ਸਿੱਖ ਕਤਲੇਆਮ : ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਰੱਖਿਅਤ

ਸਿੱਖ ਕਤਲੇਆਮ : ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਰੱਖਿਅਤ

ਨਵੀਂ ਦਿੱਲੀ/ਬਿਊਰੋ ਨਿਊਜ਼ :
1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਦਿੱਲੀ ਦੀ ਦੁਆਰਕਾ ਅਦਾਲਤ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1984 ਸਿੱਖ ਕਤਲੇਆਮ ਦੇ ਮਾਮਲੇ ‘ਤੇ ਕੀਤੀ ਗਈ ਕਾਨੂੰਨੀ ਕਾਰਵਾਈ ਕਾਰਨ ਕਥਿਤ ਕਾਤਲਾਂ ਵਿਚ ਡਰ ਦਾ ਮਾਹੌਲ ਹੈ। ਦਿੱਲੀ ਕਮੇਟੀ ਵਲੋਂ ਐੱਸ.ਆਈ.ਟੀ. ‘ਤੇ ਬਣਾਏ ਗਏ ਚਹੁਪੱਖੀ ਦਬਾਅ ਤੋਂ ਬਾਅਦ ਸੱਜਣ ਕੁਮਾਰ ਨੂੰ ਐੱਸ.ਆਈ.ਟੀ. ਨੇ 2 ਨੋਟਿਸ ਭੇਜ ਕੇ ਪੁੱਛਗਿੱਛ ਲਈ ਪਹਿਲਾਂ ਸੱਦਿਆ ਸੀ। ਜਨਕਪੁਰੀ ਥਾਣੇ ਵਿਚ ਦਰਜ 1 ਨਵੰਬਰ 1984 ਦੀ ਘਟਨਾ ਮੁਤਾਬਕ ਸੋਹਨ ਸਿੰਘ ਤੇ ਉਸ ਦੇ ਪੁੱਤਰ ਅਵਤਾਰ ਸਿੰਘ ਦੇ ਕਤਲ ਵਿਚ ਸੱਜਣ ਕੁਮਾਰ ਦਾ ਹੱਥ ਸੀ। ਐੱਸ.ਆਈ.ਟੀ. ਦੇ ਸਾਹਮਣੇ ਤੀਜੇ ਸੰਮਨ ਵਿਚ ਪੇਸ਼ ਹੋਣ ਤੋਂ ਪਹਿਲਾਂ ਆਪਣੀਆਂ ਗ੍ਰਿਫਤਾਰੀਆਂ ਨੂੰ ਦੇਖਦਿਆਂ ਸੱਜਣ ਕੁਮਾਰ ਨੇ ਜ਼ਮਾਨਤ ਲਈ ਪਟੀਸ਼ਨ ਦਰਜ ਕਰਵਾ ਦਿੱਤੀ ਹੈ, ਜਿਸ ‘ਤੇ ਜੱਜ ਵਿਕਾਸ ਦੁਲ ਦੀ ਅਦਾਲਤ ਨੇ ਮੰਗਲਵਾਰ ਨੂੰ ਸੁਣਵਾਈ ਕਰਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ ਹੈ।