ਅਰਦਾਸ ਦਾ ‘ਭਗਵਾਂਕਰਨ’, ਸਿੱਖ ਹਲਕਿਆਂ ‘ਚ ਰੋਹ

ਅਰਦਾਸ ਦਾ ‘ਭਗਵਾਂਕਰਨ’, ਸਿੱਖ ਹਲਕਿਆਂ ‘ਚ ਰੋਹ

ਬਾਦਲਾਂ ਦੇ ਚਹੇਤੇ ਸਿਕੰਦਰ ਸਿੰਘ ਮਲੂਕੇ ਦੀ ਦੇਖ ਰੇਖ ਹੇਠ ਹਿੰਦੂਆਂ ਵਲੋਂ ਕੀਤੀ ਗਈ ਘਿਣਾਉਣੀ ਕਾਰਵਾਈ
ਅੰਮ੍ਰਿਤਸਰ/ਬਿਊਰੋ ਨਿਊਜ਼ :
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਇਕ ਵਾਰ ਫੇਰ ਵਿਵਾਦਾਂ ਵਿਚ ਹਨ ਤੇ ਇਸ ਵਾਰ ਉਨ੍ਹਾਂ ਨੇ ਸਿੱਖਾਂ ਦੇ ਦਿਲਾਂ ਨੂੰ ਬੁਰੀ ਤਰ੍ਹਾਂ ਵਲੂੰਧਰ ਦਿੱਤਾ ਹੈ। ਮਲੂਕਾ ਦੀ ਹਾਜ਼ਰੀ ਵਿਚ ਰਾਮਾਇਣ ਦੇ ਅਖੰਡ ਪਾਠ ਅਤੇ ਸਿੱਖ ਧਰਮ ਵਰਗੀ ਅਰਦਾਸ ਨੇ ਸਿੱਖ ਭਾਈਚਾਰੇ ਅੰਦਰ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਵਿਚ ਮਲੂਕਾ ਹੱਥ ਜੋੜ ਕੇ ਖੜ੍ਹੇ ਹਨ। ਇਸ ਨੇ ਸਿੱਖਾਂ ਦੇ ਦਿਲਾਂ ‘ਤੇ ਡੂੰਘੀ ਸੱਟ ਮਾਰੀ ਹੈ। ਮੀਡੀਆ ਵਿਚ ਇਹ ਵੀਡੀਓ ਆਉਣ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਖ ਜਥੇਬੰਦੀਆਂ ਨੇ ‘ਸਿੱਖ ਅਰਦਾਸ ਦਾ ਭਗਵਾਂਕਰਨ’ ਕੀਤੇ ਜਾਣ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਵਾਇਰਲ ਹੋਏ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰੀ ਮਲੂਕਾ ਤੇ ਉਨ੍ਹਾਂ ਦੇ ਹਮਾਇਤੀ ਹਾਜ਼ਰ ਹਨ। ਸਮਾਗਮ ਵਿਚ ਕੀਤੀ ਗਈ ਅਰਦਾਸ ਸਿੱਖ ਧਰਮ ਦੀ ਅਰਦਾਸ ਵਰਗੀ ਹੈ, ਜਿਸ ਦੀ ਸ਼ੁਰੂਆਤ ‘ਪ੍ਰਥਮ ਭਗੌਤੀ ਸਿਮਰੀਏ’ ਦੀ ਥਾਂ ‘ਸ੍ਰੀ ਦੁਰਗਾ ਭਗਵਤੀ ਸਿਮਰੀਏ ਘਰ ਨਾਉ ਨਿਧੁ ਆਵੇ ਧਾਏ’ ਕਿਹਾ ਗਿਆ। ‘ਧਿਆਨ ਧਰ ਬੋਲਣਾ ਜੀ ਵਾਹਿਗੁਰੂ’ ਦੀ ਥਾਂ ‘ਸ੍ਰੀ ਰਾਮ ਸ੍ਰੀ ਰਾਮ ਸ੍ਰੀ ਰਾਮ’ ਆਖਿਆ ਜਾਂਦਾ ਹੈ। ਸਿੱਖ ਸ਼ਹੀਦਾਂ ਦੀ ਥਾਂ ‘ਜਿਨ੍ਹਾਂ ਧਰਮ ਵੀਰਾਂ ਨੇ ਸਨਾਤਨ ਧਰਮ ਦੀ ਰੱਖਿਆ ਲਈ ਸੀਸ ਕਟਵਾਏ, ਤਨ ਆਰਿਆਂ ਨਾਲ ਚੀਰਾਏ, ਚਰਖੜੀਆਂ ‘ਤੇ ਚੜ੍ਹਾਏ ਗਏ, ਬੋਲੋ ਜੀ ਜੈ ਸ੍ਰੀ ਰਾਮ’ ਸ਼ਾਮਲ ਹੈ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਆਦੇਸ਼ ਦਿੱਤਾ ਹੈ ਕਿ ਇਸ ਕਲਿਪ ਦੀ ਪੂਰੀ ਵੀਡਿਓ ਮੰਗਵਾ ਕੇ ਪੜਤਾਲ ਕਰਨ। ਇਹ ਵੀ ਦੇਖਣ ਕਿ ਇਸ ਵਿਚ ਕੌਣ-ਕੌਣ ਸ਼ਾਮਲ ਹੈ ਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਭੇਜੀ ਜਾਵੇ। ਉਨ੍ਹਾਂ ਆਖਿਆ ਕਿ ਮਾਮਲਾ ਪੰਜ ਸਿੰਘ ਸਾਹਿਬਾਨ ਨਾਲ ਵਿਚਾਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ, ”ਸਿੱਖਾਂ ਦੀ ਨਿੱਤ ਦੀ ਅਰਦਾਸ ਨੂੰ ਵਿਗਾੜ ਕੇ ਸਿੱਖ ਧਰਮ ਵਿਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਉਨ੍ਹਾਂ ਸਖ਼ਤ ਤਾੜਨਾ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਆਪਹੁਦਰੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤੀ ਜਾਵੇ, ਜੋ ‘ਦੋਵਾਂ ਧਰਮਾਂ ਵਿਚ’ ਖਟਾਸ ਪੈਦਾ ਕਰਨਗੀਆਂ ਅਤੇ ਸਿੱਟੇ ਭਿਆਨਕ ਨਿਕਲਣਗੇ। ਉਨ੍ਹਾਂ ਆਖਿਆ, ”ਅਕਾਲੀ ਆਗੂ ਨੇ ਗੁਰਮਤਿ ਨੂੰ ਛੱਡ ਕੇ ਆਪਣੀ ਸ਼ੁਹਰਤ ਲਈ ਮਨਮਤੀ ਕਾਰਵਾਈ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁਚਾਈ ਹੈ।”
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਇਹ ਸਿੱਖ ਧਰਮ ਦੀ ਅਰਦਾਸ ਦੀ ਨਕਲ ਹੈ ਅਤੇ ਅਜਿਹਾ ਕਰਕੇ ਅਰਦਾਸ ਦਾ ਮਜ਼ਾਕ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਸਮਾਗਮ ਵਿਚ ਸ਼ਾਮਲ ਸਿੱਖ ਆਗੂਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਤੇ ਸਰਕਾਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਵਿੱਚ ਇਕ ਧਰਮ ਦਾ ਮਜ਼ਾਕ ਉਡਾਇਆ ਗਿਆ ਹੈ, ਜੋ ਗੰਭੀਰ ਅਪਰਾਧ ਹੈ। ਉਨ੍ਹਾਂ ਕਾਰਵਾਈ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਸਕੱਤਰ ਨੂੰ ਵੀਡੀਓ ਭੇਜੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਕਿਸੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕਿਸੇ ਹੋਰ ਗ੍ਰੰਥ ਦਾ ਅਖੰਡ ਪਾਠ ਕਰਨ ਦੀ ਗੁਰਮਤਿ ਮੁਤਾਬਕ ਆਗਿਆ ਨਹੀਂ ਹੈ। ਇਸੇ ਤਰ੍ਹਾਂ ਇਹ ਸਿੱਖ ਧਰਮ ਦੀ ਅਰਦਾਸ ਦੀ ‘ਪੈਰੋਡੀ’ ਹੈ, ਜੋ ਕਿ ਸਖ਼ਤ ਇਤਰਾਜ਼ਯੋਗ ਹੈ।
ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਇਹ ਮੰਦਭਾਗਾ ਹੈ ਕਿ ਅਕਾਲੀਆਂ ਵਲੋਂ ਹੀ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਆਦਮਪੁਰ ਹਵਾਈ ਅੱਡੇ ‘ਤੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਭੂਮੀ ਪੂਜਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਸਿੱਖਾਂ ਨੂੰ ਭੁਲੇਖਾ ਪਾਉਣ ਲਈ ਅਜਿਹੀ ਅਰਦਾਸ ਤਿਆਰ ਕੀਤੀ ਗਈ ਹੈ।
ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਸਿੱਖ ਅਰਦਾਸ ਨੂੰ ਹੋਰ ਰੂਪ ਵਿਚ ਪੇਸ਼ ਕੀਤੇ ਜਾਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੇ ਸਮੁੱਚੇ ਸਿੱਖ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਮਲੂਕਾ ਦੀ ਸਫ਼ਾਈ- ਮੈਨੂੰ ਕੋਈ ਜਾਣਕਾਰੀ ਨਹੀਂ:
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਰਾਮਾਇਣ ਦਾ ਪਾਠ ਸ਼ਹਿਰ ਵਾਸੀਆਂ ਵਲੋਂ ਆਪਣੇ ਤੌਰ ‘ਤੇ ਕਰਾਇਆ ਗਿਆ, ਜਿਸ ਵਿਚ ਇਹ ਅਰਦਾਸ ਕੀਤੀ ਗਈ। ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅਰਦਾਸ ਦਸ ਸਾਲਾਂ ਤੋਂ ਕੀਤੀ ਜਾ ਰਹੀ ਹੈ, ਜੋ ਲਿਖਤੀ ਰੂਪ ਵਿਚ ਵੀ ਪ੍ਰਕਾਸ਼ਤ ਹੈ।

ਕੀ ਹਿੰਦੂਆਂ ਨੇ ਬਦਲ ਲਿਐ ‘ਗਾਇਤਰੀ ਮੰਤਰ’
ਸਿੱਖ ਧਰਮ ਵਿਰੋਧੀ ਇਸ ਇਤਰਾਜ਼ਯੋਗ ਕਾਰਵਾਈ ਨਾਲ ਭਾਰਤ ਦੀ ਦਿਨੋਂ ਦਿਨ ਨਿੱਘਰ ਰਹੀ ਰਾਜਨੀਤੀ ਵਿੱਚ ਪਾਰਟੀ ਬਦਲਣੀ ਤਾਂ ਛੱਡੋ, ਇਸ ਨਾਲ ਤਾਂ ਧਾਰਮਿਕ ਪ੍ਰਾਰਥਨਾ (Prayer) ਬਦਲਣ ਦੀ ਮਿਸਾਲ ਉਘੜ ਕੇ ਸਾਹਮਣੇ ਆਈ ਹੈ। ਸਵਾਲ ਉੱਠਦਾ ਹੈ ਕਿ ਕੀ ਹਿੰਦੂਆਂ ਨੇ ਆਪਣੀ ਆਰਤੀ (ਗਾਇਤਰੀ ਮੰਤਰ) ਬਦਲ ਲਈ ਹੈ। ਜੇ ਨਹੀ ਤਾਂ ਰਾਮਪੁਰਾ ਫੂਲ ਵਿੱਚ ਜੋ ਪਾਖੰਡ ਅਤੇ ਸਿੱਖ ਧਰਮ ਵਿਰੋਧੀ ਹਰਕਤ ਹਿੰਦੂਆਂ ਵਲੋਂ ਕੀਤੀ ਗਈ ਹੈ ਇਹ ਕੀ ਹੈ ਅਤੇ ਕਿਉਂ ਕੀਤੀ ਗਈ ਹੈ।
ਇਸ ਤੋਂ ਅਗਾਂਹ ਵਿਚਾਰਣ ਵਾਲੀ ਗੱਲ ਇਹ ਹੈ ਕਿ ਸਿੱਖ ਧਾਰਮਿਕ ਆਗੂਆਂ, ਬੁੱਧੀਜੀਵੀਆਂ ਅਤੇ ਆਮ ਸਿੱਖਾਂ ਵਲੋਂ ਤਾਂ ਇਤਰਾਜ਼ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਹਿੰਦੂਆਂ ਦੇ ਸਿਆਸੀ ਅਤੇ ਧਾਰਮਿਕ ਆਗੂ ਢੀਠਾਂ ਵਾਂਗ ਚੁੱਪ ਹਨ। ਜੇ ਉਨ੍ਹਾਂ ਨੂੰ ਆਪਣੇ ਧਾਰਮਿਕ ਗਾਇਤਰੀ ਮੰਤਰ ਦੀ ਮਹੱਤਤਾ ਅਤੇ ਪਵਿੱਤਰਤਾ ਦਾ ਅਹਿਸਾਸ ਹੋਵੇ ਤਾਂ ਉਨ੍ਹਾਂ ਨੂੰ ਅਜਿਹੀ ਭੱਦੀ ਹਰਕਤ ਕਰਨ ਵਾਲਿਆਂ ਵਿਰੁੱਧ ਬਿਨਾਂ ਦੇਰੀ ਦੇ ਕਾਰਵਾਈ ਕਰਨੀ ਬਣਦੀ ਹੈ।
ਵੈਸੇ ਇਹ ਪਹਿਲਾ ਮੌਕਾ ਨਹੀਂ। ਵਰ੍ਹਿਆਂ ਤੋਂ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਸਿੱਧ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਆ ਰਹੇ ਹਿੰਦੂਆਂ ਖ਼ਾਸ ਕਰ ਆਰ.ਐੱਸ.ਐੱਸ. ਵਲੋਂ ਅਜਿਹੀਆਂ ਬੇਹੂਦਾ ਹਰਕਤਾਂ ਨੂੰ ਅਸਲ ਵਿੱਚ ਸ਼ਹਿ ਦਿੱਤੀ ਜਾਂਦੀ ਹੈ। ਸਿੱਖਾਂ ਵਿਚਲੀਆਂ ਕਾਲੀਆਂ ਭੇਡਾਂ ਬਹੁਤ ਸਾਰੇ ਅਖੌਤੀ ਵਿਦਵਾਨ (ਜਿਨ੍ਹਾਂ ਵਿੱਚ ਦੇਸ ਵਿਦੇਸ਼ ਵਿਚਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਸ਼ਾਮਲ ਹਨ), ਹਿੰਦੂਆਂ ਦੀ ਝੋਲੀ ਚੁੱਕਣ ਅਤੇ ਆਰਥਿਕ ਲਾਹ ਲੈਣ ਲਈ ਅਜਿਹਾ ਕੁਝ ਅਪਣੀਆਂ ਲਿਖਤਾਂ ਰਾਹੀਂ ਕਰਦੇ ਆ ਰਹੇ ਜੋ ਭੂਤਰੇ ਅਕਾਲੀ ਆਗੂ ਸਿਕੰਦਰ ਮਲੂਕਾ ਨੇ ਕੀਤਾ ਹੈ।
ਪੰਜਾਬ ਦੇ ਸੱਤਾਧਾਰੀ ਬਾਦਲ ਪਰਿਵਾਰ ਦੇ ਚਹੇਤੇ ਅਤੇ ਚੰਭਲਾਏ ਸਿਕੰਦਰ ਮਲੂਕੇ ਦੀ ਇਹ ਘਿਣਾਉਣੀ ਚਾਲ ਸਿੱਖ ਸੰਸਥਾਂਵਾਂ ਅਤੇ ਪੰਥ ਹਿਤੈਸ਼ੀਆਂ ਲਈ ਪਹਿਲਾਂ ਨਾਲੋਂ ਵੱਧ ਸੁਚੇਤ ਹੋ ਕੇ ਅਜਿਹੀਆਂ ਕਾਰਵਾਈਆਂ ਵਿਰੁਧ ਲਾਮਬੰਦ ਤੇ ਸਰਗਰਮ ਹੋਣ ਦੀ ਵੱਡੀ ਚੁਣੌਤੀ ਅਤੇ ਜ਼ਿੰਮੇਵਾਰੀ ਵਜੋਂ ਉਭਰ ਕੇ ਸਾਹਮਣੇ ਆਈ ਹੈ।