ਪਟਨਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਸ਼ੁਰੂ

ਪਟਨਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਸ਼ੁਰੂ

ਕੈਪਸ਼ਨ-ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਚ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ। 
ਪਟਨਾ ਸਾਹਿਬ/ਬਿਊਰੋ ਨਿਊਜ਼ :
ਇਥੇ ਤਖ਼ਤ ਸ੍ਰੀ ਪਟਨਾ ਸਹਿਬ ਵਿਖੇ ਸੰਗਤਾਂ ਦਾ ਇਕੱਠ ਉਦੋਂ ਜੁੜਦਾ ਹੈ ਜਦੋਂ ਗਿਆਨੀ ਇਕਬਾਲ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਦੀਆਂ ਨਿਸ਼ਾਨੀਆਂ ਦੇ ਦਰਸ਼ਨ-ਦੀਦਾਰੇ ਕਰਵਾਏ ਜਾਂਦੇ ਹਨ। ਜੈਕਾਰੇ ਛੱਡਦੀਆਂ ਸੰਗਤਾਂ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਦੀਆਂ ਹਨ। ਇਨ੍ਹਾਂ ਨਿਸ਼ਾਨੀਆਂ ਵਿੱਚ ਚੰਦਨ ਦਾ ਕੰਘਾ, ਕੇਸਾਂ ਵਿੱਚ ਪਾਉਣ ਵਾਲਾ ਛੋਟਾ ਚੱਕਰ, ਦਸਤਾਰ ‘ਤੇ ਸਜਾਉਣ ਵਾਲਾ ਖੰਡਾ, ਦਸਤਾਰ ‘ਤੇ ਸਜਾਉਣ ਵਾਲੇ ਚੱਕਰ, ਬਾਲ ਅਵਸਥਾ ਵਾਲਾ ਚੋਲਾ, ਚੰਦਨ ਦੀਆਂ ਖੜਾਵਾਂ, ਬਾਲਾ ਪ੍ਰੀਤਮ (ਬਾਲ ਅਵਸਥਾ) ਦੇ ਗੁਲੇਲੇ ਜਿਨ੍ਹਾਂ ਨਾਲ ਉਹ ਮਟਕੀਆਂ ਤੋੜਦੇ ਸਨ, ਤੀਰ ਅਤੇ ਤਲਵਾਰ ਸ਼ਾਮਲ ਹਨ। ਇਨ੍ਹਾਂ ਨਿਸ਼ਾਨੀਆਂ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਖੜਾਵਾਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ। ਨਿਸ਼ਾਨੀਆਂ ਬਾਰੇ ਤਖ਼ਤ ਦੇ ਜਥੇਦਾਰ, ਗਿਆਨੀ ਇਕਬਾਲ ਸਿੰਘ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਹਨ। 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਮੌਕੇ ਪਟਨਾ ਸਾਹਿਬ ਦੇ ਬਾਜ਼ਾਰਾਂ ਵਿਚ ਲੱਗੀਆਂ ਰੌਣਕਾਂ ਪੰਜਾਬ ਤੋਂ ਕਈ ਸਿੱਖ ਸੰਪਰਦਾਵਾਂ ਕਈ ਦਿਨ ਪਹਿਲਾਂ ਹੀ ਪਟਨਾ ਸਾਹਿਬ ਪਹੁੰਚ ਗਈਆਂ ਸਨ, ਜਿਨ੍ਹਾਂ ਨੇ ਇੱਥੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਹਨ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਦੇਰ ਰਾਤ ਤਕ ਸੰਗਤਾਂ ਪਹੁੰਚਦੀਆਂ ਹਨ।