ਸ਼ਹੀਦੀ ਨਗਰ ਕੀਰਤਨ ਦੀ ਅਰੰਭਤਾ ਮੌਕੇ ਗੁਰੂ ਹਜ਼ੂਰੀ ਤੋਂ ਦਿੱਤਾ ਗਿਆ ਸਿੱਖਾਂ ਨੂੰ ਰਾਜ ਦਾ ਅਵਾਜ਼ਾ

ਸ਼ਹੀਦੀ ਨਗਰ ਕੀਰਤਨ ਦੀ ਅਰੰਭਤਾ ਮੌਕੇ ਗੁਰੂ ਹਜ਼ੂਰੀ ਤੋਂ ਦਿੱਤਾ ਗਿਆ ਸਿੱਖਾਂ ਨੂੰ ਰਾਜ ਦਾ ਅਵਾਜ਼ਾ

ਫਤਹਿਗੜ੍ਹ ਸਾਹਿਬ: ਬੀਤੇ ਕੱਲ੍ਹ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਸਜਾਏ ਜਾਂਦੇ ਨਗਰ ਕੀਰਤਨ ਦੀ ਜਦੋਂ ਸ਼ੁਰੂਆਤ ਹੋਣ ਲੱਗੀ ਤਾਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ 'ਚ ਬੈਠਿਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਵੈਰਾਗਮਈ ਹੋ ਕੇ ਸਿੱਖਾਂ ਨੂੰ ਆਪਣੇ ਰਾਜ ਦਾ ਅਵਾਜ਼ਾ ਦਿੱਤਾ। 

ਉਹਨਾਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਜੁੜੇ ਖਾਲਸਾ ਪੰਥ ਨੂੰ ਸੰਬੋਧਨ ਹੁੰਦਿਆਂ ਕਿਹਾ, "ਸ਼ਹੀਦਾਂ ਨੇ ਆਪਣੇ ਆਪ ਦੀ ਕੁਰਬਾਨੀ ਦੇ ਕੇ ਬੀਜ ਬੀਜੇ, ਜਦੋਂ ਉਹਨਾਂ ਕਿਹਾ ਕਿ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਸਾਨੂੰ ਸ਼ਹਿਨਸ਼ਾਹੀ ਦਿੱਤੀ ਉਹਨਾਂ ਆਪਣੀ ਕੁਰਬਾਨੀ ਦੇ ਕੇ। ਆਪਣੀ ਕੁਰਬਾਨੀ ਦਾ ਪੌਦਾ ਲਾਇਆ ਕਿ ਸਿੱਖਾਂ ਨੇ ਇਸਦੀ ਛਾਂ ਮਾਨਣੀ ਹੈ।"

ਉਹਨਾਂ ਕਿਹਾ ਕਿ ਸਾਹਿਬਜ਼ਾਦੇ ਆਪਣੀ ਸ਼ਹਾਦਤ ਨਾਲ ਸਿੱਖ ਸਲਤਨਤ ਦਾ ਰੁੱਖ ਲਗਾ ਕੇ ਗਏ ਸਨ ਜਿਸ ਹਲੇਮੀ ਰਾਜ ਦੀ ਛਾਂ ਪੂਰੀ ਦੁਨੀਆ ਨੇ ਮਾਨਣੀ ਸੀ। ਉਹਨਾਂ ਕਿਹਾ ਕਿ ਇਹਨਾਂ ਸ਼ਹਾਦਤਾਂ ਸਦਕਾ ਖਾਲਸੇ ਦਾ ਰਾਜ ਇਸ ਧਰਤੀ 'ਤੇ ਪ੍ਰਕਾਸ਼ਮਾਨ ਵੀ ਹੋਇਆ ਤੇ ਪੰਜ ਸਾਲਾਂ ਦੇ ਸਮੇਂ ਵਿੱਚ 750 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਉਹਨਾਂ ਕਿਹਾ ਕਿ ਕਈ ਸਮਾਂ ਸੀ ਜਦੋਂ ਖਾਲਸੇ ਦੇ ਨਿਸ਼ਾਨ ਕੰਧਾਰ ਦੀਆਂ ਕੰਧਾਂ ਤੱਕ ਝੂਲਦੇ ਸਨ ਪਰ ਉਹਨਾਂ ਝੌਰਾ ਕੀਤਾ ਕਿ ਜਿਹੜਾ ਬੂਟਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਿੱਖ ਰਾਜ ਦਾ ਲੱਗਿਆ ਸੀ ਉਹ ਕਦੋਂ 'ਭਾਰਤ ਮਾਤਾ ਦੀ ਜੈ' ਬਣ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ।

ਉਹਨਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਅੱਜ ਅਸੀਂ 35 ਵਰ੍ਹਿਆਂ ਤੋਂ ਹੱਥ 'ਚ ਠੂਠਾ ਲੈ ਕੇ 1984 ਦੇ ਕਤਲ ਹੋਏ ਸਿੱਖਾਂ ਦਾ ਇਨਸਾਫ ਭਾਲਦੇ ਫਿਰ ਰਹੇ ਹਾਂ। 

ਉਹਨਾਂ ਸਿੱਖ ਰਾਜ ਦੀ ਸ਼ਾਨ ਨਾਲ ਜੁੜੀਆਂ ਢਾਡੀ ਸੋਹਣ ਸਿੰਘ ਸੀਤਲ ਦੀਆਂ ਸਤਰਾਂ ਸੁਣਾਈਆਂ 'ਤੇ ਸਿੱਖਾਂ ਨੂੰ ਬਿਪਰਵਾਦ ਅਤੇ ਕਰਮ ਕਾਂਡ ਤੋਂ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।