ਮੋਦੀ ਸਰਕਾਰ ਦੀ ਸਦਨ ਚਲਾਉਣ ਵਿਚ ਕੋਈ ਰੁਚੀ ਨਹੀਂ : ਅਡਵਾਨੀ
ਕੈਪਸ਼ਨ-ਭਾਜਪਾ ਸੰਸਦੀ ਦਲ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ (89) ਨੇ ਲੋਕ ਸਭਾ ਦੀ ਕਾਰਵਾਈ ਚਲਾਉਣ ਦੇ ਤਰੀਕੇ ‘ਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਸਪੀਕਰ ਅਤੇ ਨਾ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਸਦਨ ਨੂੰ ਚਲਾਉਣ ਵਿਚ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਇਹ ਜਾਣਨਾ ਚਾਹਿਆ ਕਿ ਸਦਨ ਨੂੰ ਚਲਾ ਕੌਣ ਰਿਹਾ ਹੈ? ਸਦਨ ਵਿਚ ਹੰਗਾਮੇ ਦੌਰਾਨ ਸ੍ਰੀ ਅਡਵਾਨੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੂੰ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਸੁਣੇ ਗਏ। ਉਨ੍ਹਾਂ ਕਿਹਾ, ”ਮੈਂ ਸਪੀਕਰ ਨੂੰ ਦੱਸਣ ਜਾ ਰਿਹਾ ਹਾਂ ਕਿ ਉਹ ਸਦਨ ਨਹੀਂ ਚਲਾ ਰਹੇ ਅਤੇ ਜਨਤਕ ਤੌਰ ‘ਤੇ ਵੀ ਬਿਆਨ ਦੇਵਾਂਗਾ। ਤੁਸੀਂ ਦੋਵੇਂ ਜਣੇ ਇਸ ਲਈ ਜ਼ਿੰਮੇਵਾਰ ਹੋ।” ਵਿਰੋਧੀ ਧਿਰ ਨੂੰ ਵੀ ਹੰਗਾਮੇ ਅਤੇ ਸਦਨ ਨੂੰ ਠੱਪ ਕਰਨ ਲਈ ਉਨ੍ਹਾਂ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਇਕ ਮੈਂਬਰ ਤੋਂ ਪੁੱਛਿਆ ਕਿ ਸਦਨ ਨੂੰ ਕਦੋਂ ਤਕ ਲਈ ਮੁਲਤਵੀ ਕੀਤਾ ਗਿਆ ਹੈ ਤਾਂ ਉਸ ਨੇ ਦੱਸਿਆ ਕਿ ਇਹ ਦੁਪਹਿਰ ਦੇ ਭੋਜਨ ਲਈ ਮੁਲਤਵੀ ਹੋਇਆ ਹੈ। ਇਸ ‘ਤੇ ਸ੍ਰੀ ਅਡਵਾਨੀ ਨੇ ਸਵਾਲ ਕੀਤਾ ਕਿ ਪੂਰੇ ਦਿਨ ਲਈ ਸਦਨ ਕਿਉਂ ਨਹੀਂ ਉਠਾਇਆ ਗਿਆ? ਸ੍ਰੀ ਅੰਨਤ ਕੁਮਾਰ ਉਨ੍ਹਾਂ ਨੂੰ ਸ਼ਾਂਤ ਕਰਨ ਦੇ ਯਤਨ ਕਰਦੇ ਨਜ਼ਰ ਆਏ। ਬਾਅਦ ਵਿਚ ਮੰਤਰੀ ਨੇ ਦਾਅਵਾ ਕੀਤਾ ਕਿ ਸ੍ਰੀ ਅਡਵਾਨੀ ਵਿਰੋਧੀ ਧਿਰ ਦੇ ਰਵਈਏ ਤੋਂ ਖ਼ਫ਼ਾ ਸਨ। ਸ੍ਰੀ ਅਨੰਤ ਕੁਮਾਰ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਐਸ ਐਸ ਆਹਲੂਵਾਲੀਆ ਭਾਜਪਾ ਦੇ ‘ਮਾਰਗ ਦਰਸ਼ਕ’ ਵਜੋਂ ਜਾਣੇ ਜਾਂਦੇ ਸ੍ਰੀ ਅਡਵਾਨੀ ਨੂੰ ਉਨ੍ਹਾਂ ਦੀ ਕਾਰ ਤਕ ਛੱਡਣ ਲਈ ਵੀ ਆਏ
ਨੋਟਬੰਦੀ ਨੇ ‘ਜਨਸ਼ਕਤੀ’ ਨੂੰ ਉਭਾਰਿਆ : ਮੋਦੀ
ਨਵੀਂ ਦਿੱਲੀ : ਨੋਟਬੰਦੀ ਨੂੰ ਲੋਕਾਂ ਦੀ ਹਮਾਇਤ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ ਦੇ ਇਸ ਫ਼ੈਸਲੇ ਨੇ ‘ਜਨਸ਼ਕਤੀ’ ਨੂੰ ਉਭਾਰਿਆ ਹੈ। ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਮੋਦੀ ਨੇ ਕਿਹਾ ਕਿ ਰਾਜ ਸਭਾ ਵਿੱਚ ਦੋ ਵਾਰ ਉਨ੍ਹਾਂ ਦੀ ਮੌਜੂਦਗੀ ਦੇ ਬਾਵਜੂਦ ਵਿਰੋਧੀ ਖੇਮੇ ਵੱਲੋਂ ਬਹਿਸ ਲਈ ਤਿਆਰ ਨਾ ਹੋਣ ਨੇ ਇਨ੍ਹਾਂ ਪਾਰਟੀਆਂ ਦੀ ‘ਪੋਲ ਖੋਲ੍ਹ’ ਕੇ ਰੱਖ ਦਿੱਤੀ ਹੈ। ਇਥੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੰਸਦ ਵਿੱਚ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਕਈ ਫ਼ੈਸਲਿਆਂ, ਜਿਨ੍ਹਾਂ ਕਾਰਨ ਸਮਾਜਿਕ ਤਣਾਅ ਤੇ ਟਕਰਾਅ ਵਾਲੇ ਹਾਲਾਤ ਬਣੇ ਹਨ, ‘ਤੇ ਬਹਿਸ ਹੁੰਦੀ ਰਹੀ ਹੈ, ਪਰ ਵਿਰੋਧੀ ਪਾਰਟੀਆਂ ਨੋਟਬੰਦੀ ਵਰਗੇ ਵੱਡੇ ਸੁਧਾਰ ‘ਤੇ ਬਹਿਸ ਲਈ ਤਿਆਰ ਨਹੀਂ। ਮੀਟਿੰਗ ਨੂੰ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਵੀ ਸੰਬੋਧਨ ਕੀਤਾ।
ਨੋਟਬੰਦੀ ਦੇ ਮੁੱਦੇ ‘ਤੇ ਹਾਲੇ ਤਕ ਸੰਸਦ ਦੀ ਕਾਰਵਾਈ ਠੱਪ ਹੈ। ਲੋਕ ਸਭਾ ਅਤੇ ਰਾਜ ਸਭਾ ਵਿਚ ਹੁਕਮਰਾਨ ਧਿਰ ਵੱਲੋਂ ਬਹਿਸ ਸ਼ੁਰੂ ਕਰਾਉਣ ਦੀਆਂ ਕੋਸ਼ਿਸ਼ਾਂ ਵਿਰੋਧੀ ਧਿਰ ਨੇ ਨਾਕਾਮ ਕਰ ਦਿੱਤੀਆਂ। ਲੋਕ ਸਭਾ ਵਿਚ ਸ਼ੋਰ ਸ਼ਰਾਬਾ ਹੋਣ ਕਰ ਕੇ ਸਦਨ ਦੀ ਕਾਰਵਾਈ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਅਤੇ ਫਿਰ ਦਿਨ ਭਰ ਲਈ ਉਠਾ ਦਿੱਤਾ ਗਿਆ। ਇਸ ਕਾਰਨ ਲੋਕ ਸਭਾ ਵਿਚ ਸੂਚੀਬੱਧ ਕਈ ਬਿਲ ਪਾਸ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਵਿਚ ਹਾਜ਼ਰ ਸਨ, ਪਰ ਹੰਗਾਮੇ ਕਾਰਨ ਉਹ ਸਦਨ ਤੋਂ ਉੱਠ ਕੇ ਚਲੇ ਗਏ।
Comments (0)