ਦੁਨੀਆ ਭਰ ਵਿਚ ਸ਼ਾਇਦ ਹੀ ਕਦੇ ਕਾਰਗਰ ਰਹੀ ਨੋਟਬੰਦੀ
ਨੋਟਬੰਦੀ ਦਾ ਫ਼ੈਸਲਾ ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਕਈ ਹੋਰ ਮੁਲਕਾਂ ਵਿਚ ਪਹਿਲਾਂ ਵੀ ਹੋ ਚੁੱਕਾ ਹੈ।
ਸੋਵੀਅਤ ਯੂਨੀਅਨ :
ਜਨਵਰੀ 1991 ਵਿਚ ਮਿਖਾਈਲ ਗੋਰਬਾਚੇਵ ਦੀ ਅਗਵਾਈ ਵਿਚ ਰੂਸ ਨੇ ਕਾਲੇ ਧਨ ‘ਤੇ ਕਾਬੂ ਪਾਉਣ ਲਈ 50 ਅਤੇ 100 ਰੂਬਲ ਵਾਪਸ ਲਏ ਸਨ। ਮੋਦੀ ਨੇ ਵੀ ਇਸੇ ਟੀਚੇ ਨਾਲ ਇਹ ਕਦਮ ਚੁੱਕਿਆ ਹੈ। ਉਦੋਂ ਰੂਸ ਦੀ ਪ੍ਰਚੱਲਤ ਕਰੰਸੀ ਵਿਚ 50 ਤੇ 100 ਰੂਬਲ ਦੀ ਮੌਜੂਦਗੀ ਇਕ ਤਿਹਾਈ ਸੀ। ਹਾਲਾਂਕਿ ਗੋਰਬਾਚੇਵ ਦੇ ਇਸ ਕਦਮ ਨਾਲ ਮਹਿੰਗਾਈ ਰੋਕਣ ਵਿਚ ਕੋਈ ਮਦਦ ਨਹੀਂ ਮਿਲੀ ਸੀ। ਰੂਸ ਨੇ ਇਹ ਕਦਮ ਲੋਕਾਂ ਦਾ ਭਰੋਸਾ ਜਿੱਤਣ ਲਈ ਚੁੱਕਿਆ ਸੀ। ਉਦੋਂ ਉਥੋਂ ਦੀ ਆਰਥਿਕ ਸਥਿਤੀ ਬੇਹੱਦ ਖ਼ਰਾਬ ਸੀ। ਗੋਰਬਾਚੇਵ ਨੂੰ ਉਦੋਂ ਤਖ਼ਤਾਪਲਟ ਦਾ ਵੀ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਹੀ ਸੋਵੀਅਤ ਸੰਘ ਦਾ ਪਤਨ ਹੋਇਆ ਸੀ। ਇਸ ਤੋਂ ਸਬਕ ਸਿਖਦਿਆਂ ਰੂਸ ਨੇ 1998 ਵਿਚ ਇਸ ਕਦਮ ਨੂੰ ਵਾਪਸ ਲੈ ਲਿਆ ਸੀ।
ਉਤਰ ਕੋਰੀਆ :
2010 ਵਿਚ ਉਤਰ ਕੋਰੀਆ ਦੇ ਉਸ ਵੇਲੇ ਦੇ ਨੇਤਾ ਕਿਮ ਜੋਂਗ-ਇਲ ਨੇ ਪੁਰਾਣੀ ਕਰੰਸੀ ਦੀ ਕੀਮਤ ਵਿਚੋਂ ਦੋ ਸਿਫ਼ਰ ਹਟਾ ਦਿੱਤੇ ਸਨ ਭਾਵ ਸੌ ਦਾ ਨੋਟ ਇਕ ਦਾ ਰਹਿ ਗਿਆ ਸੀ। ਉਨ੍ਹਾਂ ਨੇ ਅਜਿਹਾ ਅਰਥਵਿਵਸਥਾ ਨੂੰ ਕੰਟਰੋਲ ਕਰਨ ਅਤੇ ਕਾਲਾਬਾਜ਼ਾਰੀ ‘ਤੇ ਲਗਾਮ ਕੱਸਣ ਲਈ ਕੀਤਾ ਸੀ। ਉਸ ਵਕਤ ਉਥੇ ਖੇਤੀ ਸੰਕਟ ਦੇ ਦੌਰ ਤੋਂ ਲੰਘ ਰਹੀ ਸੀ ਤੇ ਕੋਰੀਆ ਖੁਰਾਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਇਸ ਕਦਮ ਨਾਲ ਉਤਰ ਕੋਰੀਆ ਦੀ ਅਰਥਵਿਵਸਥਾ ਹੋਰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈ ਸੀ। ਰਿਪੋਰਟ ਮੁਤਾਬਕ ਇਸੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਵਿਤ ਮੁਖੀ ਨੂੰ ਫਾਂਸੀ ਦੇ ਦਿੱਤੀ ਗਈ ਸੀ।
ਜ਼ਾਇਰ :
ਤਾਨਾਸ਼ਾਹ ਮੋਬਤੁ ਸੇਸੇ ਸੇਕੋ ਨੂੰ 1090 ਦੇ ਦਹਾਕੇ ਵਿਚ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਮੋਬਤੁ ਵੀ ਬੈਂਕ ਨੋਟ ਵਿਚ ਸੁਧਾਰ ਦੇ ਨਾਂ ‘ਤੇ ਕਈ ਚੀਜ਼ਾਂ ਨੂੰ ਅਮਲ ਵਿਚ ਲਿਆਏ ਸਨ। 1993 ਵਿਚ ਸਿਸਟਮ ਨਾਲ ਅਪ੍ਰਚਾਲਤ ਮੁੱਦਰਾ ਨੂੰ ਵਾਪਸ ਲੈਣ ਦੀ ਯੋਜਨਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਮਹਿੰਗਾਈ ਵਧ ਗਈ ਤੇ ਡਾਲਰ ਦੇ ਮੁਕਾਬਲੇ ਉਥੋਂ ਦੀ ਕਰੰਸੀ ਵਿਚ ਭਾਰੀ ਗਿਰਾਵਟ ਆਈ ਸੀ। 1997 ਵਿਚ ਇਕ ਸਿਵਲ ਵਾਰ ਮਗਰੋਂ ਮੋਬਤੁ ਸੱਤਾ ਤੋਂ ਬੇਦਖ਼ਲ ਹੋ ਗਏ ਸਨ।
ਮਿਆਂਮਾਰ :
1987 ਵਿਚ ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਦੇਸ਼ ਵਿਚ ਪ੍ਰਚੱਲਤ 80 ਫ਼ੀਸਦੀ ਕਰੰਸੀ ਨੂੰ ਅਯੋਗ ਐਲਾਨ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਲੈਕ ਮਾਰਕਿਟ ਨੂੰ ਕਾਬੂ ਵਿਚ ਕਰਨ ਲਈ ਕਈ ਕਦਮ ਚੁੱਕੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਵਿਦਿਆਰਥੀ ਸੜਕਾਂ ‘ਤੇ ਉਤਰ ਆਏ ਅਤੇ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ। ਮਿਆਂਮਾਰ ਨੂੰ ਇਸ ਕਦਮ ਨਾਲ ਆਰਥਿਕ ਮੋਰਚੇ ‘ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
ਘਾਨਾ :
1982 ਵਿਚ ਘਾਨਾ ਨੇ ਟੈਕਸ ਚੋਰੀ ਰੋਕਣ ਲਈ 50 ਸੇਡੀ ਦੇ ਨੋਟ ਰੱਦ ਕਰ ਦਿੱਤੇ ਸਨ। ਘਾਨਾ ਨੇ ਪੈਸੇ ਦੀ ਤਰਲਤਾ ਨੂੰ ਘੱਟ ਕਰਨ ਅਤੇ ਭ੍ਰਿਸ਼ਟਾਚਾਰ ‘ਤੇ ਕਾਬੂ ਪਾਉਣ ਦੇ ਲਿਹਾਜ਼ ਨਾਲ ਵੀ ਅਜਿਹਾ ਹੀ ਕੀਤਾ ਸੀ। ਘਾਨਾ ਦੇ ਇਸ ਕਦਮ ਨਾਲ ਉਥੋਂ ਦੇ ਬੈਂਕਿੰਗ ਸਿਸਟਮ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਲੋਕਾਂ ਨੇ ਵਿਦੇਸ਼ੀ ਕਰੰਸੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਥੋਂ ਦੇ ਲੋਕਾਂ ਦਾ ਬਚਤ ਖਾਤੇ ਵਿਚ ਕਰੰਸੀ ਤੋਂ ਭਰੋਸਾ ਘੱਟ ਗਿਆ ਸੀ। ਇਸ ਨਾਲ ਕਾਲੇ ਧਨ ਦਾ ਦਾਇਰਾ ਘੱਟ ਹੋਣ ਦੀ ਬਜਾਏ ਹੋਰ ਵਧਿਆ ਸੀ। ਪੇਂਡੂ ਲੋਕ ਮੀਲਾਂ ਦੂਰ ਚੱਲ ਕੇ ਨੋਟ ਬਦਲਵਾਉਣ ਬੈਂਕ ਪਹੁੰਚਦੇ ਸਨ ਪਰ ਤੈਅ ਤਰੀਕ ਦੀ ਸੀਮਾ ਖ਼ਤਮ ਹੋਣ ਮਗਰੋਂ ਇਹ ਸਾਰੇ ਨੋਟ ਬਰਬਾਦ ਹੋ ਗਏ ਸਨ।
ਨਾਈਜੀਰੀਆ :
1984 ਵਿਚ ਨਾਈਜੀਰੀਆ ਵਿਚ ਮੁਹੰਮਦ ਬੁਹਾਰੀ ਦੀ ਅਗਵਾਈ ਵਾਲੀ ਫ਼ੌਜੀ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਦਮ ਚੁੱਕਦਿਆਂ ਨਵੇਂ ਬੈਂਕ ਨੋਟ ਵੱਖ ਰੰਗ ਵਿਚ ਜਾਰੀ ਕੀਤੇ ਸਨ। ਅਜਿਹਾ ਸੀਮਤ ਸਮੇਂ ਵਿਚ ਪੁਰਾਣੇ ਨੋਟਾਂ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ। ਨਾਈਜੀਰੀਆ ਦਾ ਇਹ ਕਦਮ ਬੁਰੀ ਤਰ੍ਹਾਂ ਨਾਲ ਫਲਾਪ ਸਿੱਧ ਹੋਇਆ ਸੀ ਤੇ ਮਹਿੰਗਾਈ ਦੇ ਨਾਲ ਅਰਥ ਵਿਵਸਥਾ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ ਸੀ। ਇਸ ਮਗਰੋਂ ਬੁਕਾਰੀ ਨੂੰ ਤਖ਼ਤਾਪਲਟ ਕਾਰਨ ਸੱਤਾ ਤੋਂ ਬੇਦਖ਼ਲ ਹੋਣਾ ਪਿਆ ਸੀ।
Comments (0)