਾਨ ਕੌਰ ਨੇ ਸਕਾਈ ਟਾਵਰ ਦਾ ਗੇੜਾ ਕੱਟ ਕੇ ਨਵਾਂ ਮਾਅਰਕਾ ਮਾਰਿਆ

ਬੇਬੇ ਮਾਨ ਕੌਰ ਨੇ ਸਕਾਈ ਟਾਵਰ ਦਾ ਗੇੜਾ ਕੱਟ ਕੇ ਨਵਾਂ ਮਾਅਰਕਾ ਮਾਰਿਆ

ਜੈਵਲਿਨ ਸੁੱਟ ਕੇ ਗਿੰਨੀਜ਼ ਵਿਸ਼ਵ ਰਿਕਾਰਡ ਵੀ ਤੋੜਿਆ
ਆਕਲੈਂਡ/ਬਿਊਰੋ ਨਿਊਜ਼ :
‘ਚੰਡੀਗੜ੍ਹ ਦੇ ਕ੍ਰਿਸ਼ਮੇ’ ਵਜੋਂ ਜਾਣੀ ਜਾਂਦੀ 101 ਵਰ੍ਹਿਆਂ ਦੀ ਅਥਲੀਟ ਮਾਨ ਕੌਰ ਨੇ ਆਕਲੈਂਡ ਦੇ ਮਸ਼ਹੂਰ ਸਥਾਨ ਸਕਾਈ ਟਾਵਰ ਦਾ ਗੇੜਾ ਕੱਟ ਕੇ ਨਵਾਂ ਮਾਅਰਕਾ ਮਾਰ ਲਿਆ ਹੈ। ਉਹ ਇਹ ਕਾਰਨਾਮਾ ਕਰਨ ਵਾਲੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ ਹੈ। ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਚੱਲ ਰਹੀਆਂ ਵਿਸ਼ਵ ਮਾਸਟਰਜ਼ ਖੇਡਾਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਤੋਂ ਬਾਅਦ ਵੀਰਵਾਰ ਨੂੰ ਉਸ ਨੇ ਆਕਲੈਂਡ ਸ਼ਹਿਰ ਦੇ 192 ਮੀਟਰ ਉਪਰ ਸਕਾਈ ਵਾਕ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੇਬੇ ਮਾਨ ਕੌਰ ਨੇ ਆਪਣੇ 79 ਵਰ੍ਹਿਆਂ ਦੇ ਪੁੱਤਰ ਗੁਰਦੇਵ ਸਿੰਘ ਦਾ ਹੱਥ ਫੜ ਕੇ ਸਿਟੀ ਸੈਂਟਰ ਦੇ ਉੱਚੇ ਪਲੈਟਫਾਰਮ ‘ਤੇ ਕਦਮ ਪੁੱਟੇ। ਮਾਨ ਕੌਰ ਨੇ ਕਿਹਾ,”ਹਰੇਕ ਨੂੰ ਸਕਾਈ ਸਿਟੀ ਦਾ ਦੌਰਾ ਕਰ ਕੇ ਇਥੋਂ ਦੇ ਗੇੜੇ ਲਾਉਣੇ ਚਾਹੀਦੇ ਹਨ।” ਉਨ੍ਹਾਂ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਅਤੇ 200 ਮੀਟਰ ਦੀਆਂ ਦੌੜਾਂ ਦੇ ਨਾਲ ਨਾਲ ਗੋਲਾ ਸੁੱਟਣ ਤੇ ਜੈਵਲਿਨ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ। ਆਪਣੇ ਆਖਰੀ ਮੁਕਾਬਲੇ ਵਿਚ ਮਾਨ ਕੌਰ ਨੇ 5.12 ਮੀਟਰ ਜੈਵਲਿਨ ਸੁੱਟ ਕੇ ਗਿੰਨੀਜ਼ ਵਿਸ਼ਵ ਰਿਕਾਰਡ ਤੋੜ ਦਿੱਤਾ। ਉਨ੍ਹਾਂ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਖੇਡਾਂ ਵਿਚ ਆਪਣੇ ਸੋਨੇ ਦੇ ਤਮਗਿਆਂ ਦੀ ਸੂਚੀ ਚਾਰ ਕਰ ਲਈ ਹੈ।