ਭਾਰਤ-ਪਾਕਿ ਸਰਹੱਦ ਦੋ ਸਾਲਾਂ ਵਿਚ ਸੀਲ ਕੀਤੀ ਜਾਵੇਗੀ : ਰਾਜਨਾਥ
ਜੈਸਲਮੇਰ/ਬਿਊਰੋ ਨਿਊਜ਼ :
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਲ-2018 ਤੱਕ ਭਾਰਤ-ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਤਣਾਅ ਦੌਰਾਨ ਕੁੱਝ ਵੀ ਬੋਲਣ ਵੇਲੇ ਜ਼ਾਬਤੇ ਵਿੱਚ ਰਹਿਣ।
ਇਥੇ ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸੇ ਤਰ੍ਹਾਂ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉੜੀ ਹਮਲੇ ਅਤੇ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਹਮਲੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੌਰਾਨ ਇਥੇ ਪੁੱਜਣ ‘ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਾਜਸਥਾਨ, ਪੰਜਾਬ, ਜੰਮੂ ਕਸ਼ਮੀਰ ਅਤੇ ਗੁਜਰਾਤ ਵਿੱਚ ਤਾਜ਼ਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਬਾਅਦ ਗ੍ਰਹਿ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸਾਲ-2018 ਤੱਕ ਭਾਰਤ ਪਾਕਿਸਤਾਨ ਦੀ ਸਰਹੱਦ ਪੂਰੀ ਤਰ੍ਹਾਂ ਸੀਲ ਕਰ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਬਾਰਡਰ ਸਕਿਓਰਿਟੀ ਗਰਿੱਡ ਬਣਾਈ ਜਾਵੇਗੀ ਅਤੇ ਲਗਾਤਰ ਇਸ ਦੀ ਨਿਗਰਾਨੀ ਕੀਤੀ ਜਾਵੇਗੀ। ਸ੍ਰੀ ਰਾਜਨਾਥ ਸਿੰਘ ਨੇ ਮੰਨਿਆ ਕਿ ਪਾਕਿਸਤਾਨ ਨਾਲ ਤਣਾਅ ਵਧਿਆ ਹੈ ਪਰ ਨਾਲ ਹੀ ਸਪਸ਼ਟ ਕੀਤਾ ਕਿ ਦੇਸ਼ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਦੇਸ਼ਵਾਸੀਆਂ ਨੂੰ ਫੌਜ ਤੇ ਜਵਾਨਾਂ ਉਪਰ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੌਜ ਤੇ ਜਵਾਨਾਂ ਉਪਰ ਪੂਰੀ ਤਰ੍ਹਾਂ ਵਿਸ਼ਵਾਸ ਤੇ ਭਰੋਸਾ ਹੈ, ਜਿਸ ਤਰ੍ਹਾਂ ਨਾਲ ਕਿਸਾਨ ਆਪਣੀ ਫਸਲ ਦੀ ਰਖਵਾਲੀ ਕਰਦਾ ਹੈ ਉਸੇ ਤਰ੍ਹਾਂ ਜਵਾਨ ਸਰਹੱਦ ਦੀ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਇਮ ਕੀਤੀ ਜਾਣ ਵਾਲੀ ਬਾਰਡਰ ਸਕਿਓਰਿਟੀ ਗਰਿੱਡ ਦੀ ਹਰ ਪੱਧਰ ‘ਤੇ ਨਿਗਰਾਨੀ ਹੋਵੇਗੀ ਅਤੇ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਉਪਰ ਕੰਮ ਕਰਨਾ ਹੋਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਸਕੱਤਰ ਤੇ ਰਾਜਾਂ ਦੇ ਮੁੱਖ ਸਕੱਤਰਾਂ ਦੀ ਪੰਦਰਾਂ ਦਿਨਾਂ ਵਿੱਚ ਮੀਟਿੰਗ ਹੋਵੇਗੀ। ਮੰਤਰੀ ਨੇ ਦੱਸਿਆ ਕਿ ਸਰਹੱਦ ਸੀਲ ਕਰਨ ਵਿੱਚ ਉੱਚ ਪੱਧਰ ਦੀ ਤਕਨੀਕ ਦੀ ਵਰਤੋਂ ਵੀ ਕੀਤੀ ਜਾਵੇਗੀ। ਰਾਜਾਂ ਦੀ ਮੀਟਿੰਗ ਦੌਰਾਨ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਗੁਜਰਾਤ ਦੇ ਰਾਜਸਥਾਨ ਦੇ ਗ੍ਰਹਿ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬ੍ਰਿਜ ਰਾਜ ਸ਼ਰਮਾ ਹਾਜ਼ਰ ਸਨ। ਸਰਹੱਦ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ ਲੈਣ ਬਾਰੇ ਇਸ ਮੀਟਿੰਗ ਵਿੱਚ ਬੀਐਸਐਫ ਦੇ ਅਧਿਕਾਰੀ ਵੀ ਸਨ।
ਇਸ ਦੌਰਾਨ ਗ੍ਰਹਿ ਮੰਤਰੀ ਨੇ ਨੇਤਾਵਾਂ ਨੂੰ ਕਿਹਾ ਕਿ ਉਹ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦੇ ਮੱਦੇਨਜ਼ਰ ਆਪਣੀ ਬਿਆਨਬਾਜ਼ੀ ਵੇਲੇ ਜ਼ਾਬਤੇ ਤੋਂ ਕੰਮ ਲੈਣ। ਉਨ੍ਹਾਂ ਰਾਹੁਲ ਗਾਂਧੀ ਵੱਲੋਂ ਜਵਾਨਾਂ ਦੀ ਸ਼ਹਾਦਤ ਬਾਰੇ ਕੀਤੀ ਵਿਵਾਦਪੂਰਨ ਟਿੱਪਣੀ ਸਬੰਧੀ ਕੋਈ ਸਿੱਧਾ ਜੁਆਬ ਦੇਣ ਦੀ ਥਾਂ ਇਹ ਕਿਹਾ ਕਿ ਹਰ ਵਰਗ ਦੇ ਨੇਤਾ ਬੋਲਣ ਵੇਲੇ ਜ਼ਾਬਤੇ ਵਿੱਚ ਰਹਿਣ ਤੇ ਦੇਸ਼ ਨੂੰ ਜਵਾਨਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ‘ਤੇ ਭਰੋਸਾ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।
Comments (0)