ਸੁਖਬੀਰ ਬਾਦਲ ਖ਼ਿਲਾਫ਼ ਭਗਵੰਤ ਮਾਨ ਹੋਣਗੇ ‘ਆਪ’ ਦੇ ਉਮੀਦਵਾਰ

ਸੁਖਬੀਰ ਬਾਦਲ ਖ਼ਿਲਾਫ਼ ਭਗਵੰਤ ਮਾਨ ਹੋਣਗੇ ‘ਆਪ’ ਦੇ ਉਮੀਦਵਾਰ

ਜਲਾਲਾਬਾਦ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਲਾਲਾਬਾਦ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਚੋਣ ਲੜਨਗੇ। ਪੰਜਾਬ ਵਿਚ ਆਪਣੇ 11 ਰੋਜ਼ਾ ਦੌਰੇ ਦੇ ਪਹਿਲੇ ਦਿਨ ਬਾਦਲ ਪਰਿਵਾਰ ਦੇ ਸਿਆਸੀ ਘਰੇਲੂ ਮੈਦਾਨ ਜਲਾਲਾਬਾਦ ਵਿਚ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜੇਕਰ ਬਾਦਲ ਆਪਣਾ ਮਨ ਬਦਲਦੇ ਹਨ ਤੇ ਕਿਸੇ ਦੂਸਰੀ ਸੀਟ ਤੋਂ ਚੋਣ ਲੜਨ ਦੀ ਸੋਚਦੇ ਹਨ, ਤਾਂ ਭਗਵੰਤ ਮਾਨ ਵੀ ਉਨ੍ਹਾਂ ਦਾ ਪਿਛਾ ਕਰਨਗੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ, ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਪੰਜਾਬ ਵਿਚ ਮੈਨੂੰ ਇਹ ਮੌਕਾ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਇੱਥੇ ਅਨਾਜ ਮੰਡੀ ਵਿੱਚ ‘ਪੰਜਾਬ ਇਨਕਲਾਬ ਰੈਲੀ’ ਕੀਤੀ ਗਈ। ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਵਰਤਮਾਨ ਮਾੜੇ ਹਾਲਾਤ ਲਈ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪਿਛਲੇ 15 ਸਾਲਾਂ ਵਿੱਚ ਪੰਜਾਬੀਆਂ ਨੂੰ ਲੁੱਟਿਆ ਅਤੇ ਆਮ ਜਨਤਾ ਦਾ ਖ਼ੂਨ ਚੂਸਿਆ। ਹੁਣ ਇਨ੍ਹਾਂ ਦੇ ਪਾਪ ਦਾ ਘੜਾ ਭਰ ਚੁੱਕਿਆ ਹੈ ਅਤੇ ‘ਆਪ’ ਵੱਲੋਂ ਪੰਜਾਬ ਵਿੱਚ ਫੈਲੀ ਸਿਆਸੀ ਗੰਦਗੀ ਸਾਫ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਵਿੱਸ ਬੈਂਕ ਖਾਤਿਆਂ ਨੂੰ ਜਨਤਾ ਵਿੱਚ ਉਜਾਗਰ ਕੀਤਾ ਜਾਵੇਗਾ।
ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਵੀ ਸਖ਼ਤੀ ਨਾਲ ਖਤਮ ਕਰਨ ਦਾ ਵਾਅਦਾ ਕੀਤਾ। ਕੈਪਟਨ ਤੇ ਬਾਦਲ ਦੇ ਰਿਸ਼ਤਿਆਂ ਦੀ ਗੱਲ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਪਸ ਵਿੱਚ ਰਲੇ ਹੋਏ ਹਨ, ਜਿਸ ਦੀ ਮਿਸਾਲ ਅਕਾਲੀ ਸਰਕਾਰ ਵੱਲੋਂ ਕੈਪਟਨ ਖ਼ਿਲਾਫ਼ ਚੱਲ ਰਹੇ ਕੇਸ ਵਾਪਸ ਲੈਣੇ ਅਤੇ ਕੈਪਟਨ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਮਜੀਠੀਆ ਦਾ ਪੱਖ ਪੂਰਨਾ ਹੈ। ਉਨ੍ਹਾਂ ਅਕਾਲੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ”ਜਿੰਨੇ ਮਰਜ਼ੀ ਪਰਚੇ ਕਰਵਾ ਲਓ, ਅਸੀਂ ਡਰਨ ਵਾਲੇ ਨਹੀਂ।” ਸ੍ਰੀ ਕੇਜਰੀਵਾਲ ਨੇ ਦੁਹਰਾਇਆ ਕਿ ਉਨ੍ਹਾਂ ਛੇ ਮਹੀਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ”ਜੇ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰ ਕੇ ਦਿਖਾਵੇ, ਨਹੀਂ ਤਾਂ ਛੇ ਮਹੀਨਿਆਂ ਬਾਅਦ ਮੈਂ ਉਸ ਨੂੰ ਜੇਲ੍ਹ ਭੇਜਾਂਗਾ।” ਉਨ੍ਹਾਂ ਕਿਹਾ, ”ਮੈਂ ਅੱਜ ਫਿਰ ਦੁਹਰਾਉਦਾ ਹਾਂ ਕਿ ਜੇ ਹਿੰਮਤ ਹੈ ਤਾਂ ਦੋ ਮਹੀਨਿਆਂ ਵਿੱਚ ਮੈਨੂੰ ਗ੍ਰਿਫ਼ਤਾਰ ਕਰ ਕੇ ਦਿਖਾਵੇ, ਨਹੀਂ ਤਾਂ ਦੋ ਮਹੀਨਿਆਂ ਬਾਅਦ ਮਜੀਠੀਆ ਸਲਾਖਾਂ ਪਿੱਛੇ ਹੋਵੇਗਾ।”
ਇਸ ਮੌਕੇ ਜਲਾਲਾਬਾਦ ਤੋਂ ਐਲਾਨੇ ਪਾਰਟੀ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਕੋਲੋਂ ਸਹਿਯੋਗ ਮੰਗਦਿਆਂ ਕਿਹਾ ਕਿ ਪਾਰਟੀ ਦਾ ਜੋ ਫੈਸਲਾ ਹੈ, ਉਹ ਉਨ੍ਹਾਂ ਨੂੰ ਪ੍ਰਵਾਨ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਅਮੀਰਾਂ ਅਤੇ ਜ਼ਮੀਰਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਖਾਤਿਆਂ ਵਿੱਚ ਪੈਸੇ ਨਹੀਂ ਪਰ ਲੋਕਾਂ ਦੇ ਪਿਆਰ ਤੇ ਸਹਿਯੋਗ ਨਾਲ ਅਕਾਲੀ ਸਰਕਾਰ ਨੂੰ ਪੰਜਾਬ ਵਿੱਚੋਂ ਚੱਲਦਾ ਕੀਤਾ ਜਾਵੇਗਾ।
ਇਸ ਮੌਕੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸੰਜੈ ਸਿੰਘ, ਪ੍ਰੋ. ਸਾਧੂ ਸਿੰਘ, ਵਿਧਾਇਕ ਜਰਨੈਲ ਸਿੰਘ, ਮੋਹਰ ਸਿੰਘ ਫਲੀਆਂਵਾਲਾ, ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ, ਪੰਕਜ ਰੰਗਾ, ਮਲਕੀਤ ਸਿੰਘ ਥਿੰਦ, ਰਾਜਾ ਰਜੋਰਾ, ਬਲਦੇਵ ਸਿੰਘ ਆਜ਼ਾਦ, ਮਹਿੰਦਰ ਕਚੂਰਾ, ਰਾਜੂ ਸਰਕਾਰ, ਪਵਨ ਕੁਮਾਰ ਕਾਮਰੇਡ, ਕਾਕਾ ਬਰਾੜ ਅਤੇ ਦੇਵ ਰਾਜ ਸ਼ਰਮਾ ਨੇ ਸੰਬੋਧਨ ਕੀਤਾ।