ਬਾਦਲਾਂ ਦੇ ਰਾਜ ‘ਚ ਜ਼ਿੰਦਗੀ ਦੀ ਆਖ਼ਰੀ ਸਿਸਕੀ

ਬਾਦਲਾਂ ਦੇ ਰਾਜ ‘ਚ ਜ਼ਿੰਦਗੀ ਦੀ ਆਖ਼ਰੀ ਸਿਸਕੀ

ਕਿਸਾਨਾਂ-ਮਜ਼ਦੂਰਾਂ ਦੇ ਨਾਲ ਨਾਲ ਅਧਿਆਪਕ ਵੀ ਖ਼ੁਦਕੁਸ਼ੀਆਂ ਦੇ ਰਾਹ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਸੰਗਰੂਰ ਸਥਿਤ ਕੋਠੀ ਅੱਗੇ ਪਿੰਡ ਸੈਦੋਪੁਰ ਦੇ ਕਿਸਾਨ ਦਰਸ਼ਨ ਸਿੰਘ ਨੇ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਸਿਰ ‘ਤੇ 30 ਲੱਖ ਦਾ ਕਰਜ਼ਾ ਸੀ। ਦਰਸ਼ਨ ਸਿੰਘ ਇਕੱਲਾ ਨਹੀਂ। ਪੰਜਾਬ ਦੇ ਜ਼ਰਖ਼ੇਜ਼ ਧਰਤੀ ਰੋਜ਼ ਹੀ ਦੋ-ਚਾਰ ਕਿਸਾਨਾਂ-ਮਜ਼ਦੂਰਾਂ ਦੀਆਂ ਅਰਥੀਆਂ ਢੋਹ ਰਹੀ ਹੈ। ਹੁਣ ਤਾਂ ਗਿਣਤੀ ਕਰਨੀ ਵੀ ਔਖੀ ਹੋ ਗਈ ਹੈ। ਖ਼ੁਦਕੁਸ਼ੀ ਦੀ ਇਹ ਲਾਗ ਹੋਰ ਪੀੜਤ ਧਿਰਾਂ ਤਕ ਫੈਲਦੀ ਜਾ ਰਹੀ ਹੈ। ਹੱਕ ਮੰਗਦੇ ਲੋਕਾਂ ਨੂੰ ਜਦੋਂ ਨਿਆਂ ਦੀ ਕੋਈ ਉਮੀਦ ਨਹੀਂ ਨਜ਼ਰ ਆ ਰਹੀ ਤਾਂ ਉਨ੍ਹਾਂ ਵੀ ਖ਼ੁਦਕੁਸ਼ੀ ਨੂੰ ਆਖ਼ਰੀ ਹਥਿਆਰ ਮੰਨ ਲਿਆ ਹੈ। ਖ਼ੁਦ ਨੂੰ ਮਾਰਨਾ ਸੌਖਾਲਾ ਨਹੀਂ ਹੁੰਦਾ ਪਰ ਜ਼ਿੰਦਗੀ ਦੀਆਂ ਤੰਗੀਆਂ-ਤੁਰਸੀਆਂ, ਹਕੂਮਤਾਂ ਦੀ ਬੇਇਨਸਾਫ਼ੀ ਤੋਂ ਤੰਗ ਆਏ ਲੋਕ ਹੀ ਅਜਿਹੀ ਰਾਹ ਚੁਣ ਰਹੇ ਹਨ। ਇਸ ਵਿਚ ਕਿਸਾਨਾਂ-ਮਜ਼ਦੂਰਾਂ ਦੇ ਨਾਲ ਨਾਲ ਅਧਿਆਪਕ ਤੇ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ।
ਬਠਿੰਡਾ ਵਿਚ ਈ.ਜੀ.ਐਸ. ਅਧਿਆਪਕਾਂ ਵਲੋਂ ਪੱਕੀ ਭਰਤੀ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਚਾਰ ਅਧਿਆਪਕਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੋ ਅਧਿਆਪਕਾਂ ਨੇ ਜ਼ਹਿਰ ਨਿਗਲ ਲਿਆ ਤੇ ਦੋ ਨੇ ਪੁਲ ਤੋਂ ਛਾਲ ਮਾਰ ਦਿੱਤੀ। ਇਨ੍ਹਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਅਧਿਆਪਕਾਂ ਨੂੰ 2009-10 ਵਿਚ ਠੇਕੇ ‘ਤੇ ਭਰਤੀ ਕੀਤਾ ਗਿਆ ਸੀ। ਸਰਕਾਰੀ ਭਰੋਸੇ ਮਗਰੋਂ ਇਨ੍ਹਾਂ ਨੇ ਈ.ਟੀ.ਟੀ. ਦੀ ਡਿਗਰੀ ਵੀ ਕੀਤੀ। ਪਰ ਸਰਕਾਰ ਨੇ ਵਾਅਦੇ ਮੁਤਾਬਕ ਇਨ੍ਹਾਂ ਨੂੰ ਪੱਕੇ ਨਹੀਂ ਕੀਤਾ। ਮਸਲਾ ਸਿਰਫ਼ ਪੱਕੀ ਭਰਤੀ ਦਾ ਨਹੀਂ, ਇਨ੍ਹਾਂ ਨੂੰ ਨਿਗੁਣੀਆਂ ਤਨਖ਼ਾਹਾਂ ਤੇ ਕਦੇ ਕਦੇ ਉਨ੍ਹਾਂ ‘ਤੇ ਵੀ ਕੱਟ। ਰੁਜ਼ਗਾਰ ਹੋ ਕੇ ਬੇਰੁਜ਼ਗਾਰਾਂ ਨਾਲੋਂ ਮਾੜਾ ਹਾਲ। ਨਾ ਘਰ ਵਿਚ ਖਾਣ ਲਈ ਦਾਣੇ ਤੇ ਨਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਪੈਸੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸੱਤਾ ਦੀ ਕਾਇਮੀ ਲਈ ਆਖ਼ਰੀ ਹੱਲੇ ਵਜੋਂ 27000 ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਹਨ, ਦੂਜੇ ਪਾਸੇ ਕਈ ਹਫ਼ਤਿਆਂ ਤੋਂ ਵੱਖ ਵੱਖ ਵਰਗਾਂ ਦੇ ਅਧਿਆਪਕ ਉਨ੍ਹਾਂ ਦੀ ਰਿਹਾਇਸ਼ ਨੇੜੇ ਹੀ ਟੈਂਕੀਆਂ ‘ਤੇ ਚੜ੍ਹੇ ਮੌਤ ਨੂੰ ਸੱਦਾ ਦੇ ਰਹੇ ਹਨ।

adhayapak-ve-jehar-niglea
ਕਿਸਾਨਾਂ-ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਕੁਝ ਵੀ ਹੋਣ ਪਰ ਘੁਟ ਘੁਟ ਕੇ ਮਰ ਰਹੀਆਂ ਜ਼ਿੰਦਗੀਆਂ ਦੀ ਹਾਲਤ ਅੰਕੜਿਆਂ ਤੋਂ ਕਿਤੇ ਬਦਤਰ ਹੈ। ਅੰਕੜੇ ਸਿਰਫ਼ ਕਾਗ਼ਜ਼ਾਂ ‘ਤੇ ਹੀ ਕਾਲੇ ਅੱਖਰ ਬਣਦੇ ਹਨ ਪਰ ਅਸਲੀਅਤ ਵਿਚ ਜ਼ਿੰਦਗੀ ਦੀ ਆਖ਼ਰੀ ਸਿਸਕੀ ਇਨ੍ਹਾਂ ਹਾਕਮਾਂ ਨੂੰ ਸੁਣਾਈ ਨਹੀਂ ਦੇ ਰਹੀ। ਇਹ ਸਥਿਤੀ ਸਿਰਫ਼ ਪੰਜਾਬ ਦੀ ਨਹੀਂ, ਪੂਰਾ ਭਾਰਤ ਇਸ ਭਿਆਨਕਤਾ ਦੇ ਦੌਰ ਵਿਚੋਂ ਲੰਘ ਰਿਹਾ ਹੈ ਪਰ ਹਾਕਮ ਵਿਕਾਸ ਦੀਆਂ ਡੀਂਗਾਂ ਮਾਰ ਰਹੇ ਹਨ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਕਾਲੇ ਧਨ ਦੀ ਆੜ ਵਿਚ ਵੱਡੇ ਵੱਡੇ ਕਾਰੋਬਾਰੀਆਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਤੇ ਨੋਟਬੰਦੀ ਕਰਕੇ ਜਨਤਾ ਦਾ ਪੈਸਾ ਬੈਂਕਾਂ ਵਿਚ ਜਮ੍ਹਾ ਕਰਕੇ ਵੱਡੇ ਕਾਰੋਬਾਰੀਆਂ ਨੂੰ ਅਗਾਂਹ ਹੋਰ ਕਰਜ਼ੇ ਦੇਣ ਦੀ ਤਿਆਰੀ ਵਿੱਢ ਲਈ ਹੈ। ਪਰ ਮਿੱਟੀ ਨਾਲ ਮਿੱਟੀ ਹੋ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਦੇ ਰਾਹੇ ਤੋਰ ਦਿੱਤਾ ਗਿਆ ਹੈ। ਜਦੋਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਵਿਵਸਥਾ ਹੈ ਤਾਂ ਫੇਰ ਹਾਕਮਾਂ ਨੂੰ ਇਨ੍ਹਾਂ ਮੌਤਾਂ ਲਈ ਜਵਾਬਦੇਹ ਕਿਉਂ ਨਹੀਂ ਬਣਾਇਆ ਜਾ ਰਿਹਾ?