ਕਾਂਗਰਸ ਦੇ ਬਾਗੀਆਂ ‘ਤੇ ਸੁਖਬੀਰ ਬਾਦਲ ਨੇ ਲਾਇਆ ਨਿਸ਼ਾਨਾ

ਕਾਂਗਰਸ ਦੇ ਬਾਗੀਆਂ ‘ਤੇ ਸੁਖਬੀਰ ਬਾਦਲ ਨੇ ਲਾਇਆ ਨਿਸ਼ਾਨਾ

ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਨੂੰ ਪ੍ਰਬੰਧਕੀ ਖੇਡ ਵਜੋਂ ਦੇਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਖੇਡ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੀ ਟਿਕਟ ਨਾ ਮਿਲਣ ਵਾਲੇ ਆਗੂਆਂ ਦੀ ਨਾਰਾਜ਼ਗੀ ਦੀ ਟੋਹ ਲਗਾਉਣ ਦੀ ਰਣਨੀਤੀ ਤਹਿਤ ਉਨ੍ਹਾਂ ਵੱਲੋਂ ਬਾਗੀਆਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਵਲੋਂ ਹਾਸਲ ਸੂਤਰਾਂ ਅਨੁਸਾਰ ‘ਆਪ’ ਅਤੇ ਕਾਂਗਰਸ ਦੇ ਵੱਧ ਤੋਂ ਵੱਧ ਬਾਗੀਆਂ ਨੂੰ ਪ੍ਰੇਰਿਤ ਕਰਕੇ ਅਤੇ ਉਨ੍ਹਾਂ ਲਈ ਪਰਦੇ ਪਿੱਛੋਂ ਸਮਰਥਨ ਮੁਹੱਈਆ ਕਰਵਾ ਕੇ ਅਕਾਲੀ-ਭਾਜਪਾ ਖਿਲਾਫ਼ ਪੈਦਾ ਹੋਈਆਂ ਸੱਤਾ ਵਿਰੋਧੀ ਭਾਵਨਾਵਾਂ ਨੂੰ ਵੰਡਣ ਦੀ ਰਣਨੀਤੀ ਸੁਖਬੀਰ ਬਾਦਲ ਦੀ ਸਿਆਸੀ ਖੇਡ ਦਾ ਹਿੱਸਾ ਹੈ। ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਪਹਿਲੀ 61 ਉਮੀਦਵਾਰਾਂ ਦੀ ਸੂਚੀ ਵਿੱਚ ਤਾਂ ਜ਼ਿਆਦਾਤਰ ਉਨ੍ਹਾਂ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਸਨ, ਜਿਨ੍ਹਾਂ ‘ਤੇ ਲਗਭਗ ਸਹਿਮਤੀ ਸੀ। ਇਸੇ ਕਰਕੇ ਇਨ੍ਹਾਂ ਸੀਟਾਂ ‘ਤੇ ਬਹੁਤ ਘੱਟ ਬਾਗੀ ਸੁਰਾਂ ਦਿਖਾਈ ਦਿੱਤੀਆਂ ਹਨ। 16 ਉਮੀਦਵਾਰਾਂ ਦੀ ਦੂਸਰੀ ਸੂਚੀ ਵਿੱਚ ਇਹ ਸੁਰਾਂ ਉੱਠਣ ਲੱਗੀਆਂ ਹਨ। ਸੁਖਬੀਰ ਨੇ ਖੁਦ ਕਈਆਂ ਨੂੰ ਫੋਨ ਕਰਕੇ ਉਨ੍ਹਾਂ ਨੂੰ ਟਿਕਟ ਨਾ ਮਿਲਣ ਉੱਤੇ ਅਫਸੋਸ ਜ਼ਾਹਰ ਕਰਕੇ ਨਾਰਾਜ਼ਗੀ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਟਿਕਟ  ਨਾ ਮਿਲਣ ਵਾਲੇ ਇੱਕ ਕਾਂਗਰਸ ਆਗੂ ਨੇ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਫੋਨ ਦੀ ਪੁਸ਼ਟੀ ਕੀਤੀ ਹੈ। ਕਈ ਹੋਰਾਂ ਨਾਲ ਉਸ ਦੀ ਟੀਮ ਦੇ ਮੈਂਬਰ ਵੀ ਸੰਪਰਕ ਬਣਾ ਰਹੇ ਹਨ।
ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੇ 16 ਉਮੀਦਵਾਰਾਂ ਵਿੱਚ ਦੋ ਵਿਧਾਇਕਾਂ ਬੰਗਾ ਤੋਂ ਪੁਰਾਣੇ ਕਾਂਗਰਸੀ ਆਗੂ ਚੌਧਰੀ ਜਗਤ ਰਾਮ ਦੇ ਬੇਟੇ ਅਤੇ ਮੌਜੂਦਾ ਵਿਧਾਇਕ ਤਰਲੋਚਨ ਸਿੰਘ ਸੂੰਢ ਅਤੇ ਜੈਤੋ ਤੋਂ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਦੀ ਟਿਕਟ ਕੱਟੀ ਗਈ ਹੈ। ਸੂੰਢ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹੈ। ਵਿਧਾਨ ਸਭਾ ਦੌਰਾਨ ਵੀ ਅਕਾਲੀ  ਦਲ ਖਿਲਾਫ਼ ਸਭ ਤੋਂ ਵੱਧ ਬੋਲਣ ਵਾਲਿਆਂ ਵਿੱਚ ਸੂੰਢ ਸ਼ਾਮਲ ਸੀ। ਬੰਗਾ ਸੀਟ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ 1992 ਵਿੱਚ ਪਹਿਲੀ ਵਾਰ ਵਿਧਾਇਕ ਅਤੇ ਬਾਅਦ ਵਿੱਚ ਸੰਸਦ ਮੈਂਬਰ ਜਿੱਤੇ ਅਤੇ ਪਿਛਲੀਆਂ ਚੋਣਾਂ ਤੋਂ ਕਾਂਗਰਸ ਵਿੱਚ ਸ਼ਾਮਲ ਸਤਨਾਮ ਕੈਂਥ ਨੂੰ ਟਿਕਟ ਦਿੱਤੀ ਹੈ। ਕੈਂਥ 2012 ਦੀ ਵਿਧਾਨ ਸਭਾ ਚੋਣ ਦੌਰਾਨ ਆਦਮਪੁਰ ਤੋਂ ਕਾਂਗਰਸ ਟਿਕਟ ਉੱਤੇ ਚੋਣ ਹਾਰ ਗਏ ਸਨ। ਸੂਤਰਾਂ ਅਨੁਸਾਰ ਪਾਰਟੀ ਦੇ ਐਕਟਿੰਗ ਪ੍ਰਧਾਨ ਰਹੇ ਮੋਹਿੰਦਰ ਸਿੰਘ ਕੇਪੀ ਆਦਮਪੁਰ ਤੋਂ ਚੋਣ ਲੜਨਾ ਚਾਹੁੰਦੇ ਹਨ। ਜੋਗਿੰਦਰ ਸਿੰਘ ਪੰਜਗਰਾਈਆਂ ਫਰੀਦਕੋਟ ਤੋਂ ਕਾਂਗਰਸ ਦੇ ਲੋਕ ਸਭਾ ਚੋਣਾਂ ਦੌਰਾਨ ਵੀ ਉਮੀਦਵਾਰ ਸਨ। ਉਹ ‘ਆਪ’ ਦੇ ਪ੍ਰੋਫੈਸਰ ਸਾਧੂ ਸਿੰਘ ਤੋਂ ਚੋਣ ਹਾਰੇ ਸਨ। ਇਨ੍ਹਾਂ ਦੇ ਵੀ ਚੋਣ ਲੜਨ ਦੀ ਸੰਭਾਵਨਾ ਹੈ। ਜੋਗਿੰਦਰ ਸਿੰਘ ਦੀ ਸੀਟ ਜੈਤੋ ਤੇ ਟਿਕਟ ਭਦੌੜ ਤੋਂ ਵਿਧਾਇਕ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੂੰ ਦੇ ਦਿੱਤੀ ਗਈ ਹੈ।
ਸੁਨਾਮ ਤੋਂ ਰਜਿੰਦਰ ਦੀਪਾ ਟਿਕਟ ਦਾ ਵੱਡਾ ਦਾਅਵੇਦਾਰ ਸੀ ਪਰ ਟਿਕਟ ਲਈ ਯੂਥ ਕਾਂਗਰਸ ਆਗੂ ਦਮਨ ਥਿੰਦ ਬਾਜਵਾ ਬਾਜ਼ੀ ਮਾਰ ਗਈ ਹੈ। ਦੀਪਾ ਵੀ ਆਜ਼ਾਦ ਚੋਣ ਲੜਨ ਲਈ ਪਰ ਤੋਲ ਰਹੇ ਹਨ। ਅਕਾਲੀ ਦਲ ਸਮੇਤ ਪ੍ਰਮੁੱਖ ਪਾਰਟੀਆਂ ਨੇ ਦੂਸਰੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਦੀ ਰਣਨੀਤੀ ਅਪਣਾਈ ਹੋਈ ਹੈ। ਇਸ ਨਾਲ ਸਥਾਨਕ ਆਗੂਆਂ ਵਿੱਚ ਨਾਰਾਜ਼ਗੀ ਸੁਭਾਵਿਕ ਹੈ। ਕਾਂਗਰਸ ਵੱਲੋਂ ਬਾਹਰੀ ਆਗੂਆਂ ਦੇ ਮੁੱਦੇ ਉੱਤੇ ਅਜੇ ਵੀ ਰੇੜਕਾ ਜਾਰੀ ਹੈ। ਇਸੇ ਕਰਕੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀਆਂ ਟਿਕਟਾਂ ਸਮੇਤ ਬਾਕੀ ਅਜੇ ਤੱਕ ਜਾਰੀ ਨਹੀਂ ਹੋਈਆਂ। ਇਨ੍ਹਾਂ ਨੂੰ ਟਿਕਟ ਮਿਲਣ ਨਾਲ ਪਾਰਟੀ ਦੇ ਆਪਣੇ ਆਗੂਆਂ ਦੀ ਬਗਾਵਤ ਦਾ ਡਰ ਵੀ ਪਾਰਟੀ ਨੂੰ ਸਤਾ ਰਿਹਾ ਹੈ। ਇਸ ਲਈ ਅਗਲੀ ਸੂਚੀ ਹੋਰ ਵੀ ਬਗਾਵਤੀ ਸੁਰਾਂ ਵਾਲੀ ਹੋਵੇਗੀ।
ਇੱਕ ਕਾਂਗਰਸ ਆਗੂ ਨੇ ਕਿਹਾ ਕਿ ਪਿਛਲੀਆਂ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਲਗਭਗ ਦੋ ਦਰਜਨ ਦੇ ਕਰੀਬ ਬਾਗੀ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਇਨ੍ਹਾਂ ਨੂੰ ਚੋਣ ਮੁਹਿੰਮ ਚਲਾਉਣ ਲਈ ਸੱਤਾਧਾਰੀ ਧਿਰ ਮੱਦਦ ਕਰਦੀ ਰਹੀ ਹੈ। ਕਾਂਗਰਸ ਹਾਈਕਮਾਨ ਨੇ ਖੁਦ ਵੀ ਇਨ੍ਹਾਂ ਨੂੰ ਬਿਠਾਉਣ ਲਈ ਗੰਭੀਰ ਯਤਨ ਨਹੀਂ ਕੀਤੇ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਣਨੋਂ ਰਹਿਣ ਵਿੱਚ ਇਹ ਵੀ ਇੱਕ ਵੱਡਾ ਪਹਿਲੂ ਰਿਹਾ ਸੀ। ਬਾਗੀ ਅਕਾਲੀਆਂ ਦੇ ਵੀ ਸਨ ਪਰ ਉਨ੍ਹਾਂ ਵਿੱਚੋਂ ਬੈਂਸ ਭਰਾਵਾਂ ਨੂੰ ਛੱਡ ਕੇ ਬਾਕੀ ਕੋਲ ਸਾਧਨਾਂ ਦੀ ਘਾਟ ਕਰਕੇ ਚੋਣ ਮੁਹਿੰਮ ਚਲਾਉਣ ਦੀ ਹੈਸੀਅਤ ਘੱਟ ਸੀ।