ਤੁਰਕੀ ਵਿਚ ਰੂਸ ਦੇ ਰਾਜਦੂਤ ਦੀ ਗੋਲੀ ਮਾਰ ਕੇ ਹਤਿਆ

ਤੁਰਕੀ ਵਿਚ ਰੂਸ ਦੇ ਰਾਜਦੂਤ ਦੀ ਗੋਲੀ ਮਾਰ ਕੇ ਹਤਿਆ

ਪੁਲੀਸ ਵਾਲੇ ਨੇ ਗੋਲੀ ਮਾਰ ਕੇ ਲਾਇਆ ਨਾਅਰਾ-ਅਲੈਪੋ ਨੂੰ ਨਾ ਭੁਲੋ
ਟਰੰਪ ਬੋਲੇ-ਕੱਟੜਵਾਦੀ ਇਸਲਾਮੀ ਅਤਿਵਾਦ ਜ਼ਿੰਮੇਵਾਰ
ਇਸਾਂਤਬੁਲ/ਬਿਊਰੋ ਨਿਊਜ਼ :
ਤੁਰਕੀ ਵਿਚ ਰੂਸ ਦੇ ਰਾਜਦੂਤ ਆਂਦਰੇਈ ਕਾਲਰੇਵ ਦੀ ਅੰਕਾਰਾ ਵਿਚ ਬੰਦੂਕਧਾਰੀ ਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ। ਕਾਲਰੇਵ ਜਦੋਂ ਦੇਸ਼ ਦੀ ਰਾਜਧਾਨੀ ਅੰਕਾਰਾ ਵਿਚ ਇਕ ਕਲਾ ਪ੍ਰਦਰਸ਼ਨੀ ਦੇਖਣ ਗਏ ਸਨ, ਤਾਂ ਉਨ੍ਹਾਂ ‘ਤੇ ਇਹ ਹਮਲਾ ਹੋਇਆ। ਕਾਲਰੇਵ ਹਮਲੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਬਾਅਦ ਵਿਚ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲੀਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ। ਅੰਕਾਰਾ ਦੇ ਮੇਅਰ ਨੇ ਬੰਦੂਕਧਾਰੀ ਦੀ ਪਛਾਣ ਤੁਰਕੀ ਦੇ ਪੁਲੀਸ ਅਧਿਕਾਰੀ ਮੇਵਰੂਤ ਮਰਟ ਵਜੋਂ ਕੀਤੀ ਹੈ। ਇਹ ਘਟਨਾ ਉਥੇ ਮੌਜੂਦ ਕੈਮਰਾਮੈਨ ਦੇ ਕੈਮਰੇ ਵਿਚ ਕੈਦ ਹੋ ਗਈ। ਹਮਲਾਵਰ ਨੇ ‘ਅਲਾਹੂ ਅਕਬਰ’ ਦੇ ਨਾਅਰੇ ਵੀ ਲਾਏ। ਕਿਹਾ ਜਾ ਰਿਹਾ ਹੈ ਕਿ ਉਹ ਡਿਊਟੀ ‘ਤੇ ਨਹੀਂ ਸੀ। ਮਰਟ ਨੇ ਆਰਟ ਗੈਲਰੀ ਵਿਚ ਦਾਖ਼ਲ ਹੋਣ ਲਈ ਆਪਣੀ ਆਈ.ਡੀ. ਦਾ ਇਸਤੇਮਾਲ ਕੀਤਾ ਸੀ।
ਮੌਕੇ ‘ਤੇ ਮੌਜੂਦ ਇਕ ਵਿਅਕਤੀ ਅਨੁਸਾਰ, ‘ਹਮਲਾਵਰ ਨੇ ਆਪਣੀ ਬੰਦੂਕ ਬਾਹਰ ਕੱਢੀ ਤੇ ਰਾਜਦੂਤ ਨੂੰ ਪਿਛੋਂ ਗੋਲੀ ਮਾਰ ਦਿੱਤੀ। ਅਸੀਂ ਉਨ੍ਹਾਂ ਨੂੰ ਜ਼ਮੀਨ ‘ਤੇ ਡਿਗਦਿਆਂ ਦੇਖਿਆ ਤੇ ਉਸ ਮਗਰੋਂ ਅਸੀਂ ਉਥੋਂ ਭੱਜ ਨਿਕਲੇ।’ ਇਕ ਵੀਡੀਓ ਵਿਚ ਦਿਖਿਆ ਕਿ ਹਮਲਾਵਰ ਚੀਖ਼ ਰਿਹਾ ਸੀ-‘ਅਲੈਪੋ ਨੂੰ ਨਾ ਭੁਲੋ, ਸੀਰੀਆ ਨੂੰ ਨਾ ਭੁਲੋ।’ ਮਾਸਕੋ ਵਿਚ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜਖ਼ਾਰੋਵਾ ਨੇ ਕਿਹਾ, ‘ਅੰਕਾਰਾ ਵਿਚ ਇਕ ਹਮਲੇ ਵਿਚ ਰੂਸੀ ਰਾਜਦੂਤ ਆਂਦਰੇਈ ਕਾਲਰੇਵ ਜ਼ਖ਼ਮੀ ਹੋ ਗਏ ਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।’ ਤਰਜਮਾਨ ਨੇ ਕਿਹਾ, ‘ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਚੁੱਕਿਆ ਜਾਵੇਗਾ। ਅਤਿਵਾਦ ਦੀ ਜਿੱਤ ਨਹੀਂ ਹੋ ਸਕਦੀ।’ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਤੁਰਕੀ ਨੇ ਸੀਰੀਆ ਵਿਚ ਰੂਸ ਦੀ ਭੂਮਿਕਾ ਦਾ ਵਿਰੋਧ ਕੀਤਾ ਸੀ। ਹਾਲਾਂਕਿ ਰੂਸ ਅਤੇ ਤੁਰਕੀ ਫ਼ਿਲਹਾਲ ਤਹਿਸ-ਨਹਿਸ ਹੋਏ ਅਲੈਪੋ ਸ਼ਹਿਰ ਵਿਚੋਂ ਨਾਗਰਿਕਾਂ ਨੂੰ ਕੱਢਣ ਦਾ ਕੰਮ ਮਿਲ ਕੇ ਕਰ ਰਹੇ ਹਨ।
ਤੁਰਕੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਕਾਫ਼ੀ ਭੜਕਾਉ ਘਟਨਾ ਹੈ। ਸਾਨੂੰ ਲਗਦਾ ਹੈ ਕਿ ਇਹ ਕਰੂਰ ਦਹਿਸ਼ਤੀ ਹਮਲਾ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਰੂਸ ਤੇ ਤੁਰਕੀ ਵਿਚਾਲੇ ਚੰਗੇ ਸਬੰਧ ਹਨ।
ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਰੂਸ ਤੇ ਤੁਰਕੀ ਦੇ ਰਿਸ਼ਤਿਆਂ ਨੂੰ ਖ਼ਰਾਬ ਕਰਨ ਲਈ ਕੀਤਾ ਗਿਆ ਹਮਲਾ ਹੈ। ਨਾਲ ਹੀ ਰੂਸ, ਤੁਰਕੀ, ਇਰਾਨ ਤੇ ਕਈ ਮੁਲਕਾਂ ਵਲੋਂ ਸੀਰੀਆ ਵਿਚ ਚਲਾਈ ਜਾ ਰਹੀ ਸ਼ਾਂਤੀ ਪ੍ਰਕਿਰਿਆ ਨੂੰ ਖ਼ਤਮ ਕਰਨ ਦੀ ਕੋਸ਼ਿਸ ਹੈ। ਇਸ ਹਮਲੇ ‘ਤੇ ਸਿਰਫ਼ ਇਹ ਹੀ ਪ੍ਰਤੀਕਿਰਿਆ ਹੈ। ਅਤਿਵਾਦ ਖ਼ਿਲਾਫ਼ ਚੱਲ ਰਹੀ ਲੜਾਈ ਹੋਰ ਮਜ਼ਬੂਤ ਹੋਵੇਗੀ।
ਉਧਰ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੁਰਕੀ ਵਿਚ ਰੂਸੀ ਰਾਜਦੂਤ ਆਂਦਰੇਈ ਕਾਲਰੇਵ ਤੇ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਕ੍ਰਿਸਮਿਸ ਮਾਰਕੀਟ ਵਿਚ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਟਰੰਪ ਨੇ ਇਸ ਲਈ ਕੱਟੜਪੰਥੀ ਇਸਲਾਮਿਕ ਅਤਿਵਾਦ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮਲਾ ਕੱਟੜਪੰਥੀ ਇਸਲਾਮਿਕ ਅਤਿਵਾਦੀਆਂ ਵਲੋਂ ਕੀਤਾ ਗਿਆ ਹੈ ਤੇ ਇਹ ਸਾਰੇ ਸਭਿਅਕ ਆਦੇਸ਼ਾਂ ਦੀ ਨਿਯਮਾਂ ਦੀ ਉਲੰਘਣਾ ਹੈ। ਟਰੰਪ ਨੇ ਕਿਹਾ ਕਿ ਸਾਡੀ ਪ੍ਰਾਰਥਨਾ ਤੇ ਸੰਵੇਦਨਾਵਾਂ ਸ਼ੋਕ ਪੀੜਤ ਪਰਿਵਾਰ ਨਾਲ ਹਨ। ਉਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਤੇ ਹੋਰਨਾਂ ਅਤਿਵਾਦੀਆਂ ਦਾ ਖ਼ਾਤਮਾ ਕਰਨ ਦਾ ਸੰਕਲਪ ਲਿਆ।