ਰੇਡੀਓ ਆਧਾਰਤ ਰਿਪੋਰਟਾਂ ਵਿਚ ਦਾਅਵਾ : ਸਰਜੀਕਲ ਹਮਲੇ ਵਿਚ ਲਸ਼ਕਰ ਨੂੰ ਹੋਇਆ ਭਾਰੀ ਨੁਕਸਾਨ
ਬਾਰਾਮੁੱਲਾ/ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ ਪਾਰ ਕੀਤੇ ਗਏ ਸਰਜੀਕਲ ਹਮਲਿਆਂ ਵਿਚ ਹਾਫ਼ਿਜ਼ ਸਈਦ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਰੇਡੀਓ ‘ਤੇ ਫੜੀ ਗਈ ਗੱਲਬਾਤ ‘ਤੇ ਆਧਾਰਤ ਮੁਲਾਂਕਣ ਰਿਪੋਰਟਾਂ ਤੋਂ ਸੰਕੇਤ ਮਿਲੇ ਹਨ ਕਿ ਦਹਿਸ਼ਤੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦੌਰਾਨ ਲਸ਼ਕਰ ਦੇ ਕਰੀਬ 20 ਦਹਿਸ਼ਤਗਰਦ ਹਲਾਕ ਹੋਏ ਹਨ।
ਭਾਰਤੀ ਫ਼ੌਜ ਦੀਆਂ ਫੀਲਡ ਇਕਾਈਆਂ ਤੋਂ ਮਿਲੀਆਂ ਮੁਲਾਂਕਣ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਲਸ਼ਕਰ ਨੂੰ ਆਪਣੇ ਮਕਬੂਜ਼ਾ ਕਸ਼ਮੀਰ ਵਿਚਲੇ ਡਡਨਿਆਲ ਕੈਂਪ ਵਿਚ ਭਾਰੀ ਨੁਕਸਾਨ ਸਹਿਣਾ ਪਿਆ ਹੈ। ਸੂਤਰਾਂ ਨੇ ਕਿਹਾ ਕਿ ਫ਼ੌਜੀ ਡਿਵੀਜ਼ਨ ਦੀਆਂ ਪੰਜ ਟੀਮਾਂ ਨੂੰ ਕੈਲ ਜਾਂ ਕੇਲ ਅਤੇ ਡਡਨਿਆਲ ਵਿਚ ਦਹਿਸ਼ਤੀ ਗੁੱਟਾਂ ਦੇ ਕੈਂਪਾਂ ਨੂੰ ਤਬਾਹ ਕਰਨ ਲਈ ਭੇਜਿਆ ਗਿਆ ਸੀ।
28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੀਤੇ ਗਏ ਹਮਲੇ ਵਿਚ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਤੋਂ 700 ਮੀਟਰ ਅੰਦਰ ਪਾਕਿਸਤਾਨੀ ਚੌਕੀ ਦੀ ਨਿਗਰਾਨੀ ਹੇਠ ਪੈਂਦੇ ਚਾਰ ਦਹਿਸ਼ਤੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ। ਰਿਪੋਰਟਾਂ ਮੁਤਾਬਕ ਜਦੋਂ ਹਮਲਾ ਹੋਇਆ ਤਾਂ ਦਹਿਸ਼ਤਗਰਦ ਪਾਕਿਸਤਾਨੀ ਚੌਕੀ ਵੱਲ ਭੱਜਦੇ ਦੇਖੇ ਗਏ ਪਰ ਉਨ੍ਹਾਂ ਨੂੰ ਭਾਰਤੀ ਜਵਾਨਾਂ ਨੇ ਪਹਿਲਾਂ ਹੀ ਮਾਰ ਮੁਕਾਇਆ।
ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਫੜੇ ਗਏ ਵਾਇਰਲੈੱਸ ਸੁਨੇਹਿਆਂ ਤੋਂ ਸੰਕੇਤ ਮਿਲੇ ਕਿ ਚਾਰ ਕੈਂਪਾਂ ‘ਤੇ ਹਮਲਿਆਂ ਦੌਰਾਨ ਲਸ਼ਕਰ ਦੇ ਘੱਟੋ ਘੱਟ 10 ਦਹਿਸ਼ਤਗਰਦ ਮਾਰੇ ਗਏ। ਸਵੇਰ ਹੋਣ ਤੱਕ ਪਾਕਿਸਤਾਨੀ ਫ਼ੌਜ ਦੇ ਵਾਹਨ ਘੁੰਮਦੇ ਰਹੇ ਅਤੇ ਸਾਰੀਆਂ ਲਾਸ਼ਾਂ ਨੂੰ ਟਿਕਾਣੇ ਲਾ ਦਿੱਤਾ ਗਿਆ। ਸੂਤਰਾਂ ਮੁਤਾਬਕ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਨੂੰ ਨੀਲਮ ਵਾਦੀ ਵਿਚ ਦਫ਼ਨਾਇਆ ਗਿਆ।
ਦਹਿਸ਼ਤਗਰਦਾਂ ਨੂੰ ਇਸੇ ਤਰ੍ਹਾਂ ਦਾ ਝਟਕਾ ਬਲੋਨੀ ਇਲਾਕੇ ਵਿਚ ਦਿੱਤਾ ਗਿਆ, ਜਿਥੇ ਲਸ਼ਕਰ ਦੇ 9 ਦਹਿਸ਼ਤਗਰਦ ਮਾਰੇ ਗਏ। ਸੂਤਰਾਂ ਨੇ ਕਿਹਾ ਕਿ ਇਸੇ ਸੈਕਟਰ ਵਿਚ ਪਾਕਿਸਤਾਨ ਦੇ ਦੋ ਫ਼ੌਜੀ ਹਲਾਕ ਹੋਏ ਸਨ। ਇਸ ਦੌਰਾਨ ਚੌਕੀ ‘ਤੇ ਜਿਹੜੇ ਸੁਨੇਹੇ ਫੜੇ ਜਾ ਰਹੇ ਸਨ, ਉਹ ਵੀ ਬੰਦ ਹੋ ਗਏ। ਖ਼ੁਫ਼ੀਆਂ ਰਿਪੋਰਟਾਂ ਮੁਤਾਬਕ ਅਤਿਵਾਦੀ ਕਸ਼ਮੀਰ ਅਤੇ ਜੰਮੂ ਦੀਆਂ ਵੱਖ ਵੱਖ ਥਾਵਾਂ ਤੋਂ ਭਾਰਤ ਵਿੱਚ ਦਾਖਲ ਹੋਣ ਲਈ ਮੌਕੇ ਦੀ ਉਡੀਕ ਵਿੱਚ ਸਨ। ਦੂਜੇ ਪਾਸੇ ਭਾਰਤੀ ਫੌਜ ਵੀ ਤਿਆਰ ਬੈਠੀ ਸੀ ਕਿ ਜਦੋਂ ਹੀ ਇਹ ਅਤਿਵਾਦੀ ਇਕੱਠੇ ਹੋਣਗੇ ਉਦੋਂ ਹੀ ਉਨ੍ਹਾਂ ਨੂੰ ਘੇਰ ਕੇ ਢੇਰੀ ਕਰ ਦਿੱਤਾ ਜਾਵੇਗਾ।
Comments (0)