ਖੱਬੇ ਪੱਖੀਆਂ ਦੇ ਦਿਲਾਂ ਦੀਆਂ ਰਮਜ਼ਾਂ ਬੁੱਝਣ ਲੱਗੇ ਸੁਖਬੀਰ ਬਾਦਲ

ਖੱਬੇ ਪੱਖੀਆਂ ਦੇ ਦਿਲਾਂ ਦੀਆਂ ਰਮਜ਼ਾਂ ਬੁੱਝਣ ਲੱਗੇ ਸੁਖਬੀਰ ਬਾਦਲ

ਬਠਿੰਡਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਸੰਭਾਵਨਾ ਟੋਲ੍ਹਦੇ ਨਜ਼ਰ ਆ ਰਹੇ ਹਨ। ਉਪ ਮੁੱਖ ਮੰਤਰੀ ਨੇ ਕਮਿਊਨਿਸਟਾਂ ਵਿੱਚ ਪੂਰੀ ਦਿਲਚਸਪੀ ਦਿਖਾਈ, ਜਿਸ ਨੇ ਸਿਆਸੀ ਹਲਕੇ ਅਚੰਭੇ ਵਿੱਚ ਪਾ ਦਿੱਤੇ ਹਨ। ਸ੍ਰੀ ਬਾਦਲ ਨੇ ਸੀਪੀਆਈ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੂੰ ਸਿਆਸੀ ਨਜ਼ਰੀਏ ਤੋਂ ਟੋਹਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਚਰਨਜੀਤ ਸਿੰਘ ਮਲੂਕਾ ਨਮਿਤ ਸ਼ਰਧਾਂਜਲੀ ਸਮਾਗਮ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਵਜ਼ੀਰ ਬਿਕਰਮ ਸਿੰਘ ਮਜੀਠੀਆ ਤੇ ਹਰਦੇਵ ਅਰਸ਼ੀ ਪੁੱਜੇ ਹੋਏ ਸਨ। ਜਦੋਂ ਸਮਾਗਮ ਖਤਮ ਹੋਇਆ ਤਾਂ ਸ੍ਰੀ ਬਾਦਲ ਅਤੇ ਹਰਦੇਵ ਅਰਸ਼ੀ ਲੰਗਰ ਵਾਲੀ ਜਗ੍ਹਾ ਆਪਸ ਵਿੱਚ ਮਿਲੇ। ਜਦੋਂ ਸ੍ਰੀ ਅਰਸ਼ੀ ਉਥੋਂ ਚਲੇ ਗਏ ਤਾਂ ਸੁਖਬੀਰ ਬਾਦਲ ਨੇ ਸ੍ਰੀ ਅਰਸ਼ੀ ਨੂੰ ਬੁਲਾਉਣ ਵਾਸਤੇ ਯੂਥ ਅਕਾਲੀ ਆਗੂ ਭੇਜ ਦਿੱਤੇ। ਇਸ ਮਗਰੋਂ ਸ੍ਰੀ ਬਾਦਲ ਅਤੇ ਹਰਦੇਵ ਅਰਸ਼ੀ ਵਿਚਾਲੇ ਕਰੀਬ ਪੰਦਰਾਂ ਮਿੰਟ ਗੱਲਬਾਤ ਹੋਈ। ਇਸ ਮੌਕੇ ਮੀਟਿੰਗ ਵਾਲੇ ਕਮਰੇ ਵਿੱਚ ਪ੍ਰਮੁੱਖ ਸਕੱਤਰ ਮਨਵੇਸ਼ ਸਿੱਧੂ ਇੱਕ ਪਾਸੇ ਖੜ੍ਹੇ ਸਨ। ਸੁਰੱਖਿਆ ਗਾਰਦਾਂ ਨੇ ਮੀਟਿੰਗ ਦੌਰਾਨ ਹੋਰ ਕਿਸੇ ਵੀ ਆਗੂ ਨੂੰ ਕਮਰੇ ਵਿੱਚ ਨਹੀਂ ਜਾਣ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਵੀ ਸ੍ਰੀ ਅਰਸ਼ੀ ਨਾਲ ਮੁਲਾਕਾਤ ਕਰਨ ਵਿੱਚ ਦਿਲਚਸਪੀ ਦਿਖਾਈ ਅਤੇ ਕਾਫ਼ੀ ਸਮਾਂ ਗੱਲਬਾਤ ਕੀਤੀ। ਯੂਥ ਅਕਾਲੀ ਦਲ ਦੇ ਇੱਕ ਨੇਤਾ ਨੇ ਆਖਿਆ ਕਿ ਲੰਗਰ ਦੌਰਾਨ ਦੋਵੇਂ ਆਗੂ ਮਿਲੇ ਜ਼ਰੂਰ ਸਨ ਪਰ ਗੱਲਬਾਤ ਬਾਰੇ ਪਤਾ ਨਹੀਂ ਹੈ। ਸੀਪੀਆਈ ਦੇ ਸਕੱਤਰ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਸਮਾਗਮਾਂ ਮਗਰੋਂ ਮਿਲੇ ਜ਼ਰੂਰ ਸਨ ਪਰ ਕੋਈ ਸਿਆਸੀ ਗੱਲ ਨਹੀਂ ਹੋਈ ਹੈ। ਗ਼ੈਰ-ਰਸਮੀ ਤੌਰ ‘ਤੇ ਪਰਿਵਾਰਕ ਗੱਲਬਾਤ ਹੀ ਹੋਈ ਹੈ।
ਸੀਪੀਆਈ ਦੀ ਕਾਂਗਰਸ ਨਾਲ ਗੱਲਬਾਤ ਰੁਕੀ
ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਨੇ ਪਾਰਟੀ ਮੈਂਬਰਾਂ ਦੀ ਰਾਇ ਦੇ ਮੱਦੇਨਜ਼ਰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਚੱਲ ਰਹੀ ਗੱਲਬਾਤ ਰੋਕਣ ਦਾ ਫ਼ੈਸਲਾ ਕੀਤਾ ਹੈ। ਚੋਣਾਂ ਵਿੱਚ ਗਠਜੋੜ ਬਾਰੇ ਆਖ਼ਰੀ ਫ਼ੈਸਲਾ ਕੇਂਦਰੀ ਲੀਡਰਸ਼ਿਪ ਦੀ ਸਲਾਹ ਨਾਲ ਲਿਆ ਜਾਵੇਗਾ। ਸੀਪੀਆਈ ਪੰਜਾਬ ਦੇ ਸਕੱਤਰ ਹਰਦੇਵ ਅਰਸ਼ੀ ਵੱਲੋਂ ਜਾਰੀ ਬਿਆਨ ਅਨੁਸਾਰ ਸੂਬਾ ਕੌਂਸਲ ਵੱਲੋਂ ਪਾਸ ਕੀਤੇ ਪੰਜ ਨੁਕਤਿਆਂ ਮੁਤਾਬਕ ਸੀਪੀਆਈ ਦੂਜੀਆਂ ਪਾਰਟੀਆਂ ਖ਼ਾਸ ਕਰਕੇ ਖੱਬੀਆਂ ਪਾਰਟੀਆਂ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਖੋਜੇਗੀ ਅਤੇ ਪਾਰਟੀ ਵੱਲੋਂ ਲੜੀਆਂ ਜਾਣ ਵਾਲੀਆਂ ਸੀਟਾਂ ਦੀ ਪਹਿਲੀ ਸੂਚੀ ਛੇਤੀ ਜਾਰੀ ਕਰੇਗੀ।