ਮੋਦੀ ਨੇ ਸਹਾਰਾ ਤੇ ਬਿਰਲਾ ਤੋਂ ਕਰੋੜਾਂ ਰੁਪਏ ਲਏ : ਰਾਹੁਲ

ਮੋਦੀ ਨੇ ਸਹਾਰਾ ਤੇ ਬਿਰਲਾ ਤੋਂ ਕਰੋੜਾਂ ਰੁਪਏ ਲਏ : ਰਾਹੁਲ

ਮਹਿਸਾਣਾ/ਬਿਊਰੋ ਨਿਊਜ਼ :
ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਆਖਰ ਉਹ ਕਥਿਤ ਤੋਰ ‘ਤੇ ਖ਼ੁਲਾਸਾ ਕਰ ਹੀ ਦਿੱਤਾ ਜਿਸ ਦਾ ਉਹ ਪਿਛਲੇ ਕੁਝ ਦਿਨਾਂ ਤੋਂ ਜਾਣਕਾਰੀ ਹੋਣ ਦਾ ਦਾਅਵਾ ਕਰ ਰਹੇ ਸਨ। ਗੁਜਰਾਤ ਦੇ ਮਹਿਸਾਣਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਉਹੀ ਦੋਸ਼ ਦੁਹਰਾਏ ਜਿਨ੍ਹਾਂ ਨੂੰ ਲੈ ਕੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਪੁਖ਼ਤਾ ਸਬੂਤ ਲਿਆਉਣ ਲਈ ਕਿਹਾ ਸੀ। ਰਾਹੁਲ ਨੇ ਆਮਦਨ ਕਰ ਵਿਭਾਗ ਦੇ ਕਥਿਤ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ‘ਤੇ ਦੋਸ਼ ਲਗਾਏ ਕਿ ਉਨ੍ਹਾਂ ਨੇ ਸਹਾਰਾ ਅਤੇ ਬਿਰਲਾ ਕੰਪਨੀ ਤੋਂ ਕਈ ਵਾਰ ਕਰੋੜਾਂ ਰੁਪਏ ਲਏ। ਇਸ ਦੇ ਇਲਾਵਾ ਰਾਹੁਲ ਨੇ ਨੋਟਬੰਦੀ ਨੂੰ ਆਮ ਲੋਕਾਂ ਦੇ ਖ਼ਿਲਾਫ਼ ਦੱਸਦੇ ਹੋਏ ਕਿਹਾ ਕਿ ਇਸ ਦਾ ਮਕਸਦ ਵਿਜੇ ਮਾਲਿਆ ਵਰਗੇ ਭਗੌੜਿਆਂ ਦਾ ਕਰਜ਼ਾ ਮੁਆਫ਼ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਸਿਰਫ਼ ਇਕ ਫੀਸਦੀ ਬੇਈਮਾਨ ਲੋਕ ਹਨ, ਜਿਨ੍ਹਾਂ ਲਈ ਪ੍ਰਧਾਨ ਮੰਤਰੀ ਨੇ 99 ਫੀਸਦੀ ਇਮਾਨਦਾਰ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਉਨ੍ਹਾਂ ਨੇ ਆਮਦਨ ਕਰ ਵਿਭਾਗ ਦੇ ਕਥਿਤ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 22 ਨਵੰਬਰ 2014 ਨੂੰ ਸਹਾਰਾ ਕੰਪਨੀ ‘ਤੇ ਪਏ ਛਾਪੇ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਕਥਿਤ ਤੋਰ ‘ਤੇ ਕਰੋੜਾਂ ਰੁਪਏ ਦੇਣ ਦੀ ਗੱਲ ਸਾਹਮਣੇ ਆਈ, ਪਰ ਅੱਜ ਤੱਕ ਉਸ ਦੀ ਜਾਂਚ ਨਹੀਂ ਕਰਾਈ ਗਈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੂੰ 9 ਵਾਰ ਕਰੋੜਾਂ ਰੁਪਏ ਦਿੱਤੇ ਗਏ। ਰਾਹੁਲ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਥਿਤ ਦਸਤਾਵੇਜ਼ਾਂ ‘ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਦਸਤਖ਼ਤ ਹਨ।