ਬਰਤਾਨਵੀ ਗ੍ਰਹਿ ਸਕੱਤਰ ਅੰਬਰ ਰੱਡ ਨੇ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ

ਬਰਤਾਨਵੀ ਗ੍ਰਹਿ ਸਕੱਤਰ ਅੰਬਰ ਰੱਡ ਨੇ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ

ਨਸਲੀ ਅਪਰਾਧਾਂ ਨਾਲ ਨਜਿੱਠਣ ਲਈ 30 ਲੱਖ ਪੌਂਡ ਮੁਹੱਈਆ ਕਰਵਾਏ
ਲੰਡਨ/ਬਿਊਰੋ ਨਿਊਜ਼ :
ਸਿੱਖਾਂ ਵਿਰੁੱਧ ਨਸਲੀ ਅਪਰਾਧ ਨਾਲ ਨਜਿੱਠਣ ਬਾਰੇ ਚਰਚਾ ਲਈ ਬਰਤਾਨੀਆ ਦੀ ਗ੍ਰਹਿ ਸਕੱਤਰ ਅੰਬਰ ਰੱਡ ਨੇ ਸਾਊਥਹਾਲ ਦੇ ਗੁਰਦੁਆਰੇ ਦਾ ਦੌਰਾ ਕੀਤਾ। ਬ੍ਰਿਐਗਜ਼ਿਟ ‘ਤੇ ਵੋਟਿੰਗ ਮਗਰੋਂ ਨਸਲੀ ਅਪਰਾਧਾਂ ਦੀਆਂ ਘਟਨਾਵਾਂ ਵਧੀਆਂ ਹਨ।
ਅੰਬਰ ਰੱਡ ਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿੱਚ ਸਿੱਖ ਆਗੂਆਂ, ਜਥੇਬੰਦੀਆਂ ਅਤੇ ਸਿੱਖ ਕੌਂਸਲ ਯੂਕੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਨਫਰਤ ਨੂੰ ਹਰਾਉਣ ਲਈ ਭਾਈਚਾਰੇ ਨੂੰ ਇਕਜੁੱਟ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਬਹੁਭਾਂਤੀ ਬਰਤਾਨੀਆ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦਾ ਦੌਰਾ ਕਰ ਕੇ ਕਾਫ਼ੀ ਖ਼ੁਸ਼ੀ ਮਿਲੀ।
ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਨਸਲੀ ਅਪਰਾਧ ਦੀ ਕਤਈ ਕੋਈ ਥਾਂ ਨਹੀਂ ਅਤੇ ਇਹ ਸਾਡੇ ਲਈ ਅਹਿਮ ਹੈ ਕਿ ਅਸੀਂ ਇਸ ਸ਼ਾਂਤੀਪੂਰਨ ਧਰਮ ‘ਤੇ ਚੱਲਣ ਵਾਲਿਆਂ ਦੀ ਰੱਖਿਆ ਕਰੀਏ।
ਗ੍ਰਹਿ ਸਕੱਤਰ ਨੇ ਕਿਹਾ ਕਿ ਉਨ੍ਹਾਂ ਧਾਰਮਿਕ ਸਥਾਨਾਂ ਦੀ ਰੱਖਿਆ ਅਤੇ ਨਸਲੀ ਅਪਰਾਧਾਂ ਨਾਲ ਨਜਿੱਠਣ ਲਈ ਭਾਈਚਾਰਕ ਪ੍ਰਾਜੈਕਟਾਂ ਵਾਸਤੇ 30 ਲੱਖ ਪੌਂਡ ਮੁਹੱਈਆ ਕਰਵਾਏ। ਉਨ੍ਹਾਂ ਸਾਰੇ ਗੁਰਦੁਆਰਿਆਂ ਤੇ ਸਿੱਖ ਗਰੁੱਪਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ‘ਤੇ ਵਿਚਾਰ ਕਰਨ ਕਿ ਕੀ ਇਹ ਰਕਮ ਉਨ੍ਹਾਂ ਦੀ ਮਦਦ ਕਰ ਸਕਦੀ ਹੈ। ਸਿੱਖ ਕੌਂਸਲ ਯੂਕੇ ਦੇ ਸਕੱਤਰ ਜਨਰਲ ਗੁਰਮੇਲ ਸਿੰਘ ਨੇ ਕਿਹਾ ਕਿ ਨਸਲੀ ਅਪਰਾਧਾਂ ਨਾਲ ਨਜਿੱਠਣ ਅਤੇ ਭਾਈਚਾਰੇ ਵਿੱਚ ਇਕਜੁੱਟਤਾ ਵਧਾਉਣ ਦੀ ਗ੍ਰਹਿ ਸਕੱਤਰ ਦੀ ਵਚਨਬੱਧਤਾ ਸ਼ਲਾਘਾਯੋਗ ਹੈ।