ਮੁੱਕੇਬਾਜ਼ ਵਿਕਾਸ ਅਤੇ ਸ਼ਿਵ ਥਾਪਾ ਦੀ ਚੈਂਪੀਅਨਸ਼ਿਪ ਲਈ ਵਾਪਸੀ

ਮੁੱਕੇਬਾਜ਼ ਵਿਕਾਸ ਅਤੇ ਸ਼ਿਵ ਥਾਪਾ ਦੀ ਚੈਂਪੀਅਨਸ਼ਿਪ ਲਈ ਵਾਪਸੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਮਈ ਵਿੱਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਲਈ ਕੁਝ ਸਥਾਪਤ ਅਤੇ ਦੋ ਨਵੇਂ ਮੁੱਕੇਬਾਜ਼ਾਂ ਨੂੰ ਟੀਮ ਵਿੱਚ ਥਾਂ ਮਿਲੀ ਹੈ, ਪਰ ਦੋ ਵਾਰ ਤਗਮਾ ਜਿੱਤਣ ਵਾਲੇ ਐਲ ਦੇਵੇਂਦਰੋ ਸਿੰਘ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਤਗਮਾ ਜੇਤੂ ਸ਼ਿਵ ਥਾਪਾ (60 ਕਿਲੋਗ੍ਰਾਮ) ਅਤੇ ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ) ਦੇ ਨਾਲ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਮਨੋਜ ਕੁਮਾਰ (60 ਕਿਲੋਗ੍ਰਾਮ) ਨੂੰ ਉਮੀਦ ਅਨੁਸਾਰ 30 ਅਪ੍ਰੈਲ ਤੋਂ ਸੱਤ ਮਈ ਵਿਚਾਲੇ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਲਈ ਟੀਮ ਵਿੱਚ ਚੁਣਿਆ ਗਿਆ। ਇਹ ਕਾਂਟੀਨੈਂਟਲ ਚੈਂਪੀਅਨਸ਼ਿਪ ਇਸ ਵਰ੍ਹੇ ਦੇ ਅਖੀਰ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈਂਗ ਮੁਕਾਬਲਾ ਵੀ ਹੈ। ਸਾਬਕਾ ਏਸ਼ੀਆਈ ਓਲੰਪਿਕ ਕੁਆਲੀਫਾਇਰਜ਼ ਸੋਨ ਤਗਮਾ ਜੇਤੂ ਸੁਮਿਤ ਸਾਂਗਵਾਨ ਨੇ ਵਾਪਸੀ ਕੀਤੀ। ਉਸ ਨੇ ਅੰਤਿਮ ਵਾਰ ਬੀਤੇ ਵਰ੍ਹੇ ਜੂਨ ਵਿੱਚ ਰੀਓ ਓਲੰਪਿਕ ਕੁਆਲੀਫਾਇਰ ਖੇਡਿਆ ਸੀ। ਉਹ ਹੁਣ ਹੈਵੀਵੇਟ 81 ਕਿਲੋਗ੍ਰਾਮ ਦੀ ਥਾਂ ਹੈਵੀਵੇਟ 91 ਕਿਲੋਗ੍ਰਾਮ ਵਿੱਚ ਖੇਡੇਗਾ। ਨਵੇਂ ਭਾਰ ਵਰਗ ਵਿੱਚ ਇਹ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ। ਏਸ਼ੀਆਈ ਨੌਜਵਾਨ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜੇਤੂ ਆਸ਼ੀਸ਼ ਕੁਮਾਰ (64 ਕਿਲੋਗ੍ਰਾਮ) ਅਤੇ ਟ੍ਰਾਇਲਜ਼ ਵਿੱਚ ਦੇਵੇਂਦਰੋ ਨੂੰ ਹਰਾਉਣ ਵਾਲੇ ਕਵਿੰਦਰ ਸਿੰਘ (52 ਕਿਲੋਗ੍ਰਾਮ) ਨੂੰ ਟੀਮ ਵਿੱਚ ਲਿਆ ਗਿਆ ਹੈ। ਇਹ ਦੋਨੋਂ ਮੁੱਕੇਬਾਜ਼ ਤਾਸ਼ਕੰਦ ਵਿੱਚ ਸੀਨੀਅਰ ਕੌਮਾਂਤਰੀ ਮੁਕਾਬਲੇ ਦਾ ਆਗਾਜ਼ ਕਰਨਗੇ। ਦੇਵੇਂਦਰੋ ਨੂੰ ਇਸ ਮੁਕਾਬਲੇ ਲਈ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਚੈਂਪੀਅਨਸ਼ਿਪ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ ਲਈ ਕਜਾਖ਼ਸਤਾਨ ਜਾਵੇਗੀ। ਦੇਵੇਂਦਰੋ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ 2013 ਵਿਚ ਚਾਂਦੀ ਅਤੇ 2015 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਕੇ ਸ਼ਿਆਮ ਕੁਮਾਰ (49 ਕਿਲੋਗ੍ਰਾਮ) ਨੂੰ ਵੀ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਉਸ ਨੇ ਥਾਈਲੈਂਡ ਕੌਮਾਂਤਰੀ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ ਸੀ। ਇਸੇ ਤਰ੍ਹਾਂ ਅਮਿਤ ਫਾਂਗਲ ਨੂੰ ਵੀ ਲਾਈਟ ਫਲਾਈਵੇਟ (49 ਕਿਲੋਗ੍ਰਾਮ) ਵਰਗ ਵਿੱਚ ਟੀਮ ਵਿੱਚ ਰੱਖਿਆ ਗਿਆ ਹੈ।