ਅੰਮਾ ਦੇ ਦੇਹਾਂਤ ਨਾਲ ਸ਼ੋਕ ਵਿਚ ਡੁੱਬਿਆ ਤਾਮਿਲ ਨਾਡੂ
ਐਮ.ਜੀ.ਆਰ. ਮੈਮੋਰੀਅਲ ਨੇੜੇ ਕੀਤਾ ਅੰਤਿਮ ਸਸਕਾਰ
ਪਨੀਰਸੇਲਵਮ ਨੇ ਸੰਭਾਲੀ ਸੂਬੇ ਦੀ ਕਮਾਂਡ
ਚੇਨਈ/ਬਿਊਰੋ ਨਿਊਜ਼ :
ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ (68) ਦਾ ਇਥੇ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ 74 ਦਿਨਾਂ ਤੋਂ ਹਸਪਤਾਲ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ। ਉਨ੍ਹਾਂ ਦੀ ਮੌਤ ‘ਤੇ ਤਾਮਿਲਨਾਡੂ ਵਿਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਇਕ ਦਿਨ ਦਾ ਕੌਮੀ ਸੋਗ ਐਲਾਨਿਆ ਗਿਆ ਹੈ। ਸੋਗ ਵਜੋਂ ਤਿੰਨ ਦਿਨ ਤਾਮਿਲਨਾਡੂ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਜੈਲਲਿਤਾ ਦੀ ਮੌਤ ਤੋਂ ਬਾਅਦ ਪਾਰਟੀ ਨੇ ਓ. ਪਨੀਰਸੇਲਵਮ ਨੂੰ ਅੰਨਾਡੀਐਮਕੇ ਦਾ ਨਵਾਂ ਮੁਖੀ ਥਾਪ ਦਿੱਤਾ ਅਤੇ ਉਨ੍ਹਾਂ ਮੁੱਖ ਮੰਤਰੀ
ਵਜੋਂ ਹਲਫ਼ ਲੈ ਲਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਮਰੀਨਾ ਬੀਚ ‘ਤੇ ਐਮ.ਜੀ.ਆਰ. ਮੈਮੋਰੀਅਲ ਨੇੜੇ ਕੀਤਾ ਗਿਆ। ਅੰਨਾਡੀਐਮਕੇ ਦੇ ਬਾਨੀ ਸੁਰੂਥੁਰ ਗੋਪਾਲਨ ਰਾਮਚੰਦਰਨ (ਐਮ.ਜੀ.ਆਰ.) ਨਾਲ ਜੈਲਲਿਤਾ ਦੀਆਂ ਕਾਫ਼ੀ ਨਜ਼ਦੀਕੀਆਂ ਸਨ। ਫ਼ਿਲਮਾਂ ਤੋਂ ਲੈ ਕੇ ਸਿਆਸਤ ਤਕ ਦੋਹਾਂ ਦਾ ਸਾਥ ਰਿਹਾ। ਐਮ.ਜੀ.ਆਰ. ਹੀ ਉਨ੍ਹਾਂ ਨੂੰ ਸਿਆਸਤ ਵਿਚ ਲੈ ਕੇ ਆਏ ਸਨ। ਅੰਮਾ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਸਿਆਸਤ, ਫ਼ਿਲਮੀ ਹਸਤੀਆਂ ਪੁੱਜੀਆਂ।
24 ਫਰਵਰੀ 1948 ਨੂੰ ਜਨਮੀ ਜੈਲਲਿਤਾ ਜੋ ਆਪਣੇ ਪ੍ਰਸੰਸਕਾਂ ਵਿੱਚ ‘ਅੰਮਾ’ ਵਜੋਂ ਮਸ਼ਹੂਰ ਸੀ, ਨੇ ਫਿਲਮ ਜਗਤ ਤੋਂ ਬਾਅਦ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਪੰਜ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਉਸ ਨੇ 70ਵਿਆਂ ਦੇ ਅਖ਼ੀਰ ਵਿਚ ਸਿਆਸਤ ਵਿਚ ਪ੍ਰਵੇਸ਼ ਕੀਤਾ ਜਦੋਂ ਐਮਜੀ ਰਾਮਚੰਦਰਨ ਸੂਬੇ ਦੇ ਮੁੱਖ ਮੰਤਰੀ ਸਨ। 1982 ਵਿਚ ਉਹ ਰਾਮਚੰਦਰਨ ਵੱਲੋਂ ਬਣਾਈ ਅੰਨਾਡੀਐਮਕੇ ਵਿਚ ਸ਼ਾਮਲ ਹੋ ਗਈ ਸੀ। ਅੰਗਰੇਜ਼ੀ ਦੀ ਮੁਹਾਰਤ ਕਰਕੇ ਰਾਮਚੰਦਰਨ ਚਾਹੁੰਦੇ ਸਨ ਕਿ ਉਸ ਨੂੰ ਰਾਜ ਸਭਾ ਭੇਜਿਆ ਜਾਵੇ ਅਤੇ 1984 ਵਿੱਚ ਉਸ ਦੀ ਚੋਣ ਰਾਜ ਸਭਾ ਮੈਂਬਰ ਵਜੋਂ ਹੋਈ। 1984 ਵਿੱਚ ਜਦੋਂ ਰਾਮਚੰਦਰਨ ਅਚਾਨਕ ਬਿਮਾਰ ਹੋਏ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਮੁੱਖ ਰੂਪ ਵਿਚ ਉਭਰਿਆ ਸੀ। 1987 ਵਿਚ ਐਮਜੀ ਰਾਮਚੰਦਰਨ ਦੀ ਮੌਤ ਤੋਂ ਬਾਅਦ ਪਾਰਟੀ ਦੀ ਅਗਵਾਈ ਨੂੰ ਲੈ ਕੇ ਬੜਾ ਕਲੇਸ਼ ਪਿਆ ਅਤੇ ਪਾਰਟੀ ਦੋਫਾੜ ਹੋ ਗਈ। ਉਸ ਵੇਲੇ ਇਕ ਧੜੇ ਦੀ ਅਗਵਾਈ ਰਾਮਚੰਦਰਨ ਦੀ ਪਤਨੀ ਜਾਨਕੀ ਅਤੇ ਦੂਜੇ ਧੜੇ ਦੀ ਅਗਵਾਈ ਜੈਲਲਿਤਾ ਨੇ ਕੀਤੀ। ਛੇਤੀ ਹੀ ਆਪਣੀ ਸ਼ਖ਼ਸੀਅਤ ਦੇ ਸਿਰ ‘ਤੇ ਉਸ ਨੇ ਆਪਣੀ ਪਾਰਟੀ ਵਿੱਚ ਨਵੀਂ ਰੂਹ ਫੂਕ ਦਿੱਤੀ ਅਤੇ 1990 ਤਕ ਪੁੱਜਦਿਆਂ ਉਸ ਨੇ ਪਾਰਟੀ ਵਿਚ ਏਕਾ ਵੀ ਕਰਵਾ ਲਿਆ। ਇਸ ਤੋਂ ਬਾਅਦ 1991 ਵਿੱਚ ਹੋਈਆਂ ਚੋਣਾਂ ਦੌਰਾਨ ਉਸ ਦੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਅਤੇ ਉਹ ਪਹਿਲੀ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਐਮਜੀ ਰਾਮਚੰਦਰਨ ਅਤੇ ਜੈਲਲਿਤਾ ਨੇ ਇਕੱਠਿਆਂ 28 ਫਿਲਮਾਂ ਵਿਚ ਕੰਮ ਕੀਤਾ।
ਇਸ ਤੋਂ ਪਹਿਲਾਂ ਅਪੋਲੋ ਹਸਪਤਾਲ ਵਿੱਚ ਜੈਲਲਿਤਾ ਨੂੰ ਈਸੀਐਮਓ (ਐਕਸਟਰਾਕੋਰਪੋਰੀਅਲ ਮੈਂਬਰੇਨ ਔਕਸੀਜੀਨੇਸ਼ਨ) ਪ੍ਰਣਾਲੀ ‘ਤੇ ਰੱਖਿਆ ਗਿਆ ਸੀ, ਜਿਸ ਦੀ ਵਰਤੋਂ ਦਿਲ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਰੋਗੀ ਲਈ ਕੀਤੀ ਜਾਂਦੀ ਹੈ।
Comments (0)