ਧੁਨੰਤਰ ਬੱਲੇਬਾਜ਼ ਵਿਰਾਟ ਕੋਹਲੀ ਬਣਿਆ ਸਰਵੋਤਮ ਕ੍ਰਿਕਟਰ

ਧੁਨੰਤਰ ਬੱਲੇਬਾਜ਼ ਵਿਰਾਟ ਕੋਹਲੀ ਬਣਿਆ ਸਰਵੋਤਮ ਕ੍ਰਿਕਟਰ

ਲੰਡਨ/ਬਿਊਰੋ ਨਿਊਜ਼ :
ਪਿਛਲੇ ਸਾਲ ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿੱਚ ਦੌੜਾਂ ਦੇ ਅੰਬਾਰ ਲਾਉਣ ਵਾਲੇ ਭਾਰਤ ਦੇ ਧੁਨੰਤਰ ਬੱਲੇਬਾਜ਼ ਵਿਰਾਨ ਕੋਹਲੀ ਨੂੰ ਵਿਜ਼ਡਨ ਕ੍ਰਿਕਟਰਜ਼ ਅਲਮਾਨੈਕ ਨੇ ਸਾਲ 2016 ਦਾ ਵਿਸ਼ਵ ਦਾ ਸਰਵੋਤਮ ਕ੍ਰਿਕਟਰ ਚੁਣਿਆ ਹੈ। ਉਹ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਤੋਂ ਬਾਅਦ ਇਸ ਖ਼ਿਤਾਬ ਨੂੰ ਹਾਸਲ ਕਰਨ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੂੰ ਇਸ ਸਾਲ ਪ੍ਰਕਾਸ਼ਤ ਹੋਈ ਵਿਜ਼ਡਨ ਕ੍ਰਿਕਟਰਜ਼ ਅਲਮਾਨੈਕ ਨੇ ਆਪਣੇ 2017 ਦੇ ਸੰਸਕਰਣ ਵਿੱਚ ਮੁੱਖ ਪੰਨੇ ਉੱਤੇ ਥਾਂ ਦਿੱਤੀ ਹੈ। ਇਸ ਉੱਤੇ ਉਸ ਨੂੰ ਇੱਕ ਮੈਚ ਵਿੱਚ ਰਿਵਰਸ ਸਵੀਪ ਕਰਦਿਆਂ ਦਿਖਾਇਆ ਗਿਆ ਹੈ।
ਭਾਰਤੀ ਟੈਸਟ ਟੀਮ ਦੇ ਕਪਤਾਨ ਨੇ ਪਿਛਲੇ ਸਾਲ ਕ੍ਰਿਕਟ ਦੇ ਤਿੰਨਾਂ ਸਰੂਪਾਂ ਵਿੱਚ ਹੀ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਕੁਲ ਮਿਲਾਕੇ 2595 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਸੱਤ ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ। ਉਸਨੇ 12 ਟੈਸਟ ਮੈਚਾਂ ਵਿੱਚ ਚਾਰ ਸੈਂਕੜਿਆਂ ਦੀ ਮੱਦਦ ਨਾਲ 1215 ਦੌੜਾਂ, ਦਸ ਇੱਕ ਰੋਜ਼ਾ ਵਿੱਚ ਤਿੰਨ ਸੈਂਕੜਿਆਂ ਦੀ ਮੱਦਦ ਨਾਲ 739 ਦੌੜਾਂ 15 ਟਵੰਟੀ 20 ਮੈਚਾਂ ਵਿੱਚ 641 ਦੌੜਾਂ ਬਣਾਈਆਂ।
ਵਿਜ਼ਡਨ ਦੇ ਸੰਪਾਦਕ ਲਾਰੈਂਸ ਬੂਥ ਨੇ ਕੋਹਲੀ ਦੀ ਤਾਰੀਫ ਕਰਦਿਆਂ ਲਿਖਿਆ ਹੈ ਕਿ ਕੋਹਲੀ ਦੇ ਲਈ 2016 ਦਾ ਸਾਲ ਸ਼ਾਨਦਾਰ ਰਿਹਾ ਹੈ। ਉੁਸ ਨੇ ਲਿਖਿਆ ਹੈ ਕਿ ਕੋਹਲੀ ਦੀ ਕਿਸੇ ਵੀ ਹੋਰ ਬੱਲੇਬਾਜ਼ ਦੇ ਮੁਕਾਬਲੇ ਬੇਹਤਰ ਔਸਤ ਰਹੀ। ਟੈਸਟ ਵਿੱਚ ਉਸ ਨੇ 75, ਇੱਕ ਰੋਜ਼ਾ ਅੰਤਰਰਾਸ਼ਟਰੀ ਵਿੱਚ ਉਸ ਨੇ 92 ਅਤੇ ਟਵੰਟੀ-ਟਵੰਟੀ ਵਿੱਚ ਉਸ ਨੇ 106 ਪ੍ਰਤੀ ਪਾਰੀ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।