ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਤੱਕ ਫਤਹਿ ਮਾਰਚ

ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਤੱਕ ਫਤਹਿ ਮਾਰਚ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਵੱਲੋਂ ਫਾਰਗ਼ ਪੰਜ ਪਿਆਰਿਆਂ ਵੱਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਹਿ ਮਾਰਚ ਕੱਢਿਆ ਗਿਆ, ਜੋ ਗੁਰਦੁਆਰਾ ਸ਼ਹੀਦਾਂ ਨੇੜੇ ਗੁਰਦੁਆਰਾ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਤੋਂ ਸ਼ੁਰੂ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਦੌਰਾਨ ਪੰਜ ਪਿਆਰਿਆਂ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਚੌਕਸ ਦਿਖਾਈ ਦਿੱਤੇ।
ਪੰਜ ਪਿਆਰਿਆਂ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਸਤਨਾਮ ਸਿੰਘ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ ਵਿੱਚ ਦਲ ਖਾਲਸਾ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਸੰਗਰਾਵਾਂ, ਸਿੱਖ ਯੂਥ ਆਫ ਪੰਜਾਬ ਫੈਡਰੇਸ਼ਨ ਪੀਰ ਮੁਹੰਮਦ, ਏਕ ਨੂਰ ਖਾਲਸਾ, ਅਕਾਲ ਖਾਲਸਾ ਦਲ, ਗੁਰੂ ਮਾਨਿਉਂ ਗ੍ਰੰਥ ਜਥਾ, ਖਾਲਸਾ ਪੰਚਾਇਤ ਤੇ ਭਾਈ ਧਰਮ ਸਿੰਘ ਖਾਲਸਾ ਟਰਸੱਟ ਸ਼ਾਮਲ ਸਨ। ਇਸ ਮੌਕੇ ਕੇਸਰੀ ਨਿਸ਼ਾਨ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬੈਨਰ ਅਤੇ ਤਖ਼ਤੀਆਂ ਲੈ ਕੇ ਸਿੱਖ ਕਾਰਕੁਨ ਦਾ ਫਤਹਿ ਮਾਰਚ ਗੁਰਦੁਆਰਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਤੋਂ ਸ਼ੁਰੂ ਹੋਇਆ, ਜੋ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਅਕਾਲ ਤਖ਼ਤ ਸਾਹਿਬ ਪੁੱਜਿਆ। ਇਸ ਮੌਕੇ ਪੰਜ ਪਿਆਰਿਆਂ ਨੇ ਸਿੱਖ ਜਥੇਬੰਦੀਆਂ ਨੂੰ ਨਸ਼ਿਆਂ ਵਿਰੁੱਧ ਡਟਣ ਦੀ ਅਪੀਲ ਕੀਤੀ।
ਇਸ ਦੌਰਾਨ ਪੰਜ ਪਿਆਰੇ ਅਤੇ ਹੋਰ ਸਿੱਖ ਆਗੂ ਜਿਵੇਂ ਹੀ ਅਕਾਲ ਤਖ਼ਤ ‘ਤੇ ਪੁੱਜੇ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਧੇਰੇ ਚੌਕਸ ਹੋ ਗਈ। ਟਾਸਕ ਫੋਰਸ ਦੇ ਕਰਮਚਾਰੀਆਂ ਨੇ ਅਕਾਲ ਤਖ਼ਤ ਦੇ ਸਾਹਮਣੇ ਵਾਰਾਂ ਗਾ ਰਹੇ ਕਵੀਸ਼ਰਾਂ ਕੋਲੋਂ ਮਾਈਕ ਲੈ ਲਿਆ। ਇਸ ਮੌਕੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਆਖਿਆ ਕਿ ਦਸਵੇਂ ਗੁਰੂ ਨੇ ਪੰਥ ਖ਼ਾਤਰ ਆਪਣਾ ਪਰਿਵਾਰ ਵਾਰ ਦਿੱਤਾ ਸੀ ਪਰ ਅੱਜ ਦੇ ਸਿੱਖ ਆਗੂ ਆਪਣੇ ਪਰਿਵਾਰਾਂ ਦੀ ਖ਼ਾਤਰ ਪੰਥ ਦਾ ਨੁਕਸਾਨ ਕਰ ਰਹੇ ਹਨ। ਇਸ ਫਤਹਿ ਮਾਰਚ ਵਿੱਚ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਕਰਨੈਲ ਸਿੰਘ ਪੀਰ ਮੁਹੰਮਦ ਤੇ ਬਾਬਾ ਰਾਮ ਸਿੰਘ ਵੀ ਸ਼ਾਮਲ ਸਨ।